ਪੰਜਾਬ ਵਿੱਚ ਜਿਵੇਂ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ, ਉਵੇਂ ਹੀ ਆਮ ਆਦਮੀ ਪ ਾਰਟੀ ਦੀ ਚਰਚਾ ਹੈ। ਚਰਚਾ ਹੈ ਕਿ ਇਹ ਪਾਰਟੀ ਪੰਜਾਬ ਵਿੱਚ ਰਾਜ ਕਰਨ ਆ ਰਹੀ ਹੈ ਅਤੇ ਇਹੋ ਪਾਰਟੀ ਲੋਕਾਂ ਦੇ ਦੁੱਖ-ਦਲਿੱਦਰ ਦੂਰ ਕਰ ਸਕਦੀ ਹੈ। ਆਮ ਆਦਮੀ ਪਾਰਟੀ ਵਿਦੇਸ਼ ਵਸਦੇ ਪੰਜਾਬੀਆਂ ਰਾਹੀਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਨਾਂ ਵੱਲੋਂ ਇਸ ਪਾਰਟੀ ਨੂੰ ਤਨੋਂ, ਮਨੋਂ, ਧਨੋਂ ਹਰ ਕਿਸਮ ਦਾ ਸਹਿਯੋਗ-ਸਹਾਇਤਾ ਦਿੱਤੀ ਗਈ ਅਤੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਵਿੱਚੋਂ ਇਹ ਪਾਰਟੀ ਚਾਰ ਲੋਕ ਸਭਾ ਸੀਟਾਂ ਜਿੱਤ ਕੇ, ਲੱਗਭੱਗ 30 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰ ਕੇ ਆਪਣੀ ਧਾਂਕ ਬਿਠਾ ਗਈ। ਮੁਸੀਬਤਾਂ ਦੇ ਮਾਰੇ ਲੋਕ ਪੰਜਾਬ 'ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ, ਖ਼ਾਸ ਕਰ ਕੇ ਨੌਜਵਾਨ ਆਪ-ਮੁਹਾਰੇ ਇਸ ਪਾਰਟੀ ਵੱਲ ਖਿੱਚੇ ਤੁਰੇ ਗਏ। ਇਸ ਵੇਲੇ ਵਿਧਾਨ ਸਭਾ 2017 ਦੀਆਂ ਚੋਣ ਤਿਆਰੀਆਂ 'ਚ ਇਹ ਪਾਰਟੀ ਆਪਣਾ ਸੱਭੋ ਕੁਝ ਦਾਅ 'ਤੇ ਲਾ ਕੇ 'ਪੰਜਾਬ ਜਿੱਤਣ' ਦੀ ਮੁਹਿੰਮ 'ਤੇ ਤੁਰੀ ਹੋਈ ਹੈ, ਤੇ ਇਹ ਇਸ ਗੱਲ ਦੇ ਬਾਵਜੂਦ ਕਿ ਲੋਕ ਸਭਾ ਚੋਣਾਂ 'ਚ ਲੜੇ-ਜਿੱਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ ਸਮੇਤ ਕੁਝ ਲੋਕ ਇਸ ਤੋਂ ਕਿਨਾਰਾ ਕਰੀ ਬੈਠੇ ਹਨ, ਅਤੇ ਅੰਦਰੋਂ-ਬਾਹਰੋਂ ਇਸ ਨੂੰ ਪੰਜਾਬ ਦੀਆਂ ਬਾਕੀ ਬਹੁਤੀਆਂ ਰਾਜਨੀਤਕ ਪਾਰਟੀਆਂ ਵਰਗੀ 'ਤਾਕਤ ਦੀ ਭੁੱਖੀ ਪਾਰਟੀ' ਗਰਦਾਨਣ ਲੱਗ ਪਏ ਹਨ।
ਆਪ ਪੰਜਾਬ ਸਰ ਕਰਨ ਲਈ ਹਾਕਮ ਜਮਾਤ ਅਤੇ ਕਾਂਗਰਸ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਕੇ ਰਾਜ 'ਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ, ਰੇਤਾ-ਬੱਜਰੀ ਖਨਣ, ਕੁਨਬਾਪਰਵਰੀ, ਬੇਰੁਜ਼ਗਾਰੀ, ਸਰਕਾਰੀ ਬਦ-ਇੰਤਜ਼ਾਮੀ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਵਾਹੋ-ਦਾਹੀ ਰੈਲੀਆਂ, ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਵੱਡੀ ਗਿਣਤੀ 'ਚ ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ ਦੇ ਛੋਟੇ-ਵੱਡੇ ਨੇਤਾ, ਬੁੱਧੀਜੀਵੀ, ਸਾਬਕਾ ਅਫ਼ਸਰ ਇਸ ਆਸ ਨਾਲ ਆਪ ਵਿੱਚ ਸ਼ਾਮਲ ਹੋ ਰਹੇ ਹਨ ਕਿ ਉਹ ਪੰਜਾਬ ਦੇ ਅਗਲੇ ਚੌਧਰੀ ਬਣ ਜਾਣਗੇ। ਸਵਾਰਥੀ ਨੇਤਾਵਾਂ, ਮੌਕਾ ਪ੍ਰਸਤ ਅਫ਼ਸਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਆਪ ਦੇ ਸਧਾਰਨ ਵਰਕਰਾਂ 'ਚ ਨਿਰਾਸ਼ਾ ਇਸ ਗੱਲੋਂ ਵਧ ਰਹੀ ਹੈ ਕਿ ਪੜੇ-ਲਿਖੇ ਚਤੁਰ-ਚਲਾਕ, ਤਿਕੜਮਬਾਜ਼ ਲੋਕਾਂ ਦਾ ਪਾਰਟੀ ਉੱਤੇ ਕਬਜ਼ਾ ਅਤੇ ਦਬਾਅ ਵਧ ਰਿਹਾ ਹੈ, ਅਤੇ ਆਮ ਵਰਕਰ ਨੂੰ ਬਾਕੀ ਪਾਰਟੀਆਂ ਦੇ ਆਮ ਵਰਕਰਾਂ ਵਾਂਗ ਅਣਗੌਲਿਆ ਜਾਣ ਲੱਗ ਪਿਆ ਹੈ।
ਉਂਜ ਬਹੁਤੇ ਬੁੱਧੀਜੀਵੀ, ਪੰਜਾਬ-ਹਿਤੈਸ਼ੀ, ਸਿਆਣੇ ਆਪ ਤੋਂ ਦੂਰੀ ਇਸ ਕਰ ਕੇ ਬਣਾਈ ਬੈਠੇ ਹਨ, ਕਿਉਂਕਿ ਉਨਾਂ ਨੂੰ ਇਸ ਪਾਰਟੀ ਦੀਆਂ ਨੀਤੀਆਂ, ਕਾਰਜ ਸ਼ੈਲੀ ਅਤੇ ਪੰਜਾਬ ਦੇ ਮੁੱਦਿਆਂ ਦੀ ਸਮਝ ਪ੍ਰਤੀ ਬਹੁਤੀ ਸਪੱਸ਼ਟਤਾ ਨਜ਼ਰ ਨਹੀਂ ਆ ਰਹੀ। ਉਹ ਸਵਾਲ ਕਰਦੇ ਹਨ : ਪਹਿਲਾ ਇਹ ਕਿ ਆਮ ਆਦਮੀ ਪਾਰਟੀ ਸਿਰਫ਼ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਕਰਨ ਨਾਲ ਇਸ ਦੇ ਮਸਲਿਆਂ ਦਾ ਹੱਲ ਕਰ ਦੇਵੇਗੀ? ਦੂਜਾ, ਉਹ ਪੰਜਾਬ 'ਚ ਕਿਸਾਨਾਂ, ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਦਾ ਹੱਲ ਕਰਨ ਲਈ ਕਿਹੜਾ ਪੈਂਤੜਾ ਅਪਣਾਏਗੀ? ਤੀਜਾ, ਉਹ ਦਗੜ-ਦਗੜ ਕਰਦੇ ਤੁਰੇ ਫਿਰਦੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦਾ ਕਿਵੇਂ ਪ੍ਰਬੰਧ ਕਰੇਗੀ? ਚੌਥਾ, ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਉਹ ਸਮੇਤ ਸ਼ਰਾਬ ਦੇ, ਇਥੇ ਨਸ਼ਾਬੰਦੀ ਲਾਗੂ ਕਰ ਦੇਵੇਗੀ? ਪੰਜਵਾਂ, ਪੰਜਾਬ 'ਚ ਮੌਜੂਦਾ ਤੇ ਪਹਿਲੀਆਂ ਸਰਕਾਰਾਂ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਸਰਕਾਰੀ ਸਰਪ੍ਰਸਤੀ ਨੂੰ ਤਿਲਾਂਜਲੀ ਦਿੱਤੇ ਜਾਣ ਤੋਂ ਬਾਅਦ ਕੀ ਉਹ ਕੋਈ ਪਰਪੱਕ ਸਿੱਖਿਆ ਪਾਲਿਸੀ ਅਤੇ ਹਰ ਇੱਕ ਲਈ ਚੰਗੀ ਸਿਹਤ ਨੀਤੀ ਬਣਾਉਣ ਤੇ ਲਾਗੂ ਕਰਨ ਲਈ ਉਪਰਾਲੇ ਕਰੇਗੀ? ਛੇਵਾਂ, ਐੱਸ ਵਾਈ ਐੱਲ ਪਾਣੀਆਂ ਦੇ ਮੁੱਦੇ ਨੂੰ ਉਹ ਕਿਵੇਂ ਹੱਲ ਕਰੇਗੀ? ਅਤੇ ਦਿਨੋ-ਦਿਨ ਘਟਦੇ ਪਾਣੀ ਦੇ ਜ਼ਮੀਨ ਹੇਠਲੇ ਤਲ ਨੂੰ ਰੋਕਣ ਲਈ ਉਹ ਕਿਹੜੇ ਸਾਧਨ ਅਪਣਾਏਗੀ? ਪੰਜਾਬ ਨਾਲੋਂ ਵੱਧ ਹਰਿਆਣਾ, ਦਿੱਲੀ ਦੇ ਲੋਕਾਂ ਲਈ ਪਾਣੀ ਦੇਣ ਦੀ ਚਾਹਤ ਤਹਿਤ ਪੰਜਾਬ ਦੇ ਪਾਣੀ ਕੁਰਬਾਨ ਤਾਂ ਨਹੀਂ ਕਰ ਦੇਵੇਗੀ? ਸੱਤਵਾਂ, ਪੰਜਾਬ ਦੀ ਮਾਤਾ-ਭਾਸ਼ਾ ਨੂੰ ਪੰਜਾਬ 'ਚ ਕਾਰੋਬਾਰੀ ਭਾਸ਼ਾ ਬਣਾਉਣ ਅਤੇ ਇਸ ਨੂੰ ਦਫ਼ਤਰਾਂ ਅਤੇ ਅਦਾਲਤਾਂ 'ਚ ਲਾਗੂ ਕਰਨ ਸੰਬੰਧੀ ਉਸ ਦਾ ਕੀ ਦ੍ਰਿਸ਼ਟੀਕੋਣ ਹੋਵੇਗਾ? ਅੱਠਵਾਂ, ਕੀ ਉਹ ਪੰਜਾਬ ਦੇ ਉਨਾਂ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਦਮ ਚੁੱਕੇਗੀ, ਜਿਹੜੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ? ਨੌਂਵਾਂ, ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਨਿਰਧਾਰਤ ਕਰਨ ਲਈ ਕੀ ਉਹ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਉਣ ਲਈ ਕੇਂਦਰ ਉੱਤੇ ਜ਼ੋਰ ਪਾਏਗੀ? ਦਸਵਾਂ, ਪੰਜਾਬ 'ਚ ਘਾਟੇ ਦੀ ਖੇਤੀ ਨੂੰ ਮੁੜ ਮੁਨਾਫੇ 'ਚ ਬਦਲਣ ਲਈ ਖੇਤੀ ਆਧਾਰਤ ਕਾਰਖਾਨੇ ਲਗਾਉਣ ਸੰਬੰਧੀ ਉਸ ਦਾ ਦ੍ਰਿਸ਼ਟੀਕੋਣ ਕੀ ਹੋਵੇਗਾ? ਗਿਆਰਵਾਂ, ਪੰਜਾਬ ਦੇ ਉੱਜੜ ਰਹੇ ਖੇਤਾਂ, ਫਾਊਂਡਰੀ ਅਤੇ ਛੋਟੇ ਉਦਯੋਗਾਂ ਦੀ ਪ੍ਰਫੁੱਲਤਾ ਲਈ ਉਹ ਕਿਹੜੇ ਯਤਨ ਕਰੇਗੀ? ਬਾਰਵਾਂ, ਕੀ ਉਹ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਖ਼ਾਦਾਂ ਉੱਤੇ ਸਬਸਿਡੀ ਦੇਣ ਦੀ ਹਾਮੀ ਹੈ? ਤੇਰਵਾਂ, ਪੰਜਾਬ ਦੇ ਸਮਾਜਿਕ ਮਾਮਲਿਆਂ, ਵਿਆਹਾਂ 'ਚ ਵਾਧੂ ਖ਼ਰਚ ਉੱਤੇ ਰੋਕ, ਲੜਕੀਆਂ ਦਾ ਪੇਟ 'ਚ ਕਤਲ, ਦਾਜ, ਆਦਿ ਸੰਬੰਧੀ ਉਸ ਦੀ ਕੀ ਪਹੁੰਚ ਹੋਵੇਗੀ? ਆਦਿ-ਆਦਿ।
ਪੰਜਾਬ ਖੋਖਲਾ ਹੋ ਚੁੱਕਾ ਹੈ-ਕਰਜ਼ਧਾਰੀ! ਏਨਾ ਕਰਜ਼ਾ ਸਿਰ ਚੁੱਕੀ ਬੈਠਾ ਹੈ ਕਿ ਅਗਲੇ ਸੱਤ ਸਾਲਾਂ ਵਿੱਚ ਵੀ ਉਹ ਕਰਜ਼-ਮੁਕਤ ਨਹੀਂ ਹੋ ਸਕਦਾ, ਜੇਕਰ ਉਹ ਹੁਣ ਵੀ ਕਰਜ਼ਾ ਚੁੱਕਣਾ ਬੰਦ ਕਰ ਦੇਵੇ। ਕਰਜ਼ੇ ਉੱਤੇ ਵਿਆਜ ਹੀ ਏਨਾ ਹੈ ਕਿ ਇਹੋ ਜਿਹੀ ਹਾਲਤ ਵਿੱਚ ਆਉਣ ਵਾਲੀ ਕੋਈ ਵੀ ਸਰਕਾਰ, ਚਾਹੇ ਉਹ 'ਆਪ' ਦੀ ਹੋਵੇ ਜਾਂ ਕਾਂਗਰਸ ਦੀ, ਲੋਕਾਂ ਨੂੰ ਸੁੱਖ ਕਿਵੇਂ ਦੇ ਸਕੇਗੀ? ਪੰਜਾਬ ਦੀ ਆਪ-ਹੁਦਰੀ ਹੋ ਚੁੱਕੀ ਨੌਕਰਸ਼ਾਹੀ ਰਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਹੀਂ, ਸਗੋਂ ਉਲਝਾਉਣ ਵਜੋਂ ਜਾਣੀ ਜਾਣ ਲੱਗੀ ਹੈ।
ਕੀ ਹੁਣ ਵਾਲੀ ਸਰਕਾਰ ਨੂੰ ਨਿੰਦ ਕੇ, ਉਸ ਵਿਰੁੱਧ ਜਾਇਜ਼-ਨਾਜਾਇਜ਼ ਧੂੰਆਂਧਾਰ ਪ੍ਰਚਾਰ ਕਰ ਕੇ ਹੀ ਚੋਣਾਂ 'ਚ ਜਿੱਤ ਪ੍ਰਾਪਤ ਕਰ ਲਵੇਗੀ ਆਮ ਆਦਮੀ ਪਾਰਟੀ? ਕੀ ਪਾਰਟੀ ਦੇ ਉੱਚ ਨੇਤਾ ਅਤੇ ਵਰਕਰ ਹੁਣ ਤੱਕ ਆਪਣੀ ਸੋਚ ਅਤੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਪ੍ਰਪੱਕ ਹੋ ਚੁੱਕੇ ਹਨ ਕਿ ਉਹ ਕੋਈ ਅਹੁਦਾ ਜਾਂ ਚੋਣ ਟਿਕਟ ਕਿਸੇ ਇੱਕ ਨੂੰ ਮਿਲਣ 'ਤੇ ਰੁੱਸ ਕੇ ਨਹੀਂ ਬੈਠਣਗੇ ਤੇ ਪਾਰਟੀ ਵਿਰੋਧੀ ਸਰਗਰਮੀਆਂ ਨਹੀਂ ਕਰਨਗੇ? ਆਮ ਆਦਮੀ ਪਾਰਟੀ ਪ੍ਰਤੀ ਹਵਾ ਦਾ ਸੁਭਾਵਕ ਜਿਹਾ ਰੁਖ਼ ਵੇਖ ਕੇ ਵੱਡੀ ਗਿਣਤੀ 'ਚ ਵਰਕਰ ਟਿਕਟਾਂ ਦੇ ਦਾਅਵੇਦਾਰ ਬਣੇ ਬੈਠੇ ਹਨ, ਇਹ ਜਾਣਦਿਆਂ ਹੋਇਆਂ ਵੀ ਕਿ ਉਹ ਇਸ ਸੰਵਿਧਾਨਕ ਅਹੁਦੇ ਨਾਲ ਵਿਧਾਨ ਸਭਾ 'ਚ ਜਾ ਕੇ ਇਨਸਾਫ ਕਰ ਸਕਣਗੇ ਜਾਂ ਨਹੀਂ, ਜਾਂ ਫਿਰ ਦਿੱਲੀ ਦੇ ਬਹੁ-ਗਿਣਤੀ ਚੁਣੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤਰਾਂ 'ਗੂਠਾ ਲਾਊ' ਮੈਂਬਰ ਬਣ ਕੇ ਲੱਖ ਰੁਪਈਆ ਮਹੀਨਾ ਤਨਖ਼ਾਹ ਲੈਣ ਜੋਗੇ ਹੀ ਰਹਿ ਜਾਣਗੇ?
2017 ਦੀਆਂ ਚੋਣਾਂ 'ਚ ਜਿੱਤ ਪ੍ਰਾਪਤੀ ਲਈ ਕੀ ਆਮ ਆਦਮੀ ਪਾਰਟੀ ਨੂੰ ਹੁਣੇ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆਉਣਾ ਚਾਹੀਦਾ ਤੇ ਇੱਕ ਪ੍ਰਭਾਵਸ਼ਾਲੀ ਗਰੁੱਪ ਵਜੋਂ ਲੋਕ-ਮੰਗਾਂ ਮੰਨਵਾਉਣ ਵਾਲਾ ਰਸਤਾ ਅਖਤਿਆਰ ਨਹੀਂ ਕਰ ਲੈਣਾ ਚਾਹੀਦਾ? ਕੀ ਆਮ ਅਦਮੀ ਪਾਰਟੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸੰਬੰਧੀ ਵਾਈਟ ਪੇਪਰ ਜਾਰੀ ਨਹੀਂ ਕਰ ਸਕਦੀ, ਜੋ ਇਸ ਵੇਲੇ ਵੱਡੀ ਸਮੱਸਿਆ ਹੈ? ਕਿਸਾਨ ਖ਼ੁਦਕੁਸ਼ੀ ਕਰਦੇ ਹਨ। ਉਨਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਤੱਕ ਨਹੀਂ ਦਿੱਤਾ ਜਾ ਰਿਹਾ। ਹੁਣ ਤੱਕ ਆਰ ਟੀ ਆਈ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਡੇਢ ਦਹਾਕੇ 'ਚ 2632 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਜਦੋਂ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਕੀਤੇ ਸਰਵੇ ਅਨੁਸਾਰ 3354 ਕਿਸਾਨਾਂ ਅਤੇ 2972 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ, ਪਰ ਬਹੁਤ ਘੱਟ ਲੋਕਾਂ ਦੇ ਪਰਵਾਰਾਂ ਨੂੰ ਸਰਕਾਰੀ ਮੁਆਵਜ਼ਾ ਮਿਲਿਆ। ਸਰਕਾਰੀ ਮਸ਼ੀਨਰੀ ਉਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਕੀ ਰਾਹਤ ਪ੍ਰਾਪਤ ਕਰਵਾਉਣ ਲਈ ਆਪ ਦੇ ਨੇਤਾ ਤੇ ਵਰਕਰ, ਜਿਹੜੇ ਆਉਣ ਵਾਲੀ ਸਰਕਾਰ ਬਣਾਉਣ ਦਾ ਸੁਫ਼ਨਾ ਵੇਖ ਰਹੇ ਹਨ, ਲੋਕਾਂ ਨਾਲ ਖੜ ਕੇ ਸਰਕਾਰੀ ਮਸ਼ੀਨਰੀ ਨੂੰ ਚੁਸਤ-ਦਰੁੱਸਤ ਬਣਾਉਣ ਲਈ ਧਰਨੇ-ਮੁਜ਼ਾਹਰੇ, ਰੈਲੀਆਂ-ਘਿਰਾਓ ਨਹੀਂ ਕਰ ਸਕਦੇ? ਕੀ ਕਿਸਾਨ ਵੱਲੋਂ ਲੱਖ-ਦੋ ਲੱਖ ਦਾ ਲਿਆ ਕਰਜ਼ਾ ਮੁਆਫ ਕਰਨ ਲਈ ਸਰਕਾਰ 'ਤੇ ਦਬਾਅ ਨਹੀਂ ਬਣਾ ਸਕਦੇ? ਕੀ ਉਹ ਰੇਤਾ-ਬੱਜਰੀ, ਨਸ਼ਾ ਅਤੇ ਨਿੱਜੀ ਪ੍ਰਾਈਵੇਟ ਸਕੂਲ ਮਾਫੀਏ ਵੱਲੋਂ ਲੋਕਾਂ, ਮਾਪਿਆਂ ਦੀ ਲੁੱਟ ਖ਼ਤਮ ਕਰਨ ਲਈ ਇੱਕ ਜ਼ੋਰਦਾਰ ਧਿਰ ਬਣਨ ਦਾ ਹੌਸਲਾ ਨਹੀਂ ਕਰ ਸਕਦੇ, ਜਾਂ ਫਿਰ ਕੀ ਉਹ ਵੀ ਕਾਂਗਰਸ ਪ੍ਰਧਾਨ ਦੇ ਇਨਾਂ ਫੋਕੇ ਐਲਾਨਾਂ ਵਾਂਗ ਕਿ ਕਿਸਾਨੋ, ਕੁਝ ਚਿਰ ਉਡੀਕੋ, ਸਾਨੂੰ ਸਰਕਾਰ ਬਣਾਉਣ ਦਿਉ, ਸੱਭੋ ਕੁਝ ਠੀਕ ਹੋ 'ਜੂ, ਜਾਂ ਨਸ਼ਾ ਤਸਕਰਾਂ ਨੂੰ ਪੰਜਾਬੋਂ ਦੂਰ ਕਰਨਾ ਤਾਂ ਇੱਕ ਹਫਤੇ ਦਾ ਕੰਮ ਹੈ, ਐਲਾਨ ਕਰ ਕੇ, ਗੱਦੀ ਹਥਿਆ ਕੇ ਉਸੇ ਰਾਹ ਤੁਰਨ ਦਾ ਮਨ ਬਣਾਈ ਬੈਠੇ ਹਨ, ਜਿਹੜੇ ਰਾਹੀਂ ਹੁਣ ਦੇ ਹਾਕਮ ਤੁਰੇ ਹੋਏ ਹਨ? ਜਾਂ ਕੀ ਉਨਾਂ ਕੋਲ ਕੋਈ ਇਹੋ ਜਿਹੀ ਗਿੱਦੜਸਿੰਗੀ ਹੈ, ਜੀਹਨੂੰ ਵਰਤ ਕੇ ਉਹ ਪੰਜਾਬ ਦੇ ਚਿਰਾਂ ਪੁਰਾਣੇ ਮਸਲੇ ਮਿੰਟਾਂ-ਸਕਿੰਟਾਂ 'ਚ ਹੱਲ ਕਰ ਦੇਣਗੇ?
ਪੰਜਾਬ ਦੇ ਸੰਘਰਸ਼ਸ਼ੀਲ ਲੋਕ ਇਸ ਵੇਰ ਸੂਬੇ 'ਚ ਤਬਦੀਲੀ ਦੇ ਹਾਮੀ ਹਨ। ਉਹ ਰਿਵਾਇਤੀ ਪਾਰਟੀਆਂ ਅਕਾਲੀ-ਭਾਜਪਾ-ਕਾਂਗਰਸ ਦੇ ਰਾਜ ਕਰਨ ਦੇ ਤਰੀਕੇ ਤੋਂ ਅੱਕੇ ਹੋਏ ਹਨ-ਇਸ ਸੰਬੰਧੀ ਦੋ ਰਾਵਾਂ ਨਹੀਂ ਹੋ ਸਕਦੀਆਂ। ਬਹੁ-ਗਿਣਤੀ ਲੋਕਾਂ ਦੀ ਸੋਚ ਇਹ ਬਣ ਚੁੱਕੀ ਹੈ ਕਿ ਉਨਾਂ ਨੂੰ ਮੌਜੂਦਾ ਹਾਕਮਾਂ ਤੋਂ ਛੁਟਕਾਰਾ ਮਿਲੇ, ਪਰ ਅੱਗੇ ਉਹੋ ਪਾਰਟੀ ਜਾਂ ਲੋਕ ਆਉਣ, ਜਿਹੜੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਸਮਰੱਥਾ ਰੱਖਦੇ ਹੋਣ। ਕੋਈ ਸਮਰੱਥਾਵਾਨ, ਪ੍ਰਪੱਕ ਸੋਚ ਵਾਲੀ ਰਾਜਨੀਤਕ ਧਿਰ ਹੀ ਆਰਥਿਕ, ਸਮਾਜਿਕ, ਰਾਜਨੀਤਕ ਤੌਰ 'ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾ ਸਕਦੀ ਹੈ। ਹੁਣ ਬਹਿਕਾਵਿਆਂ 'ਚ ਨਹੀਂ ਆਉਣ ਲੱਗੇ ਪੰਜਾਬ ਦੇ ਲੋਕ, ਕਿਉਂਕਿ ਵੱਖੋ-ਵੱਖਰੇ ਸਮਿਆਂ 'ਤੇ ਉਨਾਂ ਨੇ ਜਜ਼ਬਿਆਂ 'ਚ ਆ ਕੇ ਬਹੁਤ ਸਾਰੇ ਤਜਰਬੇ ਕੀਤੇ ਹਨ। ਭਵਿੱਖ 'ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਕਰ ਦੇਵੇਗਾ।
-
ਗੁਰਮੀਤ ਸਿੰਘ ਪਲਾਹੀ,
info.babushahi@gmail.com
ਮੋਬਾ 98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.