Bhinda Aujla ਦੀ ਆ ਰਹੀ ਨਵੀਂ ਫ਼ਿਲਮ "Alzheimer", ਕੀ ਖ਼ਾਸ ਹੈ ਇਸ ਫ਼ਿਲਮ 'ਚ, ਸੁਣੋ ? (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 21 ਅਗਸਤ 2024 - ਚੰਡੀਗੜ੍ਹ ਪ੍ਰੈੱਸ ਕਲੱਬ ਵਿੱਖੇ ਨਿਰਦੇਸ਼ਕ ਅਤੇ ਹੀਰੋ ਭਿੰਦਾ ਔਜਲਾ, ਨਿਰਮਾਤਾ ਧਰਮਵੀਰ ਥਾਂਦੀ, ਰਾਜਾ ਬੁੱਕਣਵਾਲਾ, ਸਤਵਿੰਦਰ ਖੇਲਾ ਅਤੇ ਗੁੱਲੂ ਬਰਾੜ ਅਤੇ ਲੇਖਕ ਸਪਿੰਦਰ ਸਿੰਘ ਸ਼ੇਰਗਿੱਲ, ਰੋਮੀ ਰੰਜਨ ਅਤੇ ਫਿਲਮ ਹੀਰੋਇਨ ਹਰਮਨ ਭੁੱਲਰ ਦੀ ਹਾਜ਼ਰੀ ਵਿੱਚ ਪੰਜਾਬੀ ਫ਼ਿਲਮ ‘ਅਲਜ਼ਾਈਮਰ’ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬੀ ਫਿਲਮ 'ਅਲਜ਼ਾਈਮਰ' ਅੱਜ 22 ਅਗਸਤ 2024 ਨੂੰ ਚੌਪਾਲ 'ਤੇ ਰਿਲੀਜ਼ ਹੋ ਗਈ ਹੈ।
ਪੰਜਾਬੀ ਫ਼ਿਲਮ 'ਅਲਜ਼ਾਈਮਰ' ਦੇ ਰਿਲੀਜ਼ ਹੋਣ ਦਾ ਐਲਾਨ ਕਰਦਿਆਂ ਭਿੰਦਾ ਔਜਲਾ ਪ੍ਰੋਡਕਸ਼ਨ ਨੇ ਕਿਹਾ ਕਿ, "ਇਹ ਫ਼ਿਲਮ 'ਅਲਜ਼ਾਈਮਰ' ਨਾਂ ਦੀ ਬਿਮਾਰੀ 'ਤੇ ਆਧਾਰਿਤ ਹੈ। ਫ਼ਿਲਮ 'ਚ ਹੀਰੋ ਦੀ ਅਤੀਤ ਅਤੇ ਵਰਤਮਾਨ ਸਥਿਤੀ ਦੋਵਾਂ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਹੀਰੋ ਅਪਣੇ ਅਤੀਤ 'ਚ ਦਰਸ਼ਕਾਂ ਨੂੰ ਆਪਣੀ ਪ੍ਰੇਮ ਕਹਾਣੀ ਨਾਲ ਰੋਮਾਂਸ ਕਰਦੇ ਹੋਏ ਦਿਖਾਈ ਦਿੰਦੇ ਹਨ, ਜਦੋਂ ਕਿ 'ਅਲਜ਼ਾਈਮਰ' ਤੋਂ ਪੀੜਤ ਹੋਣ ਤੋਂ ਬਾਅਦ ਹੀਰੋ ਦੇ ਪਰਿਵਾਰ ਅਤੇ ਉਸਦੇ ਮਾਤਾ-ਪਿਤਾ ਦੇ ਸੁਪਨੇ ਕਿਵੇਂ ਚਕਨਾਚੂਰ ਹੋ ਜਾਂਦੇ ਹਨ, ਇਹ ਫਿਲਮ ਦੇ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ। ਹੀਰੋ ਵਿਦੇਸ਼ਾਂ 'ਚ ਇੱਕ ਕਾਰ ਗੈਰਾਜ ਵਿੱਚ ਕੰਮ ਕਰਦੇ ਹੋਏ ਦਿਖਾਇਆ ਗਿਆ ਹੈ। ਫਿਲਮ ਦਾ ਹੀਰੋ 'ਅਲਜ਼ਾਈਮਰ' ਦੀ ਬੀਮਾਰੀ ਤੋਂ ਪੀੜਤ ਹੈ, ਜਿਸ ਬਾਰੇ ਉਹ ਅਤੇ ਉਸ ਦੇ ਸਾਥੀਆਂ ਨੂੰ ਵੀ ਪਤਾ ਨਹੀਂ ਲੱਗਦਾ ਹੈ। ਘਰ ਦੀਆਂ ਚਾਬੀਆਂ ਆਦਿ ਅਤੇ ਹੌਲੀ-ਹੌਲੀ ਇਹ ਬਿਮਾਰੀ ਹੀਰੋ ਦੇ ਦਿਮਾਗ਼ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਂਦੀ ਹੈ ਅਤੇ ਉਸ ਦੇ ਦਿਮਾਗ਼ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਹੋ ਜਾਂਦਾ ਹੈ, ਜਿਸ ਤੋਂ ਬਾਅਦ ਹੀਰੋ ਇੱਕ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ।''
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
https://www.facebook.com/BabushahiDotCom/videos/8239707446087482
ਪੰਜਾਬੀ ਫ਼ਿਲਮ 'ਅਲਜ਼ਾਈਮਰ' ਦੇ ਨਿਰਮਾਤਾ ਧਰਮਵੀਰ ਥਾਂਦੀ ਨੇ ਕਿਹਾ ਕਿ, ''ਡਿਮੈਂਸ਼ੀਆ ਦੀ ਸਭ ਤੋਂ ਆਮ ਕਿਸਮ 'ਅਲਜ਼ਾਈਮਰ' ਹੈ। ਇਹ ਬਿਮਾਰੀ ਯਾਦਦਾਸ਼ਤ ਦੇ ਨੁਕਸਾਨ ਨਾਲ ਸ਼ੁਰੂ ਹੋ ਸਕਦੀ ਹੈ ਅਤੇ ਉਮਰ ਭਰ ਦੀਆਂ ਸਮੱਸਿਆਵਾਂ ਦਾ ਕਾਰਣ ਬਣ ਸਕਦੀ ਹੈ। 'ਅਲਜ਼ਾਈਮਰ' ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਸਾਡਾ ਵਿਸ਼ਵ ਪੱਧਰ 'ਤੇ ਯਤਨ ਹੈ। ਫਿਲਮ ਵਿੱਚ ਉਮਰ ਦੇ ਨਾਲ ਚੀਜ਼ਾਂ ਨੂੰ ਯਾਦ ਨਾ ਰੱਖਣ, ਗੱਲਬਾਤ ਵਿੱਚ ਮੁਸ਼ਕਲ ਅਤੇ ਇਸ ਬਿਮਾਰੀ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੁਸ਼ਕਲ ਨੂੰ ਦਰਸਾਇਆ ਗਿਆ ਹੈ। ਫਿਲਮ 'ਚ ਇਸ ਬੀਮਾਰੀ ਕਾਰਨ ਹੀਰੋ ਦੇ ਦਿਮਾਗ ਦਾ ਹਿੱਸਾ ਲਗਭਗ ਮਰ ਜਾਂਦਾ ਹੈ। ਆਮ ਤੌਰ 'ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਇਸ ਸਮੱਸਿਆ ਦਾ ਖਤਰਾ ਜ਼ਿਆਦਾ ਦੇਖਿਆ ਜਾਂਦਾ ਹੈ ਤਾਂ ਇਸ ਤੋਂ ਬਚਣ ਲਈ ਜਾਂ ਸਹੀ ਇਲਾਜ ਕਰਵਾਉਣ ਲਈ 'ਅਲਜ਼ਾਈਮਰ' ਦੇ ਲੱਛਣਾਂ ਨੂੰ ਵਿਸਥਾਰ ਨਾਲ ਜਾਣਨ ਦੀ ਜ਼ਰੂਰਤ ਹੁੰਦੀ ਹੈ। ਇਸ ਫਿਲਮ ਰਾਹੀਂ ਅਸੀਂ ਲੋਕਾਂ ਨੂੰ ਅਲਜ਼ਾਈਮਰ ਰੋਗ ਬਾਰੇ ਜਾਗਰੂਕ ਕਰ ਰਹੇ ਹਾਂ ਅਤੇ ਇਸ ਦਿਮਾਗੀ ਸਮੱਸਿਆ ਨੂੰ ਵਧਣ ਤੋਂ ਰੋਕ ਰਹੇ ਹਾਂ।