ਮੋਗਾ ਰੈਲੀ ਚ ਮੇਰੀ ਨਹੀਂ ਹਰੀਸ਼ ਰਾਵਤ ਦੀ ਬੇਇੱਜ਼ਤੀ ਹੋਈ, ਨਵਜੋਤ ਸਿੱਧੂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ : ਸੁਖਜਿੰਦਰ ਰੰਧਾਵਾ
ਚੰਡੀਗੜ੍ਹ, 9 ਅਕਤੂਬਰ, 2020 : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਮੋਗਾ ਰੈਲੀ ਵਿਚ ਨਵਜੋਤ ਸਿੱਧੂ ਨੇ ਜੋ ਮਾੜਾ ਵਿਵਹਾਰ ਮੇਰੇ ਨਾਲ ਕੀਤਾ, ਉਹ ਮੇਰੀ ਨਹੀਂ ਸਗੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਬੇਇੱਜ਼ਤੀ ਹੈ ਕਿਉਂਕਿ ਮੈਂ ਹਰੀਸ਼ ਰਾਵਤ ਦੇ ਨਾਂ ਵਾਲੀ ਪਰਚੀ ਹੀ ਨਵਜੋਤ ਸਿੱਧੂ ਅੱਗੇ ਰੱਖੀ ਸੀ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੋਗਾ ਰੈਲੀ ਵਿਚ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਜਦੋਂ ਨਵਜੋਤ ਸਿੱਧੂ ਰੈਲੀ ਵਿਚ ਪਹੁੰਚੇ ਸਨ, ਉਸ ਵੇਲੇ ਤੋਂ ਉਨ੍ਹਾਂ ਦੀ ਬਾਡੀ ਲੈਂਗੁਇਜ਼ ਹੀ ਠੀਕ ਨਹੀਂ ਸੀ। ਜੋ ਕੁਝ ਵੀ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਕੀਤਾ, ਉਹ ਬਹੁਤ ਮੰਦਭਾਗਾ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਵਿਧਾਨ ਸਭਾ ਇਜਲਾਸ ਦੌਰਾਨ ਜਦੋਂ ਵੀ ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਦੀ ਘੇਰਾਬੰਦੀ ਕੀਤੀ ਜਾਂਦੀ ਤਾਂ ਸਿਰਫ਼ ਮੈਂ ਉਨ੍ਹਾਂ ਦੇ ਹੱਕ ਵਿਚ ਡਟਦਾ ਸੀ। ਕੁਝ ਵਾਰ ਤਾਂ ਨਵਜੋਤ ਸਿੱਧੂ ਨੇ ਮੇਰੇ ਕਮਰੇ ਵਿਚ ਆ ਕੇ ਮੇਰਾ ਧੰਨਵਾਦ ਕੀਤਾ ਕਿ ਭਾਜੀ ਅੱਜ ਤੁਸੀਂ ਬਹੁਤ ਸਾਥ ਦਿੱਤਾ ਹੈ ਪਰ ਇਸ ਸਭ ਨੂੰ ਭੁੱਲ ਕੇ ਨਵਜੋਤ ਸਿੱਧੂ ਨੇ ਕੌਮੀ ਲੀਡਰਸ਼ਿਪ ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਜਿਹੀ ਮੰਦੀ ਭਾਸ਼ਾ ਵਰਤੀ।
ਰੰਧਾਵਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਨੇ ਬਹੁਤ ਮਾਣ ਤੇ ਸਤਿਕਾਰ ਦਿੱਤਾ। ਜੋ ਆਗੂ ਸਿਰਫ ਤਿੰਨ ਸਾਲ ਪਹਿਲਾਂ ਪਾਰਟੀ ਵਿਚ ਆਇਆ, ਉਸਦਾ ਉਨ੍ਹਾਂ ਪ੍ਰਤੀ ਵਤੀਰਾ ਹੈਰਾਨੀਜਨਕ ਹੈ ਜੋ 60 ਸਾਲ ਤੋਂ ਜ਼ਿਆਦਾ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸਾਨੂੰ ਮੰਤਰੀ ਨਾ ਬਣਾਉਣ ਤੇ ਅਸੀਂ ਰੁੱਸ ਗਏ ਹੋਈਏ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਦੀ ਫ਼ਰਾਖ਼-ਦਿਲੀ ਹੈ ਕਿ ਉਹ ਨਵਜੋਤ ਸਿੱਧੂ ਨੂੰ ਘਰ ਜਾ ਕੇ ਲੈ ਕੇ ਆਏ ਪਰ ਉਸਨੇ ਜੋ ਕੀਤਾ ਉਹ ਬੇਹੱਦ ਮੰਦਭਾਗਾ ਹੈ।