Bhagwant Mann ਨੇ ਸਰਕਾਰੀ ਇਮਾਰਤਾਂ ਦੀ ਉਸਾਰੀ ਬਾਰੇ ਕੀਤਾ ਅਹਿਮ ਐਲਾਨ (ਵੀਡੀਓ ਵੀ ਦੇਖੋ)
ਚੰਡੀਗੜ੍ਹ, 27 ਨਵੰਬਰ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: Bhagwant Mann ਨੇ ਸਰਕਾਰੀ ਇਮਾਰਤਾਂ ਦੀ ਉਸਾਰੀ ਬਾਰੇ ਕੀਤਾ ਅਹਿਮ ਐਲਾਨ
ਮੁੱਖ ਮੰਤਰੀ ਮਾਨ ਵੱਲੋਂ ਸੂਬੇ ਵਿੱਚ ਸਬ-ਡਵੀਜ਼ਨਲ, ਤਹਿਸੀਲ ਅਤੇ ਸਬ-ਤਹਿਸੀਲ ਕੰਪਲੈਕਸਾਂ ਦੇ ਨਿਰਮਾਣ ਨੂੰ ਹਰੀ ਝੰਡੀ
- 80 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ 17 ਅਤਿ-ਆਧੁਨਿਕ ਇਮਾਰਤਾਂ
- ਰੋਜ਼ਮਰ੍ਹਾ ਦੇ ਪ੍ਰਸ਼ਾਸਕੀ ਕੰਮ ਕਰਵਾਉਣ ਆਉਂਦੇ ਆਮ ਲੋਕਾਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਲਿਆ ਫੈਸਲਾ
ਚੰਡੀਗੜ੍ਹ, 27 ਨਵੰਬਰ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਪ੍ਰਸ਼ਾਸਕੀ ਕੰਮ ਨੇਪਰੇ ਚਾੜ੍ਹਨ ਵਿੱਚ ਸਹੂਲਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਅੱਜ ਸੂਬਾ ਭਰ ਵਿੱਚ ਸਬ-ਡਵੀਜ਼ਨਲ, ਤਹਿਸੀਲ ਅਤੇ ਸਬ-ਤਹਿਸੀਲ ਕੰਪਲੈਕਸਾਂ ਲਈ 80 ਕਰੋੜ ਰੁਪਏ ਦੀ ਲਾਗਤ ਨਾਲ 17 ਅਤਿ-ਆਧੁਨਿਕ ਇਮਾਰਤਾਂ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧ ਵਿੱਚ ਪ੍ਰਵਾਨਗੀ ਦੇਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ''ਇਹ ਕਦਮ ਲੋਕਾਂ ਦੇ ਟੈਕਸ ਦੇ ਪੈਸੇ ਦੀ ਉਨ੍ਹਾਂ ਦੀ ਭਲਾਈ ਲਈ ਨਿਆਂਪੂਰਨ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਮੇਰੀ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ।"
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਭਰ ਵਿੱਚ ਹਜ਼ਾਰਾਂ ਲੋਕ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਲਈ ਉਪ ਮੰਡਲ, ਤਹਿਸੀਲ ਅਤੇ ਸਬ-ਤਹਿਸੀਲ ਪੱਧਰ ਦੇ ਦਫ਼ਤਰਾਂ ਵਿੱਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਬਿਹਤਰ ਕੰਮ ਕਰਨ ਦੀ ਥਾਂ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਆਧੁਨਿਕ ਲੀਹਾਂ 'ਤੇ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ 80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਮਾਰਤਾਂ ਵਿੱਚੋਂ ਦਿੜ੍ਹਬਾ ਵਿਖੇ ਸਬ-ਡਵੀਜ਼ਨ ਕੰਪਲੈਕਸ ਦੀ ਉਸਾਰੀ 'ਤੇ 16.06 ਕਰੋੜ ਰੁਪਏ, ਚੀਮਾ ਵਿਖੇ ਸਬ-ਤਹਿਸੀਲ ਕੰਪਲੈਕਸ 'ਤੇ 4.46 ਕਰੋੜ ਰੁਪਏ, ਬਾਲਿਆਂਵਾਲੀ ਵਿਖੇ ਸਬ-ਤਹਿਸੀਲ ਕੰਪਲੈਕਸ 'ਤੇ 1.42 ਕਰੋੜ ਰੁਪਏ, ਗੋਨਿਆਣਾ ਮੰਡੀ ਵਿਖੇ ਸਬ-ਤਹਿਸੀਲ ਕੰਪਲੈਕਸ 'ਤੇ 1.04 ਕਰੋੜ ਰੁਪਏ ਖਰਚ ਕੀਤੇ ਜਾਣਗੇ। ਏਸੇ ਤਰ੍ਹਾਂ ਸਬ-ਤਹਿਸੀਲ ਕੰਪਲੈਕਸ ਨਥਾਣਾ 'ਤੇ 1.47 ਕਰੋੜ ਰੁਪਏ, ਸਬ-ਤਹਿਸੀਲ ਕੰਪਲੈਕਸ ਦਸੂਹਾ 'ਤੇ 4.49 ਕਰੋੜ ਰੁਪਏ, ਸਬ-ਤਹਿਸੀਲ ਕੰਪਲੈਕਸ ਕਲਾਨੌਰ 'ਤੇ 6.49 ਕਰੋੜ ਰੁਪਏ, ਨਵੇਂ ਪ੍ਰਬੰਧਕੀ ਕੰਪਲੈਕਸ ਸੁਲਤਾਨਪੁਰ ਲੋਧੀ 'ਤੇ 5.80 ਕਰੋੜ ਰੁਪਏ, ਫਗਵਾੜਾ ਵਿਖੇ ਪ੍ਰਸ਼ਾਸਨਿਕ ਕੰਪਲੈਕਸ ਵਿਖੇ 3.96 ਕਰੋੜ ਰੁਪਏ, ਅਹਿਮਦਗੜ੍ਹ ਵਿਖੇ ਤਹਿਸੀਲ ਕੰਪਲੈਕਸ 'ਤੇ 5.95 ਕਰੋੜ ਰੁਪਏ, ਅਮਰਗੜ੍ਹ ਵਿਖੇ ਤਹਿਸੀਲ ਕੰਪਲੈਕਸ 'ਤੇ 6.69 ਕਰੋੜ ਰੁਪਏ, ਬੱਸੀ ਪਠਾਣਾ ਵਿਖੇ ਪ੍ਰਬੰਧਕੀ ਕੰਪਲੈਕਸ 'ਤੇ 8.61 ਕਰੋੜ, ਅਬੋਹਰ ਵਿਖੇ ਸਬ ਡਵੀਜ਼ਨ/ਤਹਿਸੀਲ ਕੰਪਲੈਕਸ 'ਤੇ 3.50 ਕਰੋੜ ਰੁਪਏ, ਬਨੂੜ ਵਿਖੇ ਸਬ ਤਹਿਸੀਲ ਕੰਪਲੈਕਸ 'ਤੇ 3.05 ਕਰੋੜ ਰੁਪਏ, ਸਬ ਤਹਿਸੀਲ ਕੰਪਲੈਕਸ ਮਾਜਰੀ 'ਤੇ 0.5 ਕਰੋੜ ਰੁਪਏ, ਸਬ ਤਹਿਸੀਲ ਕੰਪਲੈਕਸ ਜ਼ੀਰਕਪੁਰ 'ਤੇ 0.5 ਕਰੋੜ ਰੁਪਏ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਸਬ ਤਹਿਸੀਲ ਕੰਪਲੈਕਸ 'ਤੇ 5.14 ਕਰੋੜ ਰੁਪਏ ਖਰਚੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੰਪਲੈਕਸਾਂ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ ਅਤੇ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।