ਇਹ ਘਟਨਾ ਪੰਜਾਬ ਦੇ ਕਰੜੇ ਦਿਨਾਂ ਦੀ ਹੈ। ਸਾਰੇ ਪੰਜਾਬ ਵਿੱਚ ਮਾਰਧਾੜ ਮੱਚੀ ਹੋਈ ਸੀ। 1990-91 ਵਿੱਚ ਪੰਜਾਬ ਵਿੱਚ ਦਰਜਨਾਂ ਜਥੇਬੰਦੀਆਂ ਸਰਗਰਮ ਸਨ। ਹਰ ਰੋਜ਼ ਸੁਰੱਖਿਆ ਦਸਤਿਆਂ ਅਤੇ ਖਾੜਕੂਆਂ ਵਿੱਚ ਗਹਿਗੱਚ ਮੁਕਾਬਲੇ ਚੱਲ ਰਹੇ ਸਨ। ਅਖਬਾਰਾਂ ਮਾਰਧਾੜ, ਧਮਕੀਆਂ ਅਤੇ ਜਿੰਮੇਵਾਰੀਆਂ ਦੀਆਂ ਖਬਰਾਂ ਨਾਲ ਭਰੀਆਂ ਰਹਿੰਦੀਆਂ ਸਨ। ਪਰ ਕੁਦਰਤ ਦਾ ਅਟੱਲ ਨਿਯਮ ਹੈ, ਜੋ ਪੈਦਾ ਹੁੰਦਾ ਹੈ, ਉਸ ਨੇ ਖਤਮ ਵੀ ਹੋਣਾ ਹੈ। ਹੌਲੀ ਹੌਲੀ ਸੁਰੱਖਿਆ ਦਸਤਿਆਂ ਦਾ ਹੱਥ ਉੱਪਰ ਹੋਣਾ ਸ਼ੁਰੂ ਹੋ ਗਿਆ ਤੇ 1993-94 ਤੱਕ ਪੰਜਾਬ ਵਿੱਚ ਸ਼ਾਂਤੀ ਛਾ ਗਈ। ਜਦੋਂ ਵੀ ਕੋਈ ਅਜਿਹੀ ਲਹਿਰ ਚੱਲਦੀ ਹੈ ਤਾਂ ਅਨੇਕਾਂ ਕਿਸਮ ਦੇ ਚੋਰ ਲੁਟੇਰੇ ਵੀ ਫਾਇਦਾ ਉਠਾਉਣ ਲਈ ਉਸ ਵਿੱਚ ਰਲ ਜਾਂਦੇ ਹਨ। ਉਹਨਾਂ ਦਾ ਮਕਸਦ ਸਿਰਫ ਲੁੱਟਮਾਰ ਅਤੇ ਹੋਰ ਕਈ ਕਿਸਮ ਦੀਆਂ ਬਦਮਾਸ਼ੀਆਂ ਕਰਨੀਆਂ ਹੁੰਦਾ ਹੈ। 1990-91 ਵਿੱਚ ਵੀ ਅਜਿਹੇ ਲੋਟੂ ਟੋਲਿਆਂ ਦੀ ਕਮੀ ਨਹੀਂ ਸੀ। ਉਹਨਾਂ ਨੇ ਪੰਜਾਬ ਵਿੱਚ ਅਗਵਾ, ਲੁੱਟਮਾਰ ਅਤੇ ਫਿਰੌਤੀਆਂ ਦੀ ਹਨੇਰੀ ਲਿਆਂਦੀ ਹੋਈ ਸੀ। ਖਾਂਦੇ ਪੀਂਦੇ ਕਿਸਾਨਾਂ, ਉਦਯੋਗਪਤੀਆਂ, ਅੜਤੀਆਂ ਅਤੇ ਸ਼ੈਲਰ ਮਾਲਕਾਂ ਦੀ ਸ਼ਾਮਤ ਆਈ ਹੋਈ ਸੀ। ਲੋਕ ਦਿਨ ਢਲਦੇ ਹੀ ਕੁੰਡੇ ਮਾਰ ਕੇ ਅੰਦਰ ਵੜ ਜਾਂਦੇ ਸਨ। ਜੇ ਕਿਤੇ ਡਾਕੀਆ ਜਾਂ ਕੋਈ ਅਣਜਾਣ ਨੌਜਵਾਨ ਦਰਵਾਜ਼ਾ ਖੜਕਾ ਦੇਂਦਾ ਤਾਂ ਘਰ ਵਿੱਚ ਮਾਤਮ ਛਾ ਜਾਂਦਾ ਕਿ ਕਿਤੇ ਫਿਰੌਤੀ ਦੀ ਚਿੱਠੀ ਤਾਂ ਨਹੀਂ ਆ ਗਈ।
ਅਜਿਹੇ ਸਮੇਂ ਹੀ ਭਿੱਖੀਵਿੰਡ ਵੱਲ ਦਾ ਇੱਕ ਨੌਜਵਾਨ ਵੀ ਅਜਿਹੇ ਟੋਲੇ ਵਿੱਚ ਸ਼ਾਮਲ ਹੋ ਗਿਆ। ਜਲਦੀ ਹੀ ਤਰੱਕੀ ਕਰਦਾ ਹੋਇਆ ਜਥੇਬੰਦੀ ਦੇ “ਲੈਫਟੀਨੈਂਟ ਜਨਰਲ” ਦੇ ਅਹੁਦੇ ਤੱਕ ਪਹੁੰਚ ਗਿਆ ਤੇ ਲੁੱਟਾਂ ਖੋਹਾਂ ਕਰ ਕੇ ਕਾਫੀ ਮਾਲ ਵੀ ਕਮਾ ਲਿਆ। ਕੁਝ ਦਿਨਾਂ ਬਾਅਦ ਉਸ ਨੇ ਆਪਣੇ ਹੀ ਆੜਤੀ ਨੂੰ ਜਥੇਬੰਦੀ ਦੇ ਲੈਟਰਪੈਡ 'ਤੇ 10 ਲੱਖ ਦੀ ਫਿਰੌਤੀ ਦੀ ਚਿੱਠੀ ਪਾ ਦਿੱਤੀ। ਉਸ ਸਮੇਂ ਜਥੇਬੰਦੀ ਦੇ ਲੈਟਰਪੈਡ ਦੀ ਮੰਤਰੀ ਦੀ ਚਿੱਠੀ ਜਿੰਨੀ ਵੁੱਕਤ ਹੁੰਦੀ ਸੀ। ਕਈ “ਹੋਣਹਾਰ” ਵਿਦਿਆਰਥੀ ਪੇਪਰਾਂ ਵਿੱਚ ਨਕਲ ਮਾਰਨ ਲਈ ਲੈਟਰਪੈਡ 'ਤੇ ਪਰਚੀਆਂ ਤਿਆਰ ਕਰਦੇ ਹੁੰਦੇ ਸਨ। ਕਿਸੇ ਐਗਜ਼ਾਮੀਨਰ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਨਾਂ ਨੂੰ ਰੋਕ ਸਕੇ। ਚਿੱਠੀ ਪੜ ਕੇ ਆੜਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ। 10 ਲੱਖ ਬਹੁਤ ਵੱਡੀ ਰਕਮ ਹੁੰਦੀ ਹੈ। 1990-91 ਵਿੱਚ ਲੱਖ ਰੁ. ਦੀ ਇੱਕ ਏਕੜ ਵਧੀਆ ਜ਼ਮੀਨ ਆ ਜਾਂਦੀ ਸੀ। ਧੰਦਾ ਚਾਹੇ ਜਾਇਜ਼ ਹੋਵੇ ਜਾਂ ਨਾਜਾਇਜ਼, ਹਰੇਕ ਵਿੱਚ ਸੌਦਾ ਕਰਾਉਣ ਵਾਲੇ ਦਲਾਲ ਪੈਦਾ ਹੋ ਜਾਂਦੇ ਹਨ। ਅੜਤੀ ਨੇ ਵੀ ਅਜਿਹੇ ਦਲਾਲ ਦੀ ਸੇਵਾ ਹਾਸਲ ਕੀਤੀ ਤੇ ਤਰਲੇ ਮਿੰਨਤਾਂ ਅਤੇ ਸੌਦੇਬਾਜ਼ੀ ਕਰਕੇ ਰਕਮ ਸਵਾ ਲੱਖ 'ਤੇ ਲੈ ਆਂਦੀ।
ਮਿਥੇ ਦਿਨ ਉਹ ਰਕਮ ਲੈ ਕੇ “ਜਨਰਲ ਸਾਹਿਬ” ਦੇ ਟਿਕਾਣੇ ਪਹੁੰਚ ਗਿਆ। ਜਨਰਲ ਸਾਹਿਬ ਆਪਣੇ ਟੋਲੇ ਸਮੇਤ ਇੱਕ ਮੋਟਰ 'ਤੇ ਡੇਰਾ ਜਮਾਈ ਬੈਠੇ ਸਨ। ਜਦੋਂ ਆੜਤੀ ਪੈਸੇ ਦੇਣ ਲੱਗਾ ਤਾਂ ਉਸ ਨੇ ਪਹਿਚਾਨ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਮੁੰਡਾ ਟੀਟੂ ਹੈ ਜੋ ਉਸ ਦੀ ਪੱਕੀ 'ਸਾਮੀ ਸੀ। ਟੀਟੂ ਦੇ ਤਾਂ ਰੰਗ ਢੰਗ ਹੀ ਬਦਲੇ ਹੋਏ ਸਨ। ਪਹਿਚਾਨ ਨਿਕਲ ਆਉਣ ਕਾਰਨ ਆੜਤੀ ਦਾ ਬਲੱਡ ਪ੍ਰੈਸ਼ਰ ਥੋੜ•ਾ ਜਿਹਾ ਨਾਰਮਲ ਹੋ ਗਿਆ। ਉਹ ਹਿੰਮਤ ਕਰ ਕੇ ਬੋਲਿਆ, “ ਕਾਕਾ ਇੱਕ ਗੱਲ ਤਾਂ ਦੱਸ। ਇਹ ਤੁਹਾਡਾ ..ਸਤਾਨ ਭਲਾ ਬਣਜੇਗਾ?” ਟੀਟੂ ਥੋੜ•ਾ ਜਿਹਾ ਹੱਸ ਕੇ ਬੋਲਿਆ, “ ਸ਼ਾਹ ਜੀ। ਮੈਂ ਬਚਪਨ ਤੋਂ ਹੀ ਆਪਣੇ ਬਾਪ ਨਾਲ ਤੇਰੀ ਆੜਤ 'ਤੇ ਜਾਂਦਾ ਹੁੰਦਾ ਸੀ। ਤੂੰ ਮੇਰੇ ਬਾਪ ਨੂੰ ਸਾਡੀ ਹੀ ਫਸਲ ਦੇ ਪੈਸੇ 100 ਗੇੜਾ ਮਰਵਾ ਕੇ ਦੇਂਦਾ ਸੀ। ਅੱਜ ਤੁੰ ਮੇਰੇ ਇੱਕ ਸੁਨੇਹੇ 'ਤੇ ਸਵਾ ਲੱਖ ਲੈ ਕੇ ਆ ਗਿਆਂ। ਕਿਉਂ? ਮੈਂ ਛੋਲੇ ਵੇਚੇ ਤੇਰੀ ਆੜਤ 'ਤੇ? ਸਾਡੇ ਭਾਅ ਦਾ ਤਾਂ ਬਣ ਗਿਆ ..ਸਤਾਨ ਹੋਰ ਕਿਸ ਤਰਾਂ ਬਣਨਾ ਹੈ? ਹੁਣ ਤਾਂ ਇਸੇ ਤਰਾਂ ਚਲੂਗਾ।” ਇਸ ਨਵੇਂ ਬਣਨ ਵਾਲੇ ਦੇਸ਼ ਦੇ ਨਿਵੇਕਲੇ ਕਾਨੂੰਨਾਂ ਬਾਰੇ ਸੁਣ ਕੇ ਅੜਤੀ ਨੂੰ ਗਛ ਪੈਣ ਵਾਲੀ ਹੋ ਗਈ। ਉਹ ਕਾਰੋਬਾਰ ਪਾਣੀਪੱਤ ਕਰਨਾਲ ਸ਼ਿਫਟ ਕਰਨ ਬਾਰੇ ਸੋਚਣ ਲੱਗਾ।
-
ਬਲਰਾਜ ਸਿੰਘ ਸਿੱਧੂ,
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.