ਸਿਰਲੇਖ ਪੜ੍ਹ ਕੇ ਬੇਚੈਨ ਨਾ ਹੋਵੋ ਦੋਸਤੋ। ਮੈਂ ਕਿਸੇ ਨੂੰ ਮੰਦਾ-ਚੰਗਾ ਨਹੀਂ ਲਿਖ ਰਿਹਾ। ਮੈਂ ਤਾਂ ਅੱਜ ਦਾ ਇਕ ਵਰਤਾਰਾ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਰੋਜ਼ਮੱਰਾ ਵਾਂਗ ਅੱਜ ਫੇਰ ਮੇਰੀ ਇਕ ਜੌਬ ਸਾਊਥ ਆਸਟ੍ਰੇਲੀਆ ਏਰੀਏ 'ਬਰੋਸਾ ਵੈਲੀ' ਦੇ ਇਕ ਛੋਟੇ ਜਿਹੇ ਪਿੰਡ 'ਕੇਨਟਨ' ਵਿਖੇ ਸੀ। ਸੌ-ਡੁਢ ਕੁ ਸੋ ਦੀ ਆਬਾਦੀ ਵਾਲੇ ਇਸ ਪਿੰਡ ਦੇ ਬਾਹਰ-ਬਾਹਰ ਇਕ ਗੋਰਿਆਂ ਦੀ ਢਾਣੀ। ਜਿਸ ਵਿਚ ਇਕ ਅਧਖੜ ਜਿਹੀ ਉਮਰ ਦਾ ਜੋੜਾ, ਇਕ ਚਕਵੇ ਜਿਹੇ ਘਰ 'ਚ ਰਹਿੰਦਾ ਹੈ। ਕਿੱਤਾ ਘੋੜੇ ਤੇ ਭੇਡਾਂ ਪਾਲਣ ਦਾ। ਜਦੋਂ ਮੈਂ ਵੈਨ ਉਨ੍ਹਾਂ ਦੀ ਢਾਣੀ 'ਚ ਜਾ ਖੜ੍ਹਾਈ ਤਾਂ ਤਿੰਨ ਚਾਰ ਕੁੱਤੇ ਤੇ ਇਕ ਭੇਡੂ ਮੇਰੇ ਵੱਲ ਨੂੰ ਉਲੀ-ਉਲੀ ਕਰਕੇ ਆ ਗਏ। ਰੱਬ ਸਬੱਬੀਂ ਕੱਲ੍ਹ ਪਰਸੋਂ ਹੀ ਇਕ ਵੀਡੀਓ ਦੇਖੀ ਸੀ, ਜਿਸ 'ਚ ਇਕ ਬੱਕਰਾ ਲੋਕਾਂ ਦਾ ਗਧੀ ਗੇੜ ਪਾਈ ਫਿਰਦਾ ਸੀ। ਕੁੱਤਿਆਂ ਤੋਂ ਤਾਂ ਕੋਈ ਡਰ ਜਿਹਾ ਨਹੀਂ ਲੱਗਿਆ ਪਰ ਭੇਡੂ ਨੂੰ ਦੇਖ ਮੈਂ ਛਾਲ ਮਾਰ ਮੁੜ ਵੈਨ 'ਚ ਬਹਿ ਕੇ ਕੁੰਡੀ ਲਾ ਲਈ। ਹਾਰਨ-ਹੁਰਨ ਜਿਹੇ ਬਜਾਏ ਤਾਂ ਘਰ ਅੰਦਰੋਂ ਗੋਰੀ ਬਾਹਰ ਆ ਗਈ। ਕਹਿੰਦੀ ਉੱਤਰ ਆ, ਕੁੱਝ ਨਹੀਂ ਕਹਿੰਦੇ ਇਹ ਤੈਨੂੰ। ਜਦੋਂ ਮੈਂ ਆਪਣੀ ਸ਼ੰਕਾ ਜ਼ਾਹਿਰ ਕੀਤੀ ਕਿ ਮੈਨੂੰ ਕੁੱਤਿਆਂ ਤੋਂ ਘੱਟ ਤੇ ਆਹ ਭੇਡੂ ਜਿਹੇ ਤੋਂ ਵੱਧ ਡਰ ਲਗਦਾ। ਤਾਂ ਉਹ ਕਹਿੰਦੀ ''ਡਰ ਨਾ, ਇਹਦਾ ਸਿਰ ਜਿਹਾ ਪਲੋਸ ਦੇ, ਇਹ ਭੇਡੂ ਆਪਣੇ ਆਪ ਨੂੰ ਕੁੱਤਾ ਹੀ ਸਮਝਦਾ।'' ''ਹੈਂਅ! ਇਹ ਗੱਲ ਪਹਿਲੀ ਵਾਰ ਸੁਣੀ'', ਮੈਂ ਹੈਰਾਨਗੀ ਜ਼ਾਹਿਰ ਕੀਤੀ।
ਮੈਂ ਸਹਿਮਿਆ ਜਿਹਾ ਵੈਨ 'ਚੋਂ ਉੱਤਰ ਆਇਆ ਤੇ ਤਿੰਨੇ ਕੁੱਤੇ ਤੇ ਭੇਡੂ ਮੈਨੂੰ ਟਾਂਗੀਆਂ ਲਾਉਣ ਲੱਗ ਪਏ। ਚਲੋ! ਕਿਵੇਂ ਨਾ ਕਿਵੇਂ ਪਲੋਸ ਕੇ ਜਿਹੇ ਖਹਿੜਾ ਛਡਾ ਲਿਆ। ਪਰ ਮਨ ਅੰਦਰ ਸਵਾਲ ਛਾਲਾ ਮਾਰਨ ਲੱਗਿਆ ਕਿ ਇਹ ਭੇਡੂ ਆਪਣੇ ਆਪ ਨੂੰ ਕੁੱਤਾ ਕਿਵੇਂ ਸਮਝਣ ਲੱਗ ਪਿਆ? ਦਸ ਕੁ ਮਿੰਟਾਂ ਦੀ ਜੌਬ ਸੀ ਤੇ ਮੈਂ ਵਾਪਸ ਜਾਣ ਲੱਗਿਆਂ ਗੋਰੀ ਨੂੰ ਬੇਨਤੀ ਕਰ ਹੀ ਲਈ ਕਿ ਕੀ ਤੁਸੀਂ ਮੈਨੂੰ ਭੇਡੂ ਦੇ ਕੁੱਤਾ ਬੰਨ੍ਹਣ ਵਾਲੀ ਕਹਾਣੀ ਦਾ ਪਿਛੋਕੜ ਦਸ ਸਕਦੇ ਹੋ?
ਗੋਰੀ ਕਹਿੰਦੀ ਲੈ ਸੁਣ ਲੈ! ''ਦੋ ਕੁ ਵਰ੍ਹੇ ਪਹਿਲਾਂ ਇਸ ਦਾ ਜਨਮ ਹੋਇਆ ਤੇ ਜਦੋਂ ਇਹ ਦੋ ਦਿਨਾਂ ਦਾ ਸੀ ਤਾਂ ਇਸ ਨੂੰ ਲੋੜ੍ਹੇ ਦਾ ਤਾਪ ਚੜ੍ਹ ਗਿਆ। ਮੈਂ ਤੇ ਤੇਰਾ ਚਾਚਾ ਕੋਲਿਨ(ਗੋਰੇ ਦਾ ਨਾਂ)ਇਸ ਨੂੰ ਘਰ ਅੰਦਰ ਲੈ ਆਏ ਤਿੰਨ ਚਾਰ ਦਿਨ ਇਲਾਜ ਕੀਤਾ। ਚੁੰਘਣੀ ਨਾਲ ਦੁੱਧ ਪਿਆਇਆ ਤੇ ਅਸੀਂ ਰਾਤ ਨੂੰ ਸਾਡੇ ਕੋਲ ਪੈਂਦੇ ਕੁੱਤਿਆਂ 'ਚ ਹੀ ਇਸ ਨੂੰ ਸੁਆ ਦਿੰਦੇ ਸੀ। ਜਦੋਂ ਪੰਜਵੇਂ ਦਿਨ ਅਸੀਂ ਇਸ ਦੀ ਮਾਂ ਕੋਲ ਇਸ ਨੂੰ ਇੱਜੜ 'ਚ ਛੱਡਣ ਗਏ ਤਾਂ ਇਹਦੀ ਦੀ ਮਾਂ ਤਾਂ ਇਹਦੇ ਵੱਲ ਅਹੁੜੇ, ਪਰ ਇਹ ਨੱਕ ਨਾ ਕਰੇ ਉਧਰ ਨੂੰ। ਮੁੜ ਮੁੜ ਕੁੱਤਿਆਂ ਵੱਲ ਆਵੇ। ਜਦੋਂ ਇਸ ਦੀ ਮਾਂ ਕੁੱਤਿਆਂ ਨੂੰ ਦਬੱਲੇ, ਤਾਂ ਕੁੱਤੇ ਇਸ ਨੂੰ ਬਚਾਉਣ। ਉੱਥੇ ਇਹਨਾਂ 'ਚ ਬਹੁਤ ਕਲੇਸ ਹੋਇਆ, ਪਰ ਅੰਤ ਨੂੰ ਇਹ ਕੁੱਤਿਆਂ ਨਾਲ ਭੱਜ ਕੇ ਘਰੇ ਆ ਗਿਆ। ਚਲੋ ਸਾਨੂੰ ਵੀ ਇਸ ਦੀ ਆਦਤ ਜਿਹੀ ਪੈ ਗਈ। ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹ ਆਪਣਾ ਕੋੜਮਾ ਛੱਡ, ਕੋੜਮੇ ਦੇ ਰੀਤੀ ਰਿਵਾਜ ਛੱਡ, ਇੱਥੋਂ ਤੱਕ ਕਿ ਆਪਣਾ ਖਾਣ-ਪੀਣ ਵੀ ਛੱਡ ਕੇ ਕੁੱਤਿਆਂ ਵਾਲੇ ਬਿਸਕੁਟ ਹੀ ਖਾਣ ਲੱਗ ਪਿਆ। ਸਿਆਣਾ(ਡਾਕਟਰ) ਵੀ ਸੱਦਿਆ ਸੀ, ਉਹ ਕਹਿੰਦਾ ਵੀ ਭਾਈ ਇਹ ਦੇ ਤਾਂ ਦਿਮਾਗ਼ ਦੀ ਸੂਈ ਅੜ ਗਈ ਤੇ ਹੁਣ ਤਾਂ ਔਖਾ ਇਸ ਦਾ ਵਾਪਸ ਆਪਣੇ ਕੋੜਮੇ 'ਚ ਜਾਣਾ। ਮੁੱਕਦੀ ਗੱਲ ਆਪਣੇ ਆਪ ਨੂੰ ਕੁੱਤਾ ਸਮਝਦਾ, ਕੁੱਤੇ ਕੰਮ ਕਰਦਾ, ਕਾਰਾਂ ਮਗਰ ਭੱਜਦਾ, ਭੌਂਕਣ ਦੀ ਕੋਸ਼ਿਸ਼ ਕਰਦਾ, ਆਪਦੀ ਹੀ ਪੂਛ ਫੜਨ ਲੱਗ ਜਾਂਦਾ, ਇੱਥੋਂ ਤਕ ਕਿ ਮੂਤਣ ਲੱਗਿਆ ਵੀ ਖੰਭਾ ਭਾਲਦਾ।''
ਗੱਲਾਂ ਮਾਰਨ 'ਚ ਗੋਰੀ ਆਗਿਓ ਮਿੰਟੂ ਬਰਾੜ ਦਾ ਵੀ ਪਿਓ ਨਿਕਲੀ। ਮੈਂ ਇਕ ਗੱਲ ਪੁੱਛੀ ਤੇ ਉਹ ਬਾਤ ਹੀ ਸੁਣਾਉਣ ਲੱਗ ਪਈ। ਪਰ ਬਾਤ ਸੀ ਤਾਜ਼ਗੀ, ਜਾਣਕਾਰੀ, ਹੈਰਾਨੀਜਨਕ ਤੇ ਗਿਆਨ ਭਰਪੂਰ।
ਮੈਂ ਤੁਰਨ ਲੱਗਿਆ ਤਾਂ ਕਹਿੰਦੀ ''ਪੂਰੀ ਗੱਲ ਤਾਂ ਸੁਣ ਜਾ!'' ਮੈਂ ਫੇਰ ਖੜ ਗਿਆ। ਕਹਿੰਦੀ ''ਹੁਣ ਤਾਂ ਇਸ ਦੀ ਮਾਂ ਅਸੀਂ ਮੀਟ ਵਾਲਿਆਂ ਨੂੰ ਵੇਚ ਦਿੱਤੀ। ਪਰ ਜਿਨ੍ਹਾਂ ਚਿਰ ਜਿਉਂਦੀ ਰਹੀ ਉੱਨੀ ਦੇਰ ਇਹਨਾਂ 'ਚ ਇੱਟ ਕੁੱਤੇ ਦਾ ਵੈਰ ਰਿਹਾ। ਸ਼ੁਰੂ-ਸ਼ੁਰੂ 'ਚ ਤਾਂ ਉਹ ਇਕੱਲੀ ਕੁੱਤਿਆਂ ਨੂੰ ਵਾੜੇ 'ਚ ਵੜਨ ਨਾ ਦਿਆ ਕਰੇ ਪਰ ਬਾਅਦ 'ਚ ਉਸ ਦਾ ਕੋੜਮਾ ਵੀ ਕੁੱਤਿਆਂ ਦਾ ਵੈਰੀ ਬਣ ਗਿਆ ਸੀ। ਹੁਣ ਜਦੋਂ ਦੀ ਉਹ ਵੇਚੀ ਹੈ ਉਦੋਂ ਦਾ ਥੋੜ੍ਹਾ ਜਿਹਾ ਟਿਕਾਅ।''
ਮੇਰੀ ਜਿਗਿਆਸਾ ਹੋਰ ਜਾਗ ਪਈ ਤੇ ਮੈਂ ਵੀ ਹੁੰਗਾਰੇ ਭਰਨ ਦੀ ਥਾਂ ਸਵਾਲ ਕਰਨ ਲੱਗਿਆ। ਮੈਂ ਪੁੱਛਿਆ ''ਇਹ ਚਾਰ ਕੁੱਤੇ ਇਕੱਲੇ ਭੇਡੂ ਨਾਲ ਕਦੇ ਕਦਾਈਂ ਕੁੱਤੇ-ਖਾਣੀ ਨਹੀਂ ਕਰਦੇ? ਕਹਿੰਦੀ ''ਨਾ ਜੀ ਨਾ, ਇਹ ਤਾਂ ਇਹਨਾਂ ਦਾ ਸਰਪੰਚ ਬਣ ਕੇ ਰਹਿੰਦਾ, ਕੀ ਮਜਾਲ ਇਸ ਦੀ ਆਗਿਆ ਤੋਂ ਬਿਨਾਂ ਕੋਈ ਕੁਤਾ ਪੂਛ ਹੀ ਹਿਲਾ ਲਵੇ। ਮੈਂ ਮਜ਼ਾਕ 'ਚ ਕਿਹਾ ਕਿ ਫੇਰ ਤਾਂ ਹੁਣ ਇਹ ਕੁੱਤੇ ਪਛਤਾਉਂਦੇ ਹੋਣਗੇ ਇਸ ਦਾ ਦਲ ਬਦਲਾਕੇ।
ਜਦੋਂ ਮੈ ਗੋਰੀ ਨੂੰ ਭਾਵੁਕ ਜਿਹੇ ਹੁੰਦੇ ਦੇਖਿਆਂ ਤਾਂ ਗੱਲ ਅਗੇ ਤੋਰਦਿਆਂ ਪੁਛਿਆ, ''ਤੁਹਾਨੂੰ ਕਿਵੇਂ ਲਗਦਾ ਇਸ ਨੂੰ ਕੁੱਤੇ ਦੇ ਰੂਪ 'ਚ ਦੇਖ ਕੇ?'' ਕਹਿੰਦੀ ''ਅਸੀਂ ਤਾਂ ਥੋੜਾ ਜਿਹਾ ਦਿਲੋਂ ਦੁਖੀ ਹਾਂ। ਮੈਂ ਹੈਰਾਨ ਹੋ ਕੇ ਪੁੱਛਿਆ ਕਿਉਂ? ਕਹਿੰਦੀ ਸਾਨੂੰ ਇੰਜ ਲਗਦਾ ਜਿਵੇਂ ਅਸੀਂ ਇਕ ਮਾਂ ਤੋਂ ਉਸ ਦਾ ਪੁੱਤ ਖੋਹ ਕੇ ਉਸ ਦਾ ਧਰਮ ਪਰਵਰਤਨ ਕਰਵਾ ਦਿੱਤਾ ਹੋਵੇ। ਇੰਜ ਲਗਦਾ ਜਿਵੇਂ ਇਕ ਅਣਭੋਲ ਬੱਚੇ ਦੇ ਦਿਮਾਗ਼ 'ਚ ਉਸ ਦੇ ਆਪਣੀਆਂ ਪ੍ਰਤੀ ਜ਼ਹਿਰ ਭਰ ਦਿੱਤਾ ਹੋਵੇ। ਤੈਨੂੰ ਪਤਾ ਅਸੀਂ ਇਹ ਭੇਡਾਂ ਕੋਈ ਸ਼ੋਕ ਲਈ ਨਹੀਂ ਪਾਲ਼ੀਆਂ, ਇਹ ਸਾਡਾ ਧੰਦਾ। ਅਸੀਂ ਇਹਨਾਂ ਨੂੰ ਮੀਟ ਫ਼ੈਕਟਰੀ ਨੂੰ ਵੇਚ ਕੇ ਪੈਸੇ ਕਮਾਉਂਦੇ ਹਾਂ। ਪਿਛਲੇ ਪੱਚੀ ਵਰ੍ਹਿਆਂ 'ਚ ਅਣਗਿਣਤ ਭੇਡਾਂ ਕਸਾਈਆਂ ਦੇ ਟਰੱਕਾਂ ਤੇ ਚਾੜ੍ਹ ਚੁੱਕੇ ਹਾਂ। ਪਰ ਜਿਸ ਦਿਨ ਇਸ ਦੀ ਮਾਂ ਵੇਚੀ ਸੀ ਮੇਰੇ ਅੰਦਰੋਂ ਤਰਾਹਾਂ ਨਿਕਲ ਗਈਆਂ ਸਨ। ਮੈਨੂੰ ਇੰਜ ਲੱਗਦਾ ਜਿਵੇਂ ਮੈਂ ਉਸ ਦੀ ਦੋਸ਼ੀ ਹੋਵਾ। ਪਰ ਫੇਰ ਸੋਚਦੀ ਹਾਂ ਕਿ ਜੇ ਅਸੀਂ ਉਸ ਦਿਨ ਇਸ ਨੂੰ ਨਾ ਸਾਂਭਦੇ ਤਾਂ ਇਸ ਨੇ ਬੁਖ਼ਾਰ ਨਾਲ ਹੀ ਮਰ ਜਾਣਾ ਸੀ।
ਸ਼ੁਗ਼ਲ 'ਚ ਸ਼ੁਰੂ ਹੋਈ ਇਹ ਬਾਤ ਅੰਤ 'ਚ ਅੱਖਾਂ ਗਿੱਲੀਆਂ ਕਰਨ ਤੱਕ ਪਹੁੰਚ ਚੁੱਕੀ ਸੀ। ਮੇਰੇ ਕੋਲ ਹਾਲੇ ਇਕ ਹੋਰ ਜੌਬ ਕਰਨ ਨੂੰ ਪਈ ਸੀ ਸੋ ਬਹੁਤ ਸਾਰੇ ਸਵਾਲ ਮਨ 'ਚ ਲੈ ਕੇ ਉਸ ਭੇਡੂ ਦਾ ਸਿਰ ਪਲੋਸਦਾ ਹੋਇਆ ਮੈਂ ਵੈਨ 'ਚ ਆ ਬੈਠਿਆ। ਢਾਣੀ ਦੀ ਦੋ ਕਿੱਲੇ ਲੰਮੀ ਪਹੀ ਤੇ ਮੇਰੀ ਵੈਨ ਮਗਰ ਭੱਜ ਕੇ ਭੇਡੂ ਨੇ ਆਪਣੇ 'ਕੁੱਤਾ' ਹੋਣ ਸਬੂਤ ਦਿਤਾ ਤੇ ਫ਼ਰਜ਼ ਨਿਭਾਇਆ। ਜਿਉਂ ਹੀ ਮੈਂ ਸੜਕ ਤੇ ਚੜ੍ਹਿਆ ਤਾਂ ਇਕ ਪਛਤਾਵਾ ਜਿਹਾ ਲੱਗ ਗਿਆ ਕਿ ਕਾਸ਼ ਆਪਣੇ ਯੁ-ਟੁਅਬ ਦੇ ਸ਼ੋਅ 'ਪੇਂਡੂ ਆਸਟ੍ਰੇਲੀਆ' ਲਈ ਉਸ ਸਾਰੇ ਵਾਰਤਾਲਾਪ ਦਾ ਵੀਡੀਓ ਹੀ ਬਣਾ ਲੈਂਦਾ। ਪਰ ਹੁਣ ਸਮਾਂ ਲੰਘ ਚੁੱਕਿਆ ਸੀ। ਸਿਰਫ਼ ਇਹੀ ਸਵਾਲ ਜ਼ਿਹਨ 'ਚ ਸਨ ਕਿ ''ਆਲ੍ਹਾ-ਦੁਆਲਾ ਅਤੇ ਪਾਲਣ-ਪੋਸਣ ਤਾਂ ਜਾਨਵਰਾਂ ਦੀ ਸੋਚ ਬਦਲ ਦਿੰਦੇ ਹਨ ਫੇਰ ਮਨੁੱਖ ਕਿਹੜੇ ਬਾਗ਼ ਦੀ ਮੂਲ਼ੀ ਹੈ।''
-
ਮਿੰਟੂ ਬਰਾਰ,
mintubrar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.