ਬਰਨਾਲਾ, 22 ਸਤੰਬਰ 2018 - ਪੰਜਾਬ ਭਰ ’ਚ 19 ਸਤੰਬਰ ਨੂੰ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਜ਼ਿਲਾ ਬਰਨਾਲਾ ’ਚ 22 ਸਤੰਬਰ ਨੂੰ ਸਵੇਰੇ ਤਕਰੀਬਨ 07:30 ਵਜੇ ਸ਼ੁਰੂ ਹੋਇਆ ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਰਿਹਾ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਚੋਣਾਂ ਵਿੱਚ ਜ਼ਿਲੇ ਦੇ 1 ਲੱਖ 74 ਹਜ਼ਾਰ 485 ਵੋਟਰਾਂ ਵੱਲੋਂ ਵੋਟ ਪਾਉਣ ਦੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਗਿਆ ਜਿਸ ਵਿੱਚ 92 ਹਜ਼ਾਰ 324 ਮਰਦ ਅਤੇ 82 ਹਜ਼ਾਰ 161 ਔਰਤ ਵੋਟਰ ਸ਼ਾਮਲ ਹਨ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਐੱਸ.ਡੀ. ਕਾਲਜ ਬਰਨਾਲਾ ਵਿਖੇ ਪੰਚਾਇਤ ਸੰਮਤੀ ਬਰਨਾਲਾ ਦੀਆਂ ਕੁੱਲ 25 ਜ਼ੋਨਾਂ ਦੀ ਗਿਣਤੀ ਦੇ ਨਾਲ-ਨਾਲ ਜ਼ਿਲਾ ਪਰਿਸ਼ਦ ਬਰਨਾਲਾ ਦੇ 4 ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਐੱਸ.ਡੀ.ਐੱਮ. ਦਫ਼ਤਰ ਤਪਾ ਵਿਖੇ ਪੰਚਾਇਤ ਸੰਮਤੀ ਸ਼ਹਿਣਾ ਦੀਆਂ ਕੁੱਲ 20 ਜ਼ੋਨਾਂ ਦੇ ਨਾਲ-ਨਾਲ ਜ਼ਿਲਾ ਪਰਿਸ਼ਦ ਬਰਨਾਲਾ ਦੀਆਂ 3 ਜ਼ੋਨਾਂ ਅਤੇ ਮਾਲਵਾ ਕਾਲਜ ਆਫ ਨਰਸਿੰਗ ਮਹਿਲ ਕਲਾਂ ਵਿਖੇ ਪੰਚਾਇਤ ਸੰਮਤੀ ਮਹਿਲ ਕਲਾਂ ਦੀਆਂ 16 ਜ਼ੋਨਾਂ ਦੇ ਨਾਲ-ਨਾਲ ਜ਼ਿਲਾ ਪਰਿਸ਼ਦ ਬਰਨਾਲਾ ਦੀਆਂ 3 ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਾਮ 6 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਪੰਚਾਇਤ ਸੰਮਤੀ ਬਰਨਾਲਾ ਦੀਆਂ 25 ਜ਼ੋਨਾਂ ’ਚੋਂ 7 ਜ਼ੋਨਾਂ ਦੇ ਸਾਹਮਣੇ ਆ ਰਹੇ ਨਤੀਜਿਆਂ ਮੁਤਾਬਕ 4 ’ਤੇ ਕਾਂਗਰਸ, 2 ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਇੱਕ ’ਤੇ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ ਚੱਲ ਰਹੇ ਸਨ। ਇਸੇ ਤਰਾਂ ਪੰਚਾਇਤ ਸੰਮਤੀ ਮਹਿਲ ਕਲਾਂ ਦੀਆਂ 16 ਜ਼ੋਨਾਂ ’ਚੋਂ 12 ਜ਼ੋਨਾਂ ਦੇ ਸਾਹਮਣੇ ਆਏ ਰੁਝਾਨਾਂ ਮੁਤਾਬਕ 9 ’ਤੇ ਕਾਂਗਰਸ, 1 ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ), 1 ’ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਤੇ ਇੱਕ ’ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਸਨ। ਪੰਚਾਇਤ ਸੰਮਤੀ ਸ਼ਹਿਣਾ ਦੀਆਂ 20 ਜ਼ੋਨਾਂ ’ਚੋਂ 19 ਜ਼ੋਨਾਂ ਦੇ ਰੁਝਾਨਾਂ ਮੁਤਾਬਕ 12 ’ਤੇ ਕਾਂਗਰਸ, 4 ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ), 2 ’ਤੇ ਆਮ ਆਦਮੀ ਪਾਰਟੀ ਤੇ ਇੱਕ ’ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਸਨ।