24 ਨਵੰਬਰ ਨੂੰ ਲੱਗਣਗੇ ਵੋਟਰ ਸੁਧਾਈ ਦੇ ਸਪੈਸ਼ਲ ਕੈਂਪ
ਕਿਹਾ,ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 22 ਨਵੰਬਰ 2024 -ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਮਿਤੀ 29.10.2024 ਤੋਂ 28.11.2024 ਤੱਕ ਵੋਟਰ ਸੂਚੀਆਂ ਦੀ ਸੁਧਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ੈਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵਲੋਂ (ਦਿਨ ਸ਼ਨੀਵਾਰ ), 24 ਨਵੰਬਰ ( ਦਿਨ ਐਤਵਾਰ ) ਨੂੰ ਆਪਣੇ- ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਉਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2025 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਭਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ।
ਵੋਟਰ ਸੂਚੀ ਵਿਚ ਸ਼ਾਮਲ ਨਾਮ ਬਾਰੇ ਇਤਰਾਜ ਜਾਂ ਵੋਟ ਕਟਵਾਉਣ/ਦਰੁਸਤੀ ਲਈ ਫਾਰਮ ਨੰਬਰ 7 ਭਰਿਆ ਜਾ ਸਕਦਾ ਹੈ ਜਦਕਿ ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਭਰ ਕੇ ਬੂਥ ਲੈਵਲ ਅਧਿਕਾਰੀ/ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਵੋਟਰ ਹੈਲਪਲਾਈਨ ਐਪ ਜਾਂ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਭਾਰਤ ਚੋਣ ਕਮਿਸ਼ਨ ਵਲੋਂ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵਰਗ ਦੇ ਬੱਚਿਆਂ, ਜਿਨ੍ਹਾਂ ਦੀ ਸਾਲ 2025 ਦੋਰਾਨ ਕਿਸੇ ਵੀ ਮਿਤੀ ਨੂੰ 18 ਸਾਲ ਦੀ ਉਮਰ ਪੂਰੀ ਹੋ ਜਾਵੇਗੀ , ਪਾਸੋਂ ਉਨ੍ਹਾਂ ਦੀ 18 ਸਾਲ ਉਮਰ ਪੂਰੀ ਹੋਣ ਦੀ ਮਿਤੀ ਤੇ ਬਤੌਰ ਵੋਟਰ ਰਜਿਸਟੇ੍ਸ਼ਨ ਕਰਨ ਸਬੰਧੀ ਐਡਵਾਂਸ ਤੋਰ ਤੇ ਫਾਰਮ ਨੰ: 6 ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਵੱਧ ਤੋਂ ਵੱਧ ਪ੍ਰਚਾਰ/ਪ੍ਰਸਾਰ ਕੀਤਾ ਜਾਵੇ।