ਇਹ ਵੀ ਧੱਕਾ ਹੈ -63 ਵਰ੍ਹਿਆਂ ਦੀ ਉਮਰ ਹੰਢਾ ਕੇ ਭਨੋਹੜ ਰੇਲਵੇ ਸਟੇਸ਼ਨ ਹੋਇਆ ਬੰਦ-ਖੁਦ ਖਰਚਾ ਕਰਕੇ ਬਣਾਈ ਸੀ ਲੋਕਾਂ ਨੇ
ਭਨੋਹੜਾਂ ਦੇ ਟੇਸ਼ਨ 'ਤੇ ਗੱਡੀਆਂ ਹੁਣ ਰੁਕਣੀਆਂ ਨਹੀਂ
ਪਿੰਡ ਵਾਸੀਆਂ ਨੇ ਪੱਲਿਓਂ ਖ਼ਰਚਾ ਕਰਕੇ ਉਸਾਰਿਆ ਸੀ ਸਟੇਸ਼ਨ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ , 1 ਅਪ੍ਰੈਲ 2022, ਲੁਧਿਆਣਾ-ਫ਼ਿਰੋਜ਼ਪੁਰ ਰੇਲ ਲਾਈਨ ਤੇ ਲੁਧਿਆਣਾ ਤੋਂ 17 ਕਿਲੋਮੀਟਰ ਦੀ ਦੂਰੀ ਤੇ ਬੀਤੇ 63 ਸਾਲਾਂ ਤੋਂ ਚਲ ਰਿਹਾ ਇੱਕ ਦਿਹਾਤੀ ਰੇਲਵੇ ਸਟੇਸ਼ਨ ਭਨੋਹੜ ਪੰਜਾਬ ਅੱਜ ਤੋਂ ਬੰਦ ਹੋ ਗਿਆ। ਕੱਲ ਰਾਤ ਸਵਾ 9 ਵਜੇ ਇੱਥੇ ਆਖ਼ਰੀ ਰੇਲ ਗੱਡੀ ਰੁਕੀ। ਬੰਦ ਹੋਣ ਦਾ ਕਾਰਨ ਟਿਕਟਾਂ ਦੀ ਥੋੜੀ ਵਿਕਰੀ ਦੱਸਿਆ ਗਿਆ ਹੈ।
ਇੱਥੇ ਜ਼ਿਕਰ ਲਾਇਕ ਹੈ ਕਿ ਪਿੰਡ ਵਾਲਿਆਂ ਨੇ ਬਹੁਤ ਉੱਦਮ ਕਰਕੇ ਇਹ ਸਟੇਸ਼ਨ ਮਨਜ਼ੂਰ ਕਰਵਾਇਆ ਸੀ ਤੇ ਉਸਾਰੀ ਦਾ ਸਾਰਾ ਖ਼ਰਚਾ ਨਗਰ ਨਿਵਾਸੀਆਂ ਨੇ ਖ਼ੁਦ ਕੀਤਾ ਸੀ। 8 ਦਸੰਬਰ 1958 ਨੂੰ ਇੱਥੇ ਪਹਿਲੀ ਰੇਲ ਗੱਡੀ ਰੁਕੀ ਸੀ।
ਇਹ ਸਟੇਸ਼ਨ ਬੰਦ ਹੋਣ ਦੇ ਹੁਕਮ ਬੀਤੀ 29 ਮਾਰਚ ਨੂੰ ਹੀ ਜਾਰੀ ਹੋਏ।ਰੇਲਵੇ ਦੇ ਬੜੋਦਾ ਹਾਊਸ ਵਾਲੇ ਹੈਡਕੁਆਟਰ ਤੋਂ ਜਾਰੀ ਹੁਕਮਾਂ ਚ ਲਿਖਿਆ ਗਿਆ ਹੈ ਕਿ ਇਸ ਸਟੇਸ਼ਨ ਤੇ 31 ਮਾਰਚ ਤੋਂ ਬਾਅਦ ਕੋਈ ਰੇਲ ਗੱਡੀ ਨਹੀਂ ਰੁਕੇਗੀ।ਸਟੇਸ਼ਨ ਅਚਾਨਕ ਬੰਦ ਕਰਨ ਦੇ ਹੁਕਮਾਂ ਤੇ ਪਿੰਡ ਵਾਸੀਆਂ ਨੇ ਡਾਢਾ ਰੋਸ ਜਾਹਿਰ ਕੀਤਾ।
ਭਨੋਹੜ ਪਾਣੀ ਵਾਲੀ ਟੈਂਕੀ ਕੋਲ ਜੁੜੀ ਸੱਥ ਚ ਬੈਠੇ ਸਾਬਕਾ ਸਰਪੰਚ ਰਮਿੰਦਰ ਸਿੰਘ, ਕਿਰਪਾਲ ਸਿੰਘ, ਕੁਲਦੀਪ ਸਿੰਘ,ਅਵਤਾਰ ਸਿੰਘ ਅਤੇ ਸੱਜਣ ਸਿੰਘ ਨੇ ਕਿਹਾ ਕਿ ਸਾਰੇ ਨਗਰ ਦੇ ਵਡਾਰੂਆਂ ਨੇ ਇਹ ਸਟੇਸ਼ਨ ਬਹੁਤ ਮੇਹਨਤ ਨਾਲ ਬਣਾਇਆ ਹੈ ਜਿਸ ਕਰ ਕੇ ਸਾਡੀ ਇਸ ਨਾਲ ਜਜ਼ਬਾਤੀ ਸਾਂਝ ਹੈ।
ਸਰਕਾਰ ਚਾਹੀਦਾ ਸੀ ਕਿ ੳਹ ਪਹਿਲਾਂ ਇਸ ਬਾਰੇ ਸਾਨੂੰ ਨੋਟਿਸ ਦੇ ਕੇ ਜਾਣੂ ਕਰਾਉਂਦੇ ,ਅਗਰ ਘੱਟ ਆਮਦਨ ਵਾਲੀ ਵਜਾਹ ਸੀ ਤਾਂ ਅਸੀਂ ਉਹਦਾ ਹੱਲ ਕਰਦੇ। ਹੋਰ ਨਹੀਂ ਤਾਂ ਅਸੀਂ ਆਪਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਦਿਖਾਉਣ ਖ਼ਾਤਰ ਚਾਲੂ ਰੇਲਵੇ ਸਟੇਸ਼ਨ ਦੀ ਵੀਡੀਓ-ਗਰਾਫੀ ਹੀ ਕਰਕੇ ਰੱਖ ਲੈਦੇ।
ਉਹਨਾਂ ਹਲਕੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਹਲਕਾ ਐਮ ਐਲ ਏ ਮਨਪ੍ਰੀਤ ਸਿੰਘ ਇਆਲੀ ਨੂੰ ਬੇਨਤੀ ਕੀਤੀ ਹੈ ਕਿ ਉਹ ਰੇਲਵੇ ਸਟੇਸ਼ਨ ਨੂੰ ਮੁੜ ਚਾਲੂ ਕਰਾਉਣ ਦਾ ਮਾਮਲਾ ਰੇਲਵੇ ਮਹਿਕਮੇ ਕੋਲ ਚੁੱਕਣ। ਸਾਬਕਾ ਸਰਪੰਚ ਰਮਿੰਦਰ ਸਿੰਘ ਨੇ ਕਿਹਾ ਆਉਣ ਵਾਲੇ ਦਿਨਾ ਚ ਇਸ ਬਾਰੇ ਪਿੰਡ ਦਾ ਇਕੱਠ ਸੱਦਿਆ ਜਾਵੇਗਾ।