ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ 'ਚੋਂ ਹੀਰੇ ਚੁਣੇ ਹਨ, ਉਨਾਂ ਨੂੰ ਤ੍ਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁੱਚ ਵਧਾਈ ਦਾ ਪਾਤਰ ਹੈ।
ਇਹੋ ਜਿਹਾ ਕੰਮ ਕਿਸੇ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਨਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜਤਾ। ਪਰ ਜੇਕਰ ਇਕੋ ਵਿਅਕਤੀ ਪਿਛਲੇ 16 ਵਰਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ਚਾੜਨ ਲਈ ਤੁਲਿਆ ਹੋਵੇ ਤਾਂ ਕੀ ਉਹ ਕਿਸੇ ਸੰਸਥਾ ਵਿਸ਼ੇਸ਼ ਤੋਂ ਘੱਟ ਹੋਏਗਾ? ਜਿਸ ਨੇ ਤਨੋਂ, ਮਨੋਂ ਆਪਣੇ ਜੀਵਨ ਦੇ ਕੀਮਤੀ ਵਰੇ ਪੰਜਾਬੀ ਪ੍ਰਵਾਸੀਆਂ ਨੂੰ ਇਕ ਕਲਾਵੇ 'ਚ ਲੈਣ ਲਈ ਹਰ ਪਲ, ਹਰ ਛਿੰਨ, ਹਰ ਘੜੀ ਯਤਨ ਹੀ ਨਾ ਕੀਤਾ ਹੋਵੇ, ਸਗੋਂ ਵੱਡੇ ਕਾਰਜ ਨੂੰ ਇਕ ਚੈਲਿੰਜ ਵਜੋਂ ਲੈ ਕੇ ਸਿਰੇ ਵੀ ਚਾੜਿਆ ਹੋਵੇ। ਕੀ ਇਹੋ ਜਿਹਾ 'ਉਦਮੀ ਜੀਊੜਾ' ਸਾਡੇ ਸਭਨਾਂ ਦੀ ਪ੍ਰਸੰਸਾ ਦਾ ਹੱਕਦਾਰ ਨਹੀਂ? ਇਹ ਕਾਰਜ ਉਸਨੇ ਘਰ ਬੈਠਿਆਂ, ਇੰਟਰਨੈਟ ਰਾਹੀਂ ਜਾਂ ਪੁਸਤਕਾਂ ਦੇ ਜ਼ਰੀਏ ਨਹੀਂ ਸਗੋਂ ਪੂਰੀ ਦੁਨੀਆਂ ਦੇ ਵੱਖੋ-ਵੱਖਰੇ ਖਿੱਤਿਆਂ 'ਚ ਭਰਮਣ ਕਰਕੇ, ਜਿਧਰੇ ਕਿਧਰੇ ਵੀ ਪੰਜਾਬੀ ਮਿਲੇ, ਪੰਜਾਬੀ-ਭਾਰਤੀ ਉਦਮੀ ਮਿਲੇ, ਉਨਾਂ ਤੱਕ ਨਿੱਜੀ ਪਹੁੰਚ ਕਰਕੇ ਪ੍ਰਮਾਣਿਕ ਜਾਣਕਾਰੀ ਇਕੱਤਰ ਕੀਤੀ ਬਿਨਾਂ ਕਿਸੇ ਭੇਦ-ਭਾਵ ਅਤੇ ਬਿਨਾਂ ਕਿਸੇ ਸੰਕੀਰਨ ਸੋਚ ਦੇ। ਅਤੇ ਪਿਛਲੇ 15 ਸਾਲਾਂ 'ਚ ਹਰ ਵਰੇ ਪਹਿਲੀ ਛਪੀ ਅੰਗਰੇਜ਼ੀ ਪੰਜਾਬੀ ਐਡੀਸ਼ਨ 'ਚ ਵਾਧਾ ਕਰਦਿਆਂ 16ਵੇਂ ਸੰਸਕਰਨ 'ਚ ਭਰਵੀਂ ਜਾਣਕਾਰੀ ਦੇ ਕੇ ਖਾਸ ਕਰਕੇ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿਚ ਕੀਤੇ ਵਿਸ਼ਾਲ ਕੰਮਾਂ, ਉਨਾਂ ਵੱਲੋਂ ਕਮਾਏ ਜੱਸ, ਉਨਾਂ ਵੱਲੋਂ ਉਥੋਂ ਦੇ ਲੋਕਾਂ 'ਚ ਬਣਾਏ ਆਪਣੇ ਸੁਚੱਜੇ ਅਕਸ, ਚੰਗੀ ਭੱਲ, ਚੰਗੀ ਛਾਪ ਨੂੰ ਇਕ ਮਾਲਾ ਦੀ ਲੜੀ 'ਚ ਪ੍ਰੋਇਆ ਹੈ। ਇਸ ਵਿਲੱਖਣ, ਨਿਵੇਕਲੇ , ਉਦਾਹਰਨੀ ਕੰਮ ਨੂੰ ਨੇਪਰੇ ਚਾੜਨ ਲਈ ਖਾਸ ਕਰਕੇ ਪੰਜਾਬੀ ਉਦਮੀਆਂ ਨੇ ਆਪਣੇ ਕਾਰੋਬਾਰਾਂ ਬਾਰੇ ਲੋਕਾਂ ਨਾਲ ਸਾਂਝ ਪਾਉਣ ਲਈ ਵਪਾਰਕ ਮਸ਼ਹੂਰੀ ਰਾਹੀਂ ਭਰਪੂਰ ਹਿੱਸਾ ਪਾਇਆ ਹੈ।
ਦੁਨੀਆਂ ਦੇ 50 ਦੇਸ਼ਾਂ ਦੇ ਉਹ ਪ੍ਰਵਾਸੀ ਪੰਜਾਬੀ ਕਾਰੋਬਾਰੀਏ, ਜਿਨਾਂ ਦੀ ਦੌਲਤ 2 ਕਰੋੜ ਤੋਂ 4000 ਕਰੋੜ ਰੁਪਏ ਤੱਕ ਹੈ, ਅਤੇ ਜਿਨਾਂ ਦੇ ਆਪਣੇ ਜਾਇਦਾਦ ਵੇਚਣ ਖਰੀਦਣ ਦੇ ਦਫ਼ਤਰ ਹਨ, ਕਾਨੂੰਨੀ ਸਹਾਇਤਾ ਅਤੇ ਇਮੀਗਰੇਸ਼ਨ ਦੇ ਜਿਨਾਂ ਦੇ ਵੱਡੇ ਕਾਰੋਬਾਰ ਹਨ, ਜਿਹੜੇ ਟੂਰ ਅਤੇ ਟ੍ਰੈਵਲ, ਫਾਰੈਨ ਐਕਸਚੇਂਜ, ਹੋਟਲਾਂ, ਰੈਸਟੋਰੈਂਟਾਂ, ਵਿਦਿਅਕ ਸੰਸਥਾਵਾਂ, ਸਿਹਤ ਕੇਂਦਰਾਂ ਦੇ ਜਿਹੜੇ ਮਾਲਕ ਹਨ, ਅਤੇ ਜਿਹੜੇ ਆਯਾਤ ਨਿਰਯਾਤ ਦੇ ਕਿੱਤੇ ਨਾਲ ਜੁੜ ਕੇ ਬੇਅੰਤ ਧੰਨ ਕਮਾ ਕੇ ਵਿਦੇਸ਼ਾਂ 'ਚ ਬੈਠੇ ਸਰਦਾਰੀਆਂ ਕਰ ਰਹੇ ਹਨ, ਉਨਾਂ ਦੇ ਵੇਰਵੇ ਸਮੁੰਦਰੋਂ-ਪਾਰ ਦਾ ਪੰਜਾਬੀ-ਸੰਸਾਰ ਦੇ ਪੰਨਿਆਂ ਦਾ ਸ਼ਿੰਗਾਰ ਹਨ। ਇਸ ਵੱਡ ਅਕਾਰੀ 284 ਸਫ਼ਿਆਂ ਦੀ ਸੁੰਦਰ ਰੰਗਦਾਰ ਛਪਾਈ ਵਾਲੀ ਪੁਸਤਕ 'ਚ 2000 ਸਿੱਖ ਸੰਸਥਾਵਾਂ, ਗੁਰਦੁਆਰਿਆਂ, ਜਿਨਾਂ 'ਚ 84000 ਗੁਰੂ ਘਰ ਦੇ ਸੇਵਕਾਂ ਦੇ ਨਾਮ ਸ਼ਾਮਲ ਹਨ ਅਤੇ ਜਿਹੜੇ ਵਿਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਸਿੱਖ ਸੰਗਤਾਂ ਨੇ ਉਸਾਰੇ ਹੋਏ ਹਨ, ਉਨਾਂ ਦੇ ਪਤੇ, ਫ਼ੋਨ ਨੰਬਰ ਅਤੇ ਈ-ਮੇਲ ਆਦਿ ਵੀ ਦਰਜ ਹਨ, ਜਿਨਾਂ ਵਿਚ ਸਿੱਖ ਸੰਗੀਤ, ਸਭਿਆਚਾਰ, ਪੰਜਾਬੀ ਬੋਲੀ ਨਾਲ ਸੰਬੰਧਤ ਵਿਅਕਤੀਆਂ, ਨਗਰ ਕੀਰਤਨਾਂ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਬਾਰੇ ਵੇਰਵੇ ਦਰਜ ਹਨ। ਨਾਲ ਹੀ ਦਰਜ ਹਨ 200 ਤੋਂ ਵੱਧ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਕਾਰਜ ਸੰਸਥਾਵਾਂ ਦੇ ਵੇਰਵੇ ਜਿਨਾਂ ਦੇ ਹਜ਼ਾਰਾਂ ਹੀ ਮੋਹਤਬਰ ਵਿਚਾਰਵਾਨ, ਗੁਣੀਂ ਗਿਆਨੀ ਸਮਾਜ ਸੇਵੀ ਪੰਜਾਬੀ ਮੈਂਬਰ ਹਨ। ਇਸ ਤੋਂ ਵੱਡੀ ਗੱਲ ਇਹ ਕਿ ਦੁਨੀਆਂ ਭਰ ਦੇ ਭਾਰਤੀ-ਪੰਜਾਬੀ ਅਖ਼ਬਾਰਾਂ, ਰੇਡੀਓ ਸਟੇਸ਼ਨਾਂ ਅਤੇ ਪੰਜਾਬੀ ਟੈਲੀਵੀਜ਼ਨ ਚੈਨਲਾਂ ਬਾਰੇ ਪੂਰਾ ਵੇਰਵਾ ਦਰਜ ਹੈ, ਜਿਨਾਂ ਵਿਚੋਂ ਕਈ ਅਖ਼ਬਾਰ ਰਸਾਲੇ ਆਨ-ਲਾਈਨ ਪੜੇ ਜਾਣ ਯੋਗ ਹਨ। ਪੁਸਤਕ ਦੀ ਵੱਡੀ ਖਾਸੀਅਤ ਇਹ ਕਿ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਦੁਨੀਆਂ ਭਰ ਦੀਆਂ 160 ਵਿਦੇਸ਼ੀ ਅੰਬੈਂਸੀਆਂ ਅਤੇ ਡਿਪਲੋਮੈਂਟ ਮਿਸ਼ਨਾਂ ਦੇ ਦਿੱਲੀ ਅਤੇ ਭਾਰਤ ਦੇ ਵੱਖੋ-ਵੱਖਰੇ ਸ਼ਹਿਰਾਂ 'ਚ ਸਥਿਤ ਦਫ਼ਤਰਾਂ ਬਾਰੇ ਪੂਰੀ ਜਾਣਕਾਰੀ ਅੰਕਿਤ ਹੈ। ਲਗਭਗ 200 ਦੇਸ਼ ਦੇ ਅੰਤਰਰਾਸ਼ਟਰੀ ਐਸ.ਟੀ.ਡੀ. ਕੋਡ ਤੋਂ ਇਲਾਵਾ ਭਾਰਤ ਦੇਸ਼ ਦੇ 1175 ਸ਼ਹਿਰਾਂ ਦੀ ਨੈਸ਼ਨਲ ਐਸ.ਟੀ.ਡੀ. ਕੋਡ ਦੇ ਕੇ ਵਿਦੇਸ਼ ਵਸਦੇ ਵੀਰਾਂ ਲਈ ਇਕ ਵਿਸ਼ੇਸ਼ ਸੁਵਿਧਾ ਦੇਣ ਦਾ ਉਪਰਾਲਾ ਵੀ ਕੀਤਾ ਗਿਆ ਹੈ ਅਤੇ ਪੰਜਾਬ ਦੇ 117 ਵਿਧਾਨ ਸਭਾ ਮੈਂਬਰਾਂ ਅਤੇ ਐਨ.ਆਰ.ਆਈ. ਦੇ ਦਫ਼ਤਰਾਂ ਦੇ ਵੇਰਵੇ ਵੀ ਅੰਕਿਤ ਹਨ, ਜਿਨਾਂ ਨਾਲ ਮਿੰਟਾਂ-ਸਕਿੰਟਾਂ 'ਚ ਆਪਣੇ ਸੁਨੇਹੇ, ਸ਼ਿਕਾਇਤਾਂ ਪ੍ਰਾਪਤੀਆਂ ਦਾ ਵੇਰਵਾ ਦਰਜ ਕੀਤਾ ਜਾ ਸਕਦਾ ਹੈ।
ਲਿਖਣਾ ਔਖਾ ਕੰਮ ਗਿਣਿਆ ਗਿਆ ਹੈ, ਪਰ ਸੰਪਾਦਨਾ ਕਰਨਾ ਹੋਰ ਵੀ ਔਖਾ ਹੈ। ਕਿਹੜੇ ਸ਼ਬਦ ਕਿਹੜੇ ਢੰਗ ਨਾਲ ਪਾਠਕ ਨੂੰ ਟੁੰਬਦੇ ਹਨ, ਕਿਵੇਂ ਉਹਦੇ ਮਨ ਨੂੰ ਛੋਂਹਦੇ ਹਨ ਪ੍ਰਭਾਵਤ ਕਰਦੇ ਹਨ, ਇਹ ਕੰਮ ਸੰਪਾਦਕ ਦਾ ਜ਼ੁੰਮਾ ਹੁੰਦਾ ਹੈ। ਸੰਪਾਦਕ ਸ਼ੇਰਗਿੱਲ ਨੇ ਇਹ ਔਖਾ ਕੰਮ, ਬਾਖ਼ੂਬੀ ਨਿਭਾਇਆ ਹੈ। ਡਾਇਰੈਕਟਰੀ ਨੂੰ ਕੁਝ ਮੁੱਖ ਭਾਗਾਂ, ਦਿੱਲੀ ਸਪਲੀਮੈਂਟ, ਨਵੀਂ ਦਿੱਲੀ 'ਚ ਅੰਬੈਂਸੀਆਂ ਅਤੇ ਹਾਈ ਕਮਿਸ਼ਨ, ਵਿਦੇਸ਼ਾਂ 'ਚ ਕੰਮ ਕਰਦੇ ਭਾਰਤੀ ਡਿਪਲੋਮੇਟ ਮਿਸ਼ਨ, ਭਾਰਤੀ ਪੰਜਾਬ ਸਪਲੀਮੈਂਟ, ਭਾਰਤ ਤੋਂ ਬਾਹਰਲੀਆਂ ਭਾਰਤੀ ਪੰਜਾਬੀ ਅਖ਼ਬਾਰਾਂ, ਮੁੱਖ ਭਾਰਤੀਆਂ ਦੇ ਸੰਖੇਪ ਜੀਵਨ ਵੇਰਵੇ, ਭਾਰਤੀ ਸੰਸਥਾਵਾਂ, ਅੰਤਰਰਾਸ਼ਟਰੀ ਪੰਜਾਬੀ ਪ੍ਰਵਾਸੀਆਂ ਦੀ ਡਾਇਰੈਕਟਰੀ, ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਵੰਡ ਕੇ ਯਤਨ ਕੀਤਾ ਹੈ ਤਾਂਕਿ ਪਾਠਕਾਂ ਨੂੰ ਇਕੋ ਥਾਂ ਉਹ ਜਾਣਕਾਰੀ ਮਿਲ ਜਾਏ ਜਿਹੜੀ ਉਹ ਚਾਹੁੰਦਾ ਹੈ। ਅਤੇ ਹਰੇਕ ਭਾਗ ਦੇ ਮੁੱਖ ਪੰਨੇ ਉਤੇ ਉਸ ਖਿੱਤੇ ਨਾਲ ਸੰਬੰਧਤ ਮੰਨੇ-ਪ੍ਰਮੰਨੇ ਲੋਕਾਂ ਦੇ ਚਿੱਤਰ ਛਾਪ ਕੇ ਸੰਪਾਦਕ ਨੇ ਆਪਣੀ ਸੂਝ-ਬੂਝ ਦਾ ਸਬੂਤ ਦਿੱਤਾ ਹੈ। ਐਡੀ ਵੱਡੀ ਜਾਣਕਾਰੀ ਮਸਾਂ 300 ਕੁ ਸਫ਼ਿਆਂ 'ਚ ਸਮੇਟਣਾ ਕੋਈ ਸੌਖਾ ਕੰਮ ਨਹੀਂ, ਸਮੇਟਣ ਉਪਰੰਤ ਬਿਨਾਂ ਕਿਸੇ ਗਲਤੀ ਤੋਂ ਇਸ ਨੂੰ ਛਾਪਣਾ ਹੋਰ ਵੀ ਔਖਾ ਹੈ ਪਰ ਇਸ ਵੱਡੇ, ਔਖੇ, ਗੁੰਝਲਦਾਰ, ਅਕੇਂਵੇ ਭਰੇ ਕੰਮ ਨੂੰ ਵੀ ਸੰਪਾਦਕ ਨੇ ਇਮਾਨਦਾਰੀ ਨਾਲ ਨਿਭਾਇਆ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਕਿ ਇਸ ਗੁਣਾਂ ਦੀ ਗੁੱਥਲੀ ਪੁਸਤਕ ਵਿਚ ਛਾਪੇ ਗਏ ਵਿਦਵਾਨਾਂ ਦੇ ਅੰਗਰੇਜ਼ੀ ਪੰਜਾਬੀ ਦੇ ਜੀ.ਕੇ. ਸਿੰਘ ਦਾ ਲੇਖ ਪੰਜਾਬੀ ਸਭਿਆਚਾਰ ਦੀ ਰੂਹ, ਡਾ. ਗੁਰਦੇਵ ਸਿੰਘ ਸਿੱਧੂ ਦਾ ਹਫਤਾਵਾਰੀ ਗਦਰ-ਹਿੰਦੋਸਤਾਨ ਗਦਰ ਦੀ ਗਾਥਾ, ਸੰਪਾਦਕ ਦਾ ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ ਹੈ ਸਿੱਖ ਧਰਮ ਦਾ ਪ੍ਰਭਾਵਸ਼ਾਲੀ ਵਿਕਾਸ, ਅਵਤਾਰ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਤਿਹਾਸਕ ਜਾਣਕਾਰੀ ਸਿੱਖੀ ਸਰੂਪ ਦੀ ਆਨ ਅਤੇ ਸ਼ਾਨ ਦਸਤਾਰ ਅਤੇ ਅੰਗਰੇਜ਼ੀ 'ਚ ਯੂ.ਕੇ ਸਿੱਖ ਗੁਰੂਦੁਆਰਾ ਡਿਵੈਲਪਮੈਂਟ ਐਂਡ ਫਿਊਚਰ ਡਾਇਰੈਕਸ਼ਨਜ਼ ਬਾਈ ਸੁਜਿੰਦਰ ਸਿੰਘ ਸੰਘਾ ਦਾ ਜਾਣਕਾਰੀ ਭਰਪੂਰ ਲੇਖ ਵਿਸ਼ੇਸ਼ ਧਿਆਨ ਖਿੱਚਦੇ ਹਨ। ਉਪਰੰਤ ਅੰਗਰੇਜ਼ੀ ਵਿਚ ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ, ਖ਼ਾਲਸੇ ਦੇ ਪੰਜ ਤਖ਼ਤਾਂ ਬਾਰੇ ਸੁਚਿੱਤਰ ਫੋਟੋਆਂ ਸਮੇਤ ਦਿੱਤੀ ਜਾਣਕਾਰੀ ਨੇ ਤਾਂ ਇਸ ਪੁਸਤਕ ਨੂੰ ਤਾਂ ਜਿਵੇਂ ਚਾਰ ਚੰਨ ਹੀ ਲਗਾ ਦਿੱਤੇ ਹੋਏ ਹਨ।
ਪੁਸਤਕ ਪੜਦਿਆਂ ਇਸ 'ਚ ਛਪੀਆਂ ਉੱਘੀਆਂ ਹਸਤੀਆਂ ਬਾਰੇ ਜਾਣਕਾਰੀ ਪੜ ਕੇ ਪੰਜਾਬੀਆਂ ਦਾ ਸੀਨਾ ਚੌੜਾ ਹੋਣਾ ਸੁਭਾਵਕ ਹੈ। ਪੰਜਾਬੀ, ਜਿਨਾਂ ਔਖੇ ਵੇਲੇ ਕੱਟ ਕੇ ਪ੍ਰਵਾਸ ਹੰਢਾਇਆ, ਓਪਰਿਆਂ 'ਚ ਰਹਿ ਕੇ ਜੱਸ ਖੱਟਿਆ। ਆਪਣਾ ਜੀਵਨ ਹੀ ਨਹੀਂ ਸੁਆਰਿਆ, ਹਜ਼ਾਰਾਂ ਲੱਖਾਂ ਲੋਕਾਂ ਦੇ ਮਾਰਗ ਦਰਸ਼ਕ ਵੀ ਬਣੇ, ਉਨਾਂ ਪੰਜਾਬੀ ਸਪੂਤਾਂ ਉੱਤੇ ਕੌਣ ਵਾਰੇ-ਵਾਰੇ ਨਹੀਂ ਜਾਵੇਗਾ। ਚਕਿੱਤਸਾ, ਇੰਜੀਨੀਅਰੀ, ਬਿਜ਼ਨੈਸ, ਪ੍ਰਬੰਧਨ, ਸਾਇੰਸਦਾਨ ਕਿਹੜਾ ਕਿੱਤਾ ਨਹੀਂ ਜਿਸ 'ਚ ਪੰਜਾਬੀਆਂ ਝੰਡੇ ਨਹੀਂ ਗੱਡੇ। ਆਪਣੇ ਧਰਮ ਦੇ ਪ੍ਰਚਾਰ, ਆਪਣੀ ਬੋਲੀ ਸਭਿਆਚਾਰ ਦੀ ਸੰਭਾਲ, ਫੈਲਾਅ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਪੜਾਉਣ, ਲਿਖਾਉਣ, ਚੰਗੇ ਪਾਸੇ ਲਾਉਣ, ਅਤੇ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੇ ਬਿਨਾਂ ਰਿਹਾ ਨਹੀਂ ਜਾ ਸਕਦਾ। ਅਤੇ ਪ੍ਰਵਾਸੀਆਂ ਵੱਲੋਂ ਆਪਣੇ ਪੰਜਾਬ ਨੂੰ ਸੰਵਾਰਨ, ਇਸ ਦੇ ਵਿਕਾਸ 'ਚ ਹਿੱਸਾ ਪਾਉਣ ਅਤੇ ਪੰਜਾਬੀਆਂ ਦੀ ਜੂਨ ਸੁਧਾਰਨ ਲਈ ਕੀਤੇ ਉਪਰਾਲੇ ਪ੍ਰਸੰਸ਼ਾਯੋਗ ਹਨ! ਪਰ ਕੀ ਅਸੀਂ ਇਧਰਲੇ ਪੰਜਾਬੀ ਉਨਾਂ ਦੀਆਂ ਕੀਤੀਆਂ ਦਾ ਮੁੱਲ ਪਾ ਸਕੇ ਆਂ? ਉਨਾਂ ਦੇ ਮਨਾਂ ਦੇ ਫਿਕਰ, ਉਨਾਂ ਦੀ ਜਾਇਦਾਦਾਂ ਦੀ ਰੱਖਿਆ ਦੀ ਚਿੰਤਾ ਅਤੇ ਹੋਰ ਮਸਲੇ ਕੀ ਅਸੀਂ ਦੂਰ ਕਰ ਸਕੇ ਆਂ?
ਪੰਜਾਬ ਦੀ ਸਰਕਾਰ ਜਿਹੜੀ ਪਿਛਲੇ ਕਈ ਸਾਲਾਂ ਤੋਂ ਪ੍ਰਵਾਸੀ ਪੰਜਾਬੀਆਂ ਦੀਆਂ ਕਾਨਫਰੰਸਾਂ ਕਰਨ ਦਾ ਢੌਂਗ ਰਚ ਰਹੀ ਹੈ, ਉਸ ਨੇ ਆਖਰ ਪੰਜਾਬੀਆਂ ਦਾ ਕੀ ਸੁਆਰਿਆ? ਸਿਵਾਏ 500 ਜਾਂ ਹਜ਼ਾਰ ਪ੍ਰਵਾਸੀ ਇਕੱਠੇ ਕਰਕੇ ਉਨਾਂ ਦੀ ਚਾਰ ਦਿਨ ਆਉ ਭਗਤ ਕਰਕੇ ਅਤੇ ਉਨਾਂ ਦੀ ਜੇਬੋਂ ਏਅਰ ਟਿਕਟਾਂ ਦਾ ਖਰਚਾ ਕਰਵਾ ਕੇ ਉਨਾਂ ਦੇ ਕਰੋੜਾਂ ਰੁਪਏ ਖਰਾਬ ਕਰਨ ਤੋਂ ਸਿਵਾਏ! ਕੀ ਇਹੋ ਜਿਹੀਆਂ ਕਾਨਫਰੰਸਾਂ 'ਚ ਉਨਾਂ ਪੰਜਾਬੀਆਂ ਨੂੰ ਸੱਦ ਕੇ ਸਨਮਾਨਿਆਂ ਨਹੀਂ ਜਾਣਾ ਚਾਹੀਦਾ, ਜਿਨਾਂ ਦੇਸ਼-ਵਿਦੇਸ਼ 'ਚ ਨਾਮਣਾ ਖੱਟਿਆ ਹੈ?
ਪ੍ਰਵਾਸੀ ਵੀਰਾਂ ਦੀ ਡਾਇਰੈਕਟਰੀ ਬਨਾਉਣ ਜਿਹੇ ਵੱਡੇ ਕੰਮ ਜੇਕਰ ਪੰਜਾਬ ਸਰਕਾਰ ਜਾਂ ਕੋਈ ਹੋਰ ਸੰਸਥਾਂ ਨਹੀਂ ਕਰ ਸਕੀ ਅਤੇ ਇਸ ਕੰਮ ਨੂੰ ਨਰਪਾਲ ਸਿੰਘ ਸ਼ੇਰਗਿੱਲ ਜਿਹੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਨੇ ਕੀਤਾ ਹੈ ਤਾਂ ਕੀ ਉਸ ਨੂੰ ਵਿਸ਼ੇਸ਼ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ?
ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਪ੍ਰਵਾਸੀ ਵੀਰਾਂ ਵੱਲੋਂ ਇਹੋ ਜਿਹੇ ਪਾਏ ਯੋਗਦਾਨ ਬਦਲੇ ਉਨਾਂ ਨੂੰ ਸਨਮਾਨ ਦੇ ਕੇ ਪ੍ਰਵਾਸੀ ਵੀਰਾਂ ਦਾ ਹੌਂਸਲਾ ਵਧਾ ਸਕਦੀ ਹੈ!
ਉਂਜ ਨਰਪਾਲ ਸਿੰਘ ਸ਼ੇਰਗਿੱਲ ਵਰਗੇ ਵਿਅਕਤੀ ਨਾ ਤਾਂ ਕਿਸੇ ਸਰਕਾਰੀ ਸਨਮਾਨ ਦੇ ਮੁਥਾਜ ਹੁੰਦੇ ਹਨ ਅਤੇ ਨਾ ਹੀ ਕਿਸੇ ਫੋਕੀ ਵਡਿਆਈ ਦੇ। ਉਹ ਤਾਂ ਆਪਣੀ ਮੰਜ਼ਿਲ ਵੱਲ ਨਿਰੰਤਰ ਤੁਰੇ ਜਾਂਦੇ ਹਨ, ਆਪਣੇ ਆਪ ਨੂੰ ਲੋਕ ਸੇਵਾ 'ਚ ਅਰਪਿਤ ਕਰਕੇ। ਕਰਮਯੋਗੀ ਹੈ ਨਰਪਾਲ ਸਿੰਘ ਸ਼ੇਰਗਿੱਲ । ਵਿਦੇਸ਼ ਵਸਦਿਆਂ ਵੀ ਧੁਰ ਅੰਦਰੋਂ ਪੰਜਾਬ-ਹਿਤੈਸ਼ੀ ਪੰਜਾਬੀ ।ਵਿਸ਼ਾਲ ਹਿਰਦੇ ਵਾਲਾ ਇੱਕ ਖੋਜ਼ੀ, ਇੱਕ ਮੁਹਿੰਮਕਾਰ ਪੱਤਰਕਾਰ ਜਿਹੜਾ ਆਪਣੇ ਮਨ 'ਚ ਪੰਜਾਬ ਲਈ, ਪੰਜਾਬੀਆਂ ਲਈ ਦਰਦ ਸਮੋਈ ਬੈਠਾ ਹੈ, ਕਿਧਰੇ ਪੰਜਾਬ ਦੇ ਹਿੱਤਾਂ ਨੂੰ ਖਰੋਚ ਵੱਜਦੀ ਹੈ,ਚਟਾਨ ਬਣਕੇ ਹਿੱਕ ਡਾਹ ਕੇ ਪੰਜਾਬ ਦੇ ਹਿੱਤਾਂ ਲਈ ਖੜੋ ਜਾਂਦਾ ਹੈ। ਕਿਧਰੇ ਮਾਂ ਬੋਲੀ ਪੰਜਾਬੀ ਨੂੰ ਧਰਕਾਰਿਆ ਜਾਂਦਾ ਹੋਵੇ, ਕਿਧਰੇ ਪੰਜਾਬੀਆਂ ਨਾਲ ਧੱਕਾ ਹੁੰਦਾ ਹੋਵੇ, ਉਹਦੀ ਕਲਮ ਆਪਣੇ ਹੀ ਢੰਗ ਨਾਲ ਇਵੇਂ ਚੱਲਦੀ ਹੈ ਕਿ ਧੱਕਾ ਕਰਨ ਵਾਲੇ, ਦਰੇਗ ਕਰਨ ਵਾਲੇ, ਆਪਣੇ ਆਪ ਹੀ ਮੂਧੇ ਮੂੰਹ ਜਾ ਡਿਗਦੇ ਹਨ। ਅਸਮਾਨੀ ਬਿਜਲੀ ਦੇ ਪ੍ਰਕਾਸ਼ ਵਰਗੀ ਹੈ, ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਨੇੜਲੇ ਪਿੰਡ ਮਜਾਲ ਖੁਰਦ ਦੇ ਵਾਸੀ ਨਰਪਾਲ ਸਿੰਘ ਸ਼ੇਰਗਿੱਲ ਦੀ ਕਲਮ! ਬਹੁਤ ਘੱਟ ਪੰਜਾਬੀ ਇਹੋ ਜਿਹੇ ਹੋਣਗੇ ਜਿਹਨਾਂ ਪੱਲੇ ਇੱਕੋ ਵੇਰ ਪੰਜਾਬੀ ਸਾਹਿਤ, ਅੰਗਰੇਜ਼ੀ ਪੰਜਾਬੀ ਪੱਤਰਕਾਰੀ, ਪੰਜਾਬੀ ਸਭਿਆਚਾਰ, ਭਾਸ਼ਾ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਲ ਨਾਲ ਲੋਕ ਸੇਵਾ ਦਾ ਮਾਣ ਹਾਸਲ ਹੋਇਆ ਹੋਵੇ ਅਤੇ ਉਹ ਵੀ ਆਮ ਲੋਕਾਂ ਵਲੋਂ!
ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ ਨਰਪਾਲ ਸਿੰਘ ਸ਼ੇਰਗਿੱਲ, ਜਿਹੜਾ ਗ੍ਰਹਿਸਥ, ਵਪਾਰ,ਲੇਖਣੀ 'ਚ ਇੱਕੋ ਵੇਲੇ, ਇੱਕੋ ਸੁਰ ਇੱਕੋ ਤਾਲ 'ਚ , ਇਨਾਂ ਤਿੰਨਾਂ ਨਾਲ ਤਾਲਮੇਲ ਬੈਠਾਈ ਬੈਠਾ ਹੈ।ਕਹਿਣੀ ਅਤੇ ਕਥਨੀ ਦਾ ਪੱਕਾ ਹੈ ਸ਼ੇਰਗਿੱਲ, ਜਿਹੜਾ ਪੰਜਾਬ ਵਿਚਲੇ ਪੰਜਾਬੀਆਂ 'ਚ ਉਤਨਾ ਹੀ ਪਿਆਰਿਆ, ਸਤਕਾਰਿਆ, ਤੇ ਸਨਮਾਨਿਆ ਜਾਂਦਾ ਹੈ, ਜਿੰਨਾਂ ਵਿਦੇਸ਼ ਵਸਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿੱਚ! ਉਹ ਜਿਸ ਵਿਅਕਤੀ ਨੂੰ ਪੂਰੀ ਰੂਹ ਨਾਲ ਹਿੱਕ ਨਾਲ ਲਾਉਂਦਾ ਹੈ, ਉਸ ਨਾਲ ਦਿਲੋਂ ਮਨੋਂ ਪੂਰਾ ਨਿਭਣ ਲਈ, ਆਪਣੇ ਵਚਨ ਪੁਗਾਉਣ ਲਈ ਕਿਸੇ ਵੀ ਹੱਦ 'ਚ ਜਾ ਸਕਦਾ ਹੈ । ਕੋਰਾ-ਕਰਾਰਾ ਹੈ ਨਰਪਾਲ ਸਿੰਘ ਸ਼ੇਰਗਿੱਲ, ਜਿਹੜਾ ਨਾ ਕਿਸੇ ਨਾਲ ਬੇ ਇਨਸਾਫੀ ਕਰਦਾ ਹੈ ਅਤੇ ਨਾ ਹੀ ਕਿਸੇ ਵਲੋਂ ਕੀਤੀ ਬੇ-ਇਨਸਾਫੀ ਸਹਿਣ ਕਰਦਾ ਹੈ।
ਆਪਣੀ ਧੁੰਨ ਦਾ ਪੱਕਾ, ਆਪਣੇ ਕੰਮ-ਕਰਮ ਪ੍ਰਤੀ, ਪ੍ਰਤੀਬੱਧ, ਮਿਹਨਤੀ , ਇਮਾਨਦਾਰ ਸਖਸ਼ੀਅਤ ਹੈ ਨਰਪਾਲ ਸਿੰਘ। ਪੇਂਡੂ ਕਿਸਾਨੀ ਪਿਛੋਕੜ ਵਾਲੇ ਪੰਜਾਬ ਦੇ ਪ੍ਰੀਵਾਰ ਨਾਲ ਸਬੰਧਤ ਪੜਿਆ ਲਿਖਿਆ ਨੌਜਵਾਨ ਜੂਨ 1964 ਤੋਂ ਦਸੰਬਰ 1966 ਤੱਕ ਪੰਜਾਬ ਦੇ ਭਾਸ਼ਾ ਵਿਭਾਗ ਪਟਿਆਲਾ ਦੇ ਮੁੱਖ ਦਫਤਰ ਵਿੱਚ ਪੰਜਾਬੀ ਸਟੈਨੋਗ੍ਰਾਫੀ ਅਤੇ ਟਾਈਪ ਰਾਟੀਟਿੰਗ ਇੰਸਟਰਕਟਰ ਵਜੋਂ ਨੌਕਰੀ ਕਰਦਾ ਰਿਹਾ । ਇਥੇ ਉਸਨੂੰ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ: ਜੀਤ ਸਿੰਘ ਸੀਤਲ ਡਾਇਰੈਕਟਰ ਪੰਜਾਬੀ ਵਿਭਾਗ ਦਾ ਸਾਥ ਮਿਲਿਆ ਅਤੇ 1965-66 ਵਿੱਚ ਹੀ ਉਸਨੇ ਆਪਣੀ ਜੁਆਨੀ ਵੇਲੇ ਪੰਜਾਬੀ ਕਵਿਤਾਵਾਂ ਦੀ ਇੱਕ ਪੁਸਤਕ “ਅਮਰ ਵੇਲ” ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤੀ। “ਪਾਂਡੀ ਪਾਤਸ਼ਾਹ” ਦੇ ਪੰਜਾਬ ਦੇ ਪਹੁਤੇ ਪਾਂਧੀ ਨਰਪਾਲ ਸਿੰਘ ਸ਼ੇਰਗਿਲ ਦੀ ਅੱਧੀ ਸਦੀ ਦੀ ਪੰਜਾਬ ਦੇ ਸਾਹਿਤਕ , ਪੱਤਰਕਾਰੀ , ਭਾਸ਼ਾ , ਮੀਡੀਆ, ਸਭਿਆਚਾਰ ਦੇ ਖੇਤਰ ਦੀ ਯਾਤਰਾ ਦਾ ਆਰੰਭ ਇਸ ਪੁਸਤਕ ਤੋਂ ਹੋਇਆ। ਨਿਰੰਤਰ ਘਾਲਣਾ ਘਾਲਦੇ, ਸ਼ੇਰਗਿੱਲ ਨੇ ਫਿਰ ਪਿੱਛੇ ਮੁੜਕੇ ਨਹੀਂ ਦੇਖਿਆ। ਰੁਜ਼ਗਾਰ ਕੀਤਾ, ਵਪਾਰ ਕੀਤਾ, ਅੰਗਰੇਜੀ, ਪੰਜਾਬ ੀ ਪੱਤਰਕਾਰੀ 'ਚ ਹੱਥ ਅਜ਼ਮਾਇਆ, ਮਈ 1981 ਤੋਂ ਮਈ 1984 ਤੱਕ ਅੰਗਰੇਜੀ ਮਾਸਿਕ “ਦੀ ਪਾਲਿਸਟਿਕਸ ”ਪ੍ਰਕਾਸ਼ਤ ਕੀਤਾ। 1984 ਦੇ ਘੱਲੂ ਘਾਰੇ ਅਤੇ ਨੀਲਾ ਤਾਰਾ ਉਪਰੇਸ਼ਨ ਜੂਨ 1984 ਉਪਰੰਤ ਪੰਜਾਬੀ ਹਫਤਾਵਾਰ ਦੇਸ ਪ੍ਰਦੇਸ ਲੰਦਨ ਲਈ ਖਬਰਾਂ ਤੇ ਲੇਖ ਲਿਖੇ ਅਤੇ ਸਾਲ 1985 ਤੋਂ ਹੁਣ ਤੱਕ ਪੰਜਾਬੀ ਦੇ ਸਭ ਤੋਂ ਵੱਧ ਛਪਣ ਵਾਲੇ ਪੰਜਾਬੀ ਅਖਬਾਰ “ਰੋਜ਼ਾਨਾ ਅਜੀਤ” ਨਾਲ ਜੁੜਕੇ ਅਨੇਕਾਂ ਲੇਖ ਲਿਖੇ, ਜੋ ਨਿਰੰਤਰ ਜਾਰੀ ਹਨ। ਨਰਪਾਲ ਸਿੰਘ ਸ਼ੇਰਗਿੱਲ ਦੇ ਲੇਖ ਭਾਰਤ, ਬਰਤਾਨੀਆ, ਕੈਨੇਡਾ,ਅਮਰੀਕਾ, ਜਰਮਨੀ , ਫਰਾਂਸ, ਹੌਲੈਡ ਅਤੇ ਅਸਟ੍ਰੇਲੀਆ ਦੇ 8 ਤੋਂ 15 ਅਖਬਾਰਾਂ ਵਿੱਚ ਪੂਰੇ ਵਿਸ਼ਵ ਵਿੱਚ ਛਪਦੇ ਹਨ। 1984 ਤੋਂ ਲੈਕੇ ਹੁਣ ਤੱਕ ਉਹ 1000 ਤੋਂ ਵੱਧ ਲੇਖ ਸਿੱਖ ਧਰਮ, ਸਿੱਖ ਸੰਸਥਾਵਾਂ ਵਿਦੇਸ਼ ਦੀਆਂ ਭਾਰਤੀ ਸੰਸਥਾਵਾਂ, ਸਿੱਖਾਂ ਤੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ ਫਾਸ਼ਿਜ਼ਮ,ਪ੍ਰਵਾਸ, ਪ੍ਰਵਾਸੀ ਸਮੱਸਿਆ, ਮੀਡੀਆ ਦੇ ਪਸਾਰ, ਪੰਜਾਬੀ ਅਤੇ ਸਿੱਖ ਮੀਡੀਆ, ਦੇਸ਼ਾਂ ਦੇ ਦੁਵੱਲੇ ਸਬੰਧਾਂ, ਰਾਜਨੀਤੀ, ਵਪਾਰ, ਇਸਲਾਮਿਕ ਅੱਤਵਾਦ , ਅੰਤਰਰਾਸ਼ਟਰੀ ਰਾਜਨੀਤਕ ਕਾਨਫਰੰਸਾਂ, ਸੰਮੇਲਨ, ਭਾਰਤ ਦੀ ਕਲਾ ਅਤੇ ਇਤਹਾਸਕ ਮੁਜੱਸਮਿਆਂ, ਪੱਤਰਕਾਰਾਂ ਦੇ ਕਤਲਾਂ, ਮੀਡੀਆ ਵਰਕਰਾਂ, ਮਨੁੱਖੀ ਅਧਿਕਾਰਾਂ ਬਾਰੇ ਲਿਖ ਚੁੱਕਾ ਹੈ। ਨਵੰਬਰ 1985'ਚ ਉਸਨੇ ਵਿਸ਼ਵ ਦੇ 49 ਦੇਸ਼ਾਂ ਦੇ 2000 ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਜਿਸ ਵਿੱਚ ਅਫਗਾਨਿਸਤਾਨ ਤੋਂ ਜ਼ਾਬੀਆ ਤੱਕ ਏ ਟੂ ਜੈਡ ਸਿੱਖ ਜਗਤ ਅੰਤਰ ਰਾਸ਼ਟਰੀ ਡਾਇਰੈਕਟਰੀ ਛਾਪਣ ਦਾ ਮਾਣ ਹਾਸਲ ਕੀਤਾ। 25 ਸਤੰਬਰ 1995 ਨੂੰ ਵਿਸ਼ਵ ਸਿੱਖ ਕਾਨਫਰੰਸ ਸਮੇਂ ਨਰਪਾਲ ਸਿੰਘ ਨੂੰ ਸਤਿਕਾਰਤ ਜਥੇਦਾਰ ਸ਼੍ਰੀ ਅਕਾਲ ਤਖਤ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਭਜਨ ਸਿੰਘ ਯੋਗੀ ਅਮਰੀਕਾ, ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਅਸੀਸ ਅਤੇ ਸ਼ਲਾਘਾ ਪ੍ਰਾਪਤ ਮਿਲੀ। ਪੰਜਾਬੀ ਪ੍ਰਵਾਸੀਆਂ ਦੀ ਸੇਵਾ ਹਿੱਤ ਇੰਡੀਅਨ ਐਬਰੋਡ ਐਂਡ ਪੰਜਾਬ ਇੰਮਪੈਕਟ 2004 ਵਿੱਚ ਛਾਪੀ ਅਤੇ 25-12-2004 ਨੂੰ ਫਤਿਹਗੜ ਸਾਹਿਬ ਵਿਖੇ ਉਸ ਸਮੇਂ ਦੇ ਭਾਰਤ ਦੇ ਕੈਬਨਿਟ ਮੰਤਰੀ ਸੁਖਦੇਵ ਸਿੰਘ ਢੀਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਤਖਤ ਦਮਦਮਾ ਸਾਹਿਬ ਅਤੇ ਤਖਤ ਪਟਨਾ ਸਾਹਿਬ ਦੀ ਹਾਜ਼ਰੀ 'ਚ ਰਲੀਜ਼ ਕੀਤੀ । ਸਾਲ 2005 ਦੀ ਅਪ੍ਰੈਲ 'ਚ ਸ਼ੇਰਗਿੱਲ ਵਲੋਂ ਸਿੱਖ ਪਗੜੀ ਦੇ ਪੱਖ ਅਤੇ ਹੱਕ ਲਈ ਅੰਤਰਾਰਸ਼ਟਰੀ ਸੋਵੀਨਰ ਪ੍ਰਕਾਸ਼ ਕੀਤਾ ਜਿਸ ਨੂੰ ਅਜੀਤ ਪ੍ਰਕਾਸ਼ਨ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਵਲੋਂ ਕੌਮ ਨੂੰ ਸਮਰਪਿਤ ਕੀਤਾ ਗਿਆ। ਨਰਪਾਲ ਸਿੰਘ ਨੇ ਆਪਣਾ ਸਲਾਨਾ ਐਡੀਸ਼ਨ ਸਭ ਸਿਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਸਾਹਿਬ ਜੀ ਦੇ ਤਿੰਨ ਸੌ ਸਾਲਾ ਸਥਾਪਨਾ ਦਿਵਸ ਸਮੇਂ ਪ੍ਰਕਾਸ਼ਤ ਕੀਤਾ। ਅਪ੍ਰੈਲ 2011'ਚ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ ਸਿੱਖਾਂ ਦੀ ਪਗੜੀ ਮੁਹਿੰਮ ਅਤੇ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿਰੋਧ ਵਿੱਚ ਆਪਣੀ ਵੱਖਰੀ ਪਹਿਚਾਣ ਲੈ ਕੇ ਆਇਆ, ਜੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਵਲੋਂ ਪੰਜਾਬੀ ਪਾਠਕਾਂ ਦੇ ਸਪੁਰਦ ਕੀਤਾ ਗਿਆ। ਇੰਡੀਅਨ ਐਵਰੋਡ ਦਾ 17 ਵਾਂ ਐਡੀਸ਼ਨ ਛਾਪਿਆ ਗਿਆ, ਜਿਸ ਵਿੱਚ ਸਿੱਖ ਜਗਤ ਦੀ ਏ ਟੂ ਜੈਡ ਡਾਇਰੈਕਟਰੀ ਦੇ ਨਾਲ ਨਾਲ 350 ਵੇਂ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਨਾਲ ਸਬੰਧਤ ਇਤਹਾਸ ਅਤੇ ਇਤਹਾਸਕ ਮਹੱਤਤਾ ਦਰਸਾਉਂਦਾ 8 ਸਫਿਆ ਦਾ ਸਪਲੀਮੈਂਟ ਵੀ ਸ਼ਾਮਲ ਹੈ।ਇਨਾਂ ਪ੍ਰਾਪਤੀਆਂ ਸਦਕਾ ਜਿਥੇ ਉਨਾਂ ਨੂੰ ਦੇਸ ਵਿਦੇਸ਼ 'ਚ ਲੋਕਾਂ ਵਲੋਂ ਸਨਮਾਨ ਮਿਲੇ, ਉਥੇ 2015 'ਚ ਦੂਰਦਰਸ਼ਨ ਜਲੰਧਰ ਤੇ ਸਿੱਧੇ ਪ੍ਰਸਾਰਣ ਦੌਰਾਨ ਪੰਜਾਬੀ ਅਕਾਡਮੀ ਜਲੰਧਰ ਵਲੋਂ ਕੀਤਾ ਸਨਮਾਨ,ਇੱਕ ਅਭੁਲ ਤੇ ਯਾਦਗਾਰੀ ਸਨਾਮਨ ਸੀ।
ਸਾਹਿੱਤਕ , ਪੱਤਰਕਾਰੀ, ਸੰਪਾਦਨਾ ਦੇ ਖੇਤਰ ਵਿੱਚ ਆਪਣੀ ਜ਼ੁੰਮੇਵਾਰੀ ਨਿਭਾਉਂਦਿਆਂ ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਰੋਟੀ ਰੋਜ਼ੀ ਲਈ ਵਿਦੇਸ਼ ਵਿੱਚ ਖਾਸ ਕਰਕੇ ਬਰਤਾਨੀਆਂ ਵਿੱਚ ਆਪਣਾ ਕਾਰੋਬਾਰ ਕੀਤਾ। ਇਮਾਨਦਾਰੀ ਵਾਲਾ ਕਾਰੋਬਾਰ ਕਰਦਿਆਂ ਉਸਨੇ ਬਰਤਾਨੀਆਂ ਵਿੱਚ ਕਾਰੋਬਾਰੀ ਪੰਜਾਬੀਆਂ ਅਤੇ ਏਸ਼ੀਆਈ ਲੋਕਾਂ ਨਾਲ ਆਪਣੇ ਨਿਵੇਕਲੇ ਸਬੰਧ ਬਣਾਏ। ਵਪਾਰ ਵਿੱਚ ਨਸਲਵਾਦੀ , ਸਨਕੀ ਗੋਰਿਆਂ ਉਹਦਾ ਕਾਰੋਬਾਰ ਵੀ ਉਜਾੜਿਆ ਪਰ ਉਸਨੇ ਹਿੰਮਤ ਨਹੀਂ ਹਾਰੀ। ਨਿਰੰਤਰ ਕੋਸ਼ਿਸ਼ਾਂ ਕਰਦਿਆਂ ਆਪਣੇ ਵਪਾਰਕ ਖੇਤਰ ਨੂੰ ਚੌੜਿਆਂ ਕਰਕੇ “ਮੇਕ ਇਨ ਇੰਡੀਆ” ਦੀ ਪਰਪੱਕ ਮਿਸਾਲ ਦਿੰਦਿਆਂ ਪਟਿਆਲੇ ਆਪਣਾ ਕਾਰੋਬਾਰ ਆਪਣੇ ਐਮ.ਬੀ.ਏ. ਸਪੁੱਤਰ ਨਵਜੋਤ ਸਿੰਘ ਸ਼ੇਰਗਿੱਲ ਰਾਹੀਂ ਵਿਕਸਤ ਕਰਕੇ ਅਤੇ ਪੂਰੇ ਬਰਤਾਨੀਆਂ ਨੂੰ ਪਟਿਆਲੇ ਬਣੀਆਂ ਇਹ ਸ਼ੁਧ ਵਸਤੂਆਂ ਬਰਾਮਦ ਅਤੇ ਦਰਾਮਦ ਕਰਕੇ, ਵਪਾਰਿਕ ਖੇਤਰ 'ਚ ਉਹ ਕੁਝ ਕਰ ਵਿਖਾਇਆ, ਜਿਸਦਾ ਸੁਪਨਾ ਕੇਂਦਰ ਸਰਕਾਰ ਨੇ ਨਵੇਂ ਭਾਰਤ ਦੇ ਨਿਰਮਾਣ ਲਈ ਚਿਤਵਿਆ ਹੈ। ਕੁਝ ਵਰੇ ਪਹਿਲਾਂ ਆਪਣੀ ਪਤਨੀ ਦੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਨ ਉਪਰੰਤ ਉਹ ਕੁਝ ਸਮਾਂ ਉਪਰਾਮ ਜ਼ਰੂਰ ਰਿਹਾ, ਪਰ ਫਿਰ ਪੁਰਾਣੀ ਗਤੀ ਨਾਲ ਗ੍ਰਹਿਸਥ ਦੀਆਂ ਜ਼ੁੰਮੇਵਾਰੀਆਂ ਨਿਭਾਉਂਦਿਆਂ, ਮੁੜ ਜ਼ਿੰਦਗੀ ਨੂੰ ਉਸੇ ਗਤੀ ਨਾਲ ਤੋਰਨ ਵਾਲਾ ਉਹ ਨਿਵੇਕਲਾ ਸਖ਼ਸ਼ ਹੈ, ਜਿਸਦੀ ਸ਼ਰਧਾ ਪੰਜਾਬ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਪ੍ਰਤੀ ਅਥਾਹ ਹੈ।
ਪੰਜਾਹ ਵਰਿਆਂ ਤੋਂ ਨਰਪਾਲ ਸਿੰਘ ਸ਼ੇਰਗਿੱਲ ਦਾ ਸਾਹਿਤੱਕ ਭਾਰਤੀ ਨਾਗਰਿਕ , ਪੱਤਰਕਾਰੀ ਦੀ ਸੇਵਾ ਦਾ ਕੌਮਾਂਤਰੀ ਸਫਰ, ਇੱਕ ਰੰਗਲੇ ਪੰਜਾਬੀ ਦੀ ਵਿਲੱਖਣ ਇਤਹਾਸਕ ਦਾਸਤਾਨ ਹੈ, ਜਿਸ ਉਤੇ ਮਾਣ ਕਰਨਾ ਬਣਦਾ ਹੈ, ਉਨਾਂ ਪੰਜਾਬੀਆਂ ਨੂੰ ਵੀ ਜਿਹੜੇ ਉਹਦੇ ਕਦਮ ਚਿੰਨਾਂ ਉੱਤੇ ਤੁਰਨ ਦੀ ਤਾਂਘ ਰੱਖਦੇ ਹਨ ਅਤੇ ਉਨਾਂ ਨੂੰ ਵੀ ਜਿਹੜੇ ਕਦੇ ਕਦਾਈ ਉਹਦੀ ਜ਼ਿੰਦਗੀ ਦੇ ਸਫਰ ਵਿੱਚ ਦੋ ਚਾਰ ਕਦਮਾਂ ਦੀ ਵੀ ਸਾਂਝ ਪਾ ਸਕੇ ਹਨ। ਮੇਰੇ ਵਰਗੇ ਉਨਾਂ ਦੇ ਦੋਸਤਾਂ ਦੀ ਕਾਮਨਾ ਹੈ ਕਿ ਉਨਾਂ ਦੀ ਉਮਰ ਲੰਮੀ ਹੋਵੇ ਅਤੇ ਉਹ ਪੰਜਾਬ,ਪੰਜਾਬੀਆਂ ਅਤੇ ਪੰਜਾਬੀਅਤ ਦੀ ਸੇਵਾ ਲਈ ਹੋਰ ਲੰਮੇ ਵਰੇ ਕਰਮਸ਼ੀਲ ਰਹਿਣ ! ਸ਼ਾਲਾ! ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ ਦਾ ਸੰਪਾਦਕ ਸ਼ੇਰਗਿੱਲ ਲੋਕਾਂ ਦਾ ਐਨਾ ਜੱਸ ਖੱਟੇ ਕਿ ਉਸ ਨੂੰ ਇੰਜ ਜਾਪੇ ਜਿਵੇਂ ਉਹਦੀ ਆਪਣੀ ਹੋਂਦ ਤਾਂ ਹੈ ਹੀ ਨਹੀਂ, ਉਹ ਤਾਂ ਆਪ ਹੀ 'ਲੋਕ' ਬਣ ਗਿਆ ਹੈ।…
-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.