ਹੁਕਮਨਾਮਾ ਬ੍ਰਾਡਕਾਸਟ ਵਿਵਾਦ : ਅਸੀਂ ਅਕਾਲ ਤਖ਼ਤ ਦਾ ਹਰ ਫੈਸਲਾ ਪ੍ਰਵਾਨ ਕਰਾਂਗੇ - ਰਬਿੰਦਰ ਨਰਾਇਣ
ਨਵੀਂ ਦਿੱਲੀ , 14 ਜਨਵਰੀ , 2020 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਬਾਰੇ ਤਿੱਖੇ ਹੋਏ ਵਿਵਾਦ ਮਾਮਲੇ ਵਿਚ ਅਕਾਲ ਤਖ਼ਤ ਦੇ ਦਖਲ ਨੇ ਇੱਕ ਨਵਾਂ ਰੁੱਖ ਅਖਤਿਆਰ ਕਰ ਲਿਆ ਹੈ .ਆਪਣੇ ਪਹਿਲਾਂ ਜਾਰੀ ਕੀਤੇ ਸਪਸ਼ਟੀਕਰਨ ਵਿਚ ਹੋਰ ਵਾਧਾ ਕਦੇ ਹੋਏ ਪੀ ਟੀ ਸੀ ਮੈਨੇਜਮੈਂਟ ਨੇ ਹੁਣ ਇਹ ਵੀ ਐਲਾਨ ਕੀਤਾ ਹੈ ਕਿ ਇਹ ਆਪਣਾ ਸੜਾ ਪੱਖ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਅੱਗੇ ਰੱਖੇਗੀ . ਪੀ ਟੀ ਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਇਹ ਸਪਸ਼ਟ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਅਕਾਲ ਤਖ਼ਤ ਦੇ ਹਰ ਫ਼ੈਸਲੇ ਨੂੰ ਖੀਰੇ ਮੱਥੇ ਪ੍ਰਵਾਨ ਕਰਨਗੇ .
ਰਬਿੰਦਰ ਨਰਾਇਣ ਵੱਲੋਂ ਜਾਰੀ ਕੀਤੇ ਲੰਮੇ ਬਿਆਨ ਦਾ ਮੂਲ -ਪਾਠ ਇਸ ਤਰ੍ਹਾਂ ਹੈ :
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਮੈਂ ਅਤੇ ਮੇਰੀ ਟੀਮ ਪਿਛਲੇ 22 ਸਾਲ ਤੋਂ ਗੁਰੂ ਪ੍ਰੇਮ ਵਿਚ ਓਤ ਪੋਤ ਹੋ ਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਤੋਂ ਪਾਵਨ ਗੁਰਬਾਣੀ ਅਤੇ ਉਥੋਂ ਜਾਰੀ ਪਾਵਨ ਹੁਕਮਨਾਮੇ ਨੂੰ ਗੁਰੂ ਰੂਪ ਸਿੱਖ ਸੰਗਤ ਤੱਕ ਪਹੁੰਚਾਉਣ ਦੀ ਸੇਵਾ ਨਿਭਾਉਣ ਵਿੱਚ ਗੁਰੂ ਦੀ ਅਸੀਸ ਦੇ ਪਾਤਰ ਰਹੇ ਹਾਂ। ਗੁਰੂ ਨੇ ਇਹ ਸੇਵਾ ਸਾਨੂੰ ਕੌਮ ਦੀਆਂ ਭਾਵਨਾਵਾਂ ਅਨੁਸਾਰ ਅਤੇ ਨਿਯਮਾਂ ਅਧੀਨ ਬਖਸ਼ੀ ਜਿਸ ਨੂੰ ਪੂਰੀ ਤਰਾਂ ਨਿਰਸਵਾਰਥ ਰਹਿ ਕੇ ਨਿਭਾਉਣਾ ਸਾਡਾ ਸੁਭਾਗ ਰਿਹਾ ਹੈ। ਇਸ ਲਈ ਅਸੀਂ ਗੁਰੂ ਮਹਾਰਾਜ ਦਾ ਅਤੇ ਸਿੱਖ ਸੰਗਤਾਂ ਦਾ ਜਿੰਨਾ ਵੀ ਧੰਨਵਾਦ ਕਰੀਏ, ਉਹ ਘੱਟ ਹੈ ।ਪਰ ਜਿੱਥੇ ਅਸੀਂ ਸ਼ਰਧਾ ਦੀ ਭਾਵਨਾ 'ਚ ਲੀਨ ਹੋ ਕੇ ਸੇਵਾ ਨਿਭਾਉਣ ਦੀ ਅਸੀਸ ਗੁਰੂ ਤੋਂ ਹਾਸਿਲ ਕਰ ਰਹੇ ਹਾਂ, ਠੀਕ ਉਸੇ ਵਕਤ ਕੁਝ ਹੋਰ ਵਿਅਕਤੀ ਤੇ ਸੰਸਥਾਵਾਂ ਗੁਰਮਰਿਆਦਾ ਦੇ ਐਨ ਉਲਟ ਜਾ ਕੇ ਪਵਿੱਤਰ ਹੁਕਮਨਾਮੇ ਦਾ ਵਪਾਰੀ-ਕਰਨ ਕਰਕੇ ਇਸ ਦੀ ਆੜ ਹੇਠ ਅਤਿਅੰਤ ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ ਵੇਚਣ ਦੀਆਂ ਸਾਜ਼ਿਸ਼ਾਂ ਕਰਦੇ ਰਹੇ ਹਨ। ਜਿਸ ਸਮੱਗਰੀ ਨੂੰ ਉਹ ਪਾਵਨ ਪਵਿੱਤਰ ਗੁਰਬਾਣੀ ਦੀ ਆੜ ਹੇਠ ਵੇਚਣ ਵਿੱਚ ਲੀਨ ਹਨ, ਉਸ ਨੂੰ ਕੋਈ ਵੀ ਸ਼ਰਧਾਵਾਨ ਨਾਨਕ ਨਾਮ ਲੇਵਾ ਸਿੱਖ ਆਪਣੇ ਪਰਿਵਾਰ ਵਿਚ ਬੈਠ ਕੇ ਨਹੀਂ ਦੇਖ ਸਕਦਾ।
ਅਸੀਂ ਇਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਗੁਰਬਾਣੀ ਇਲਾਹੀ ਦਾਤ ਹੈ ਅਤੇ ਇਸ ਉੱਤੇ ਕਿਸੇ ਦਾ ਵੀ ਬੌਧਿਕ ਏਕਾ-ਅਧਿਕਾਰ ਨਹੀਂ ਹੋ ਸਕਦਾ । ਪਰ ਸਿੱਖ ਸੰਗਤਾਂ ਕਦੇ ਇਹ ਵੀ ਮਨਜ਼ੂਰ ਨਹੀਂ ਕਰ ਸਕਦੀਆਂ ਕਿ ਕੋਈ ਵਿਅਕਤੀ, ਅਦਾਰਾ ਜਾਂ ਜਥੇਬੰਦੀ ਇਤਰਾਜ਼ਯੋਗ, ਕੋਝੀ ਤੇ ਅਸ਼ਲੀਲ ਸਮੱਗਰੀ ਵੇਚ ਕੇ ਨਜਾਇਜ਼ ਸਰਮਾਇਆ ਕਮਾਉਣ ਲਈ ਜੁੱਗੋ-ਜੁੱਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਗੁਰਬਾਣੀ ਦਾ ਦੁਰਉਪਯੋਗ ਕਰੇ, ਸਾਡਾ ਇਤਰਾਜ਼ ਸਿਰਫ ਇੰਨਾ ਸੀ।ਅਸੀਂ ਸਪਸ਼ਟ ਹਾਂ ਤੇ ਸੰਗਤਾਂ ਨੂੰ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਲਾਹੀ ਬਾਣੀ ਦਾ ਬੌਧਿਕ ਇਜਾਰਾ ਕਿਸੇ ਕੋਲ ਨਾ ਹੈ ਤੇ ਨਾ ਹੋ ਸਕਦਾ ਹੈ। ਕਾਨੂੰਨ ਅਤੇ ਫੇਸਬੁੱਕ ਦੀ ਤਕਨੀਕੀ ਭਾਸ਼ਾ 'ਚ ਜਿਸ ਨੂੰ ਕਾਪੀਰਾਈਟ ਕਿਹਾ ਜਾਂਦਾ ਹੈ, ਉਸ ਨੂੰ ਜਾਣ- ਬੁਝ ਕੇ ਬੌਧਿਕ ਇਜਾਰੇ ਦਾ ਨਾਮ ਦੇਣਾ ਠੀਕ ਨਹੀਂ। ਇਹ ਫੇਸਬੁੱਕ ਦੀ ਟੈੱਕਨੀਕਲ ਭਾਸ਼ਾ ਹੈ ਜੋ ਕਿ ਹਰ ਕਾਪੀਰਾਈਟ 'ਤੇ ਉਨ੍ਹਾਂ ਵਲੋਂ ਪਾਈ ਜਾਂਦੀ ਹੈ।
ਇਸ ਬੇਲੋੜੇ ਤੇ ਕੋਝੇ ਵਿਵਾਦ ਨੂੰ ਖਤਮ ਕਰਨਾ ਅਸੀਂ ਸਿੱਖ ਕੌਮ ਪ੍ਰਤੀ ਆਪਣਾ ਇਖਲਾਕੀ ਫਰਜ਼ ਸਮਝਦੇ ਹਾਂ, ਇਸ ਲਈ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਾਵਨ ਹੁਕਮਨਾਮੇ ਨੂੰ ਕੋਈ ਵੀ ਆਪਣੇ-ਆਪਣੇ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾਵੇ, ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ, ਤੇ ਨਾ ਹੋਵੇਗਾ। ਅਜਿਹਾ ਕਰਨ ਲੱਗਿਆਂ ਗੁਰਮਰਿਆਦਾ ਦੀ ਉਲੰਘਣਾ ਕਰਨ ਜਾਂ ਗੁਰਬਾਣੀ ਦਾ ਨਿਰਾਦਰ ਕਰਨ ਦਾ ਮਸਲਾ ਅਸੀਂ ਸੰਗਤਾਂ ਉੱਤੇ, ਸੰਗਤਾਂ ਵੱਲੋਂ ਚੁਣੀ ਹੋਈ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਅਤੇ ਜੁੱਗੋ-ਜੁੱਗ ਅਟਲ ਸ੍ਰੀ ਅਕਾਲ ਤਖਤ ਸਾਹਿਬ ਦੇ ਪਰਮ ਸਤਿਕਾਰਯੋਗ ਜਥੇਦਾਰ ਸਾਹਿਬ ਉੱਤੇ ਛੱਡਦੇ ਹਾਂ।
ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਰੀ ਸਥਿਤੀ ਸਪਸ਼ਟ ਕਰ ਰਹੇ ਹਾਂ। ਇਸਤੋਂ ਇਲਾਵਾ ਹੁਣ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫੈਸਲਾ ਹੋਵੇਗਾ ਉਹ ਸਾਨੂੰ ਪ੍ਰਵਾਣਿਤ ਹੋਵੇਗਾ। ਸਿੱਖ ਕੌਮ 'ਚ ਪਹਿਲਾਂ ਹੀ ਦਰਪੇਸ਼ ਮੁਸ਼ਕਿਲਾਂ ਤੇ ਔਕੜਾਂ ਹਨ, ਅਸੀਂ ਨਹੀਂ ਚਾਹੁੰਦੇ ਕਿ ਇਸ ਬੇਲੋੜੇ ਵਿਵਾਦ ਨੂੰ ਹੋਰ ਅੱਗੇ ਵਧਾਇਆ ਜਾਵੇ, ਇਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ। ਸੰਗਤਾਂ ਦੇ ਧਿਆਨ 'ਚ ਇੱਕ ਹੋਰ ਗੱਲ ਲੈਕੇ ਆਉਣਾ ਚਾਹੁੰਦੇ ਹਨ ਕਿ 'ਗੁ. ਸ੍ਰੀ ਹੇਮਕੁੰਟ ਸਾਹਿਬ' ਦੀ ਗੁਰਬਾਣੀ ਟੈਲੀਕਾਸਟ ਲਈ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਿਜੀ ਟੀਵੀ ਚੈੱਨਲ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਸਨ ਠੀਕ ਉਸੇ ਤਰ੍ਹਾਂ 'ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ' ਵਲੋਂ ਦੋ ਨਿਜੀ ਚੈੱਨਲਾਂ ਨੂੰ 'ਗੁ. ਬੰਗਲਾ ਸਾਹਿਬ' ਦੀ ਗੁਰਬਾਣੀ ਟੈਲੀਕਾਸਟ ਲਈ ਵੀ ਮਾਇਆ ਦਿੱਤੀ ਗਈ। ਅਸੀਂ ਨਾ ਸਿਰਫ਼ ਉਸ ਸੇਵਾ ਨੂੰ ਭੇਟਾ ਰਹਿਤ ਨਿਭਾ ਰਹੇ ਹਾਂ ਬਲਕਿ ਬਣਦੀ ਸੇਵਾ ਵੀ ਗੁਰਦੁਆਰਾ ਕਮੇਟੀ ਨੂੰ ਦਿੰਦੇ ਹਾਂ। ਹੁਣ ਤੱਕ ਅਸੀਂ ਐਸ.ਜੀ.ਪੀ.ਸੀ. ਨੂੰ ਸਾਲ 2012-13 ਤੋਂ 10 ਕਰੋੜ ਤੋਂ ਵੱਧ ਦੀ ਅਦਾਇਗੀ ਕਰ ਚੁੱਕੇ ਹਾਂ।
ਇਸ ਤੋਂ ਇਲਾਵਾ ਜੇ ਕਿਸੇ ਦੇ ਮਨ 'ਚ ਕੋਈ ਸ਼ੰਕਾ ਹੈ ਜਾਂ ਕੋਈ ਵਿਚਾਰ ਸਾਡੇ ਨਾਲ ਕਰਨਾ ਚਾਹੁੰਦਾ ਹੈ ਤਾਂ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ
ਵਲੋਂ: ਰਬਿੰਦਰ ਨਰਾਇਣ
ਐੱਮ.ਡੀ ਅਤੇ ਪ੍ਰੈਜ਼ੀਡੈਂਟ ਪੀਟੀਸੀ ਨੈੱਟਵਰਕ