ਜਦੋਂ ਪੰਜਾਬੀ ਗੀਤਾਂ ਦੇ ਮਾਡਲ ਹਰਪ ਫਾਰਮਰ ਨੇ ਫੇਸਬੁੱਕ ਉਤੇ ਇਕ ਵੀਡੀਓ ਪਾਈ ਜਿਸ ਦਾ ਸਿਰਲੇਖ ਸੀ 'ਸਟਾਪ ਡੀਫੇਮਿੰਗ ਪੰਜਾਬ' ਤਾਂ ਕੁਝ ਲੋਕਾਂ ਨੇ ਉਸ ਦੇ ਖਿਲਾਫ ਵੀ ਇਕ ਮੁਹਿੰਮ ਛੇੜ ਦਿੱਤੀ ਅਤੇ ਕਿਹਾ ਕਿ ਉਹ ਸੱਤਾਧਾਰੀ ਪਾਰਟੀ ਅਕਾਲੀ ਦਲ ਦੀ ਸਹਾਇਤਾ ਕਰ ਰਿਹਾ ਹੈ ਜਦਕਿ ਉਸ ਦੀ ਇਸ ਮੁਹਿੰਮ ਨੂੰ ਦਲੇਰ ਮਹਿੰਦੀ, ਬੱਬੂ ਮਾਨ, ਅੰਕੂਰ ਸਿੰਘ ਪਾਤਰ ਅਤੇ ਗੁਰੂ ਰੰਧਾਵਾ ਵਰਗੀਆਂ ਸ਼ਖਸੀਅਤਾਂ ਦਾ ਵੀ ਸਮਰਥਨ ਮਿਲਿਆ। ਹਰਪ ਦਾ ਕਹਿਣਾ ਸੀ ਕਿ ਜਦੋਂ ਉਹ ਵਿਦੇਸ਼ਾਂ ਵਿੱਚ ਜਾਂਦਾ ਹੈ ਤਾਂ ਲੋਕ ਪੰਜਾਬੀਆਂ ਬਾਰੇ ਨਾਂਹ ਪੱਖੀ ਸੋਚ ਅਪਣਾਉਂਦੇ ਹਨ ਅਤੇ ਉਨ•ਾਂ ਨੂੰ ਨਸ਼ੇੜੀ ਸਮਝਦੇ ਹਨ ਜਦਕਿ ਇਹ ਸੱਚਾਈ ਨਹੀਂ ਹੈ ਤੇ ਪੰਜਾਬ ਇਹੋ ਜਿਹਾ ਨਹੀਂ ਹੈ। ਉਸ ਨੇ ਅੱਗੇ ਲਿਖਿਆ ਕਿ ਉਸ ਦਾ ਮਿਸ਼ਨ ਹੈ ਕਿ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਾਂ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਵਿਦੇਸ਼ੀਆਂ ਦੇ ਦਿਮਾਗ ਵਿੱਚ ਜਿਹੜੀ ਸੋਚ ਬਣੀ ਹੈ ਉਸ ਨੂੰ ਉਸਾਰੂ ਸੋਚ ਵਿੱਚ ਤਬਦੀਲ ਕਰਾਂ। ਉਸ ਨੇ ਅੱਗੇ ਲਿਖਿਆ ਹੈ ਕਿ ਕੁਝ ਲੋਕ ਆਪਣੇ ਸਵਾਰਥੀ ਹਿੱਤਾਂ ਦੀ ਖਾਤਰ ਪੰਜਾਬ ਦੀ ਇਕ ਭੱਦੀ ਤਸਵੀਰ ਪੇਸ਼ ਕਰਦੇ ਹਨ। ਉਸ ਨੇ ਅੱਗੇ ਲਿਖਿਆ ਕਿ ਬਦਕਿਸਮਤੀ ਨਾਲ ਉਹ ਇਹ ਸਮਝਣ ਵਿੱਚ ਅਸਮਰਥ ਹਨ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਨਸ਼ੀਲੇ ਪਦਾਰਥ ਇਕ ਕੌਮੀ ਸਮੱਸਿਆ ਹੈ ਅਤੇ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਗੁਆਂਢੀ ਮੁਲਕ ਵਿੱਚੋਂ ਹੁੰਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਸਾਰੇ ਪੰਜਾਬੀ ਨਸ਼ੇੜੀ ਬਣ ਗਏ ਹਨ। ਉਸ ਨੇ ਉਨ•ਾਂ ਪੰਜਾਬੀ ਮੁੰਡਿਆਂ ਨੇ ਆਪਣੀ ਵੀਡੀਓ ਫੇਸਬੁੱਕ 'ਤੇ ਪਾਉਣ ਲਈ ਕਿਹਾ ਜਿਹੜੇ ਨਸ਼ਾ ਨਹੀਂ ਕਰਦੇ।
ਹਰਪ ਫਾਰਮਰ ਦੇ ਇਸ ਉਪਰਾਲੇ ਉਤੇ ਕੁਝ ਲੋਕ ਇੰਨੇ ਜ਼ਿਆਦਾ ਬੁਖਲਾ ਗਏ ਅਤੇ ਉਸ ਉਤੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਗਈਆਂ। ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਅਮਲੀ ਤੇ ਨਸ਼ੇੜੀ ਸਿੱਧ ਕਰਨਾ ਚਾਹ ਰਹੇ ਹਨ, ਉਹ ਤਾਂ ਇਹ ਕਹਿਣ ਉਤੇ ਜ਼ੋਰ ਦਿੰਦੇ ਹਨ ਕਿ ਪੰਜਾਬ ਦੇ 80 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਹਨ। ਇਹ ਲੋਕ ਇਕ ਖਾਸ ਪਾਰਟੀ ਨਾਲ ਸਬੰਧਤ ਹਨ ਅਤੇ ਉਹ ਇਹ ਦਾਅਵਾ ਕਰਦੇ ਹਨ ਕਿ ਸਿਰਫ ਉਹੀ ਸੱਚ ਬੋਲਦੇ ਹਨ। ਠੀਕ ਹੈ ਕਿ ਉਹ ਸੱਚ ਬੋਲਦੇ ਹਨ ਪਰ ਉਹ ਅੱਧਾ ਸੱਚ ਬੋਲਦੇ ਹਨ। ਜਿਹੜਾ ਬਾਕੀ ਬੋਲਦੇ ਹਨ, ਉਸ ਵਿੱਚ ਇਕ ਗੁੰਮਰਾਹਕੁੰਨ ਪ੍ਰਚਾਰ ਹੁੰਦਾ ਹੈ ਜਿਸ ਨਾਲ ਪੰਜਾਬੀਆਂ ਅਕਸ ਖਰਾਬ ਹੋ ਰਿਹਾ ਹੈ। ਰਹਿੰਦੀ ਖੂੰਹਦੀ ਕਸਰ ਹੁਣ ਇਕ ਫਿਲਮ 'ਉੜਤਾ ਪੰਜਾਬ' ਕੱਢ ਦੇਵੇਗੀ।
ਇਹ ਠੀਕ ਹੈ ਪੰਜਾਬ ਵਿੱਚ ਦੇਸ਼ ਨਾਲੋਂ ਜ਼ਿਆਦਾ ਲੋਕ ਨਸ਼ੇ ਕਰਦੇ ਪਰ ਇਹ ਸੱਚ ਨਹੀਂ ਹੈ ਕਿ ਪੰਜਾਬ ਵਿੱਚ 70 ਤੋਂ 80 ਫੀਸਦੀ ਨੌਜਵਾਨ ਇਹੀ ਕੁਝ ਕਰ ਰਹੇ ਹਨ। ਜੇਕਰ ਇੰਨੇ ਨੌਜਵਾਨ ਨਸ਼ੇ ਕਰਨ ਲੱਗ ਪੈਣ ਤਾਂ ਪੰਜਾਬ ਦੇ ਪਰਿਵਾਰਾਂ ਦੇ ਭਾਂਡੇ ਵੀ ਵਿੱਕ ਜਾਣ ਅਤੇ ਨੌਜਵਾਨ ਗਲ•ੀਆਂ ਵਿੱਚ ਇਕ ਦੂਜੇ ਦੇ ਟੱਕਰਾਂ ਮਾਰਦੇ ਫਿਰਨ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ ਕੁਲ ਦੁਨੀਆਂ ਵਿੱਚ 0.2 ਫੀਸਦੀ ਲੋਕ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਹਨ ਜਦਕਿ ਪੂਰੇ ਭਾਰਤ ਵਿੱਚ 0.7 ਫੀਸਦੀ ਲੋਕ ਨਸ਼ਿਆਂ ਦੇ ਆਦੀ ਹਨ। ਪੰਜਾਬ ਵਿੱਚ ਇਹ ਫੀਸਦ ਕੁਝ ਜ਼ਿਆਦਾ ਹੈ। ਇਥੇ 1.2 ਫੀਸਦੀ ਲੋਕ ਨਸ਼ਿਆਂ ਦਾ ਸੇਵਨ ਕਰਦੇ ਹਨ। ਪੰਜਾਬ ਵਿੱਚ ਜਿੰਨੇ ਪ੍ਰਤੀਸ਼ਤ ਲੋਕ ਨਸ਼ੇ ਕਰ ਰਹੇ ਹਨ, ਉਹ ਸਭ ਲਈ ਚਿੰਤਾ ਦਾ ਵਿਸ਼ਾ ਹਨ ਪਰ ਇਹ ਗਿਣਤੀ ਓਨੀ ਨਹੀਂ ਹੈ ਜਿੰਨੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਸਮੇਂ ਕੁਲ ਆਬਾਦੀ 2.77 ਕਰੋੜ ਹੈ ਜਿਸ ਵਿੱਚੋਂ 0.06 ਫੀਸਦੀ ਲੋਕ ਅਫੀਮ ਖਾਂਦੇ ਹਨ। ਉਨ•ਾਂ ਦਾ ਇਹ ਵੀ ਦਾਅਵਾ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਨੇ ਇਹ ਅੰਕੜੇ ਪੇਸ਼ ਕੀਤੇ ਹਨ। ਇਸ ਦਾ ਮਤਲਬ ਇਹ ਹੈ ਕਿ 16000 ਲੋਕ ਹੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਸ੍ਰ. ਬਾਦਲ ਦੇ ਇਨ•ਾਂ ਦਾਅਵਿਆਂ ਉਤੇ ਵੀ ਪ੍ਰਸ਼ਨਚਿੰਨ• ਲੱਗਦਾ ਹੈ ਕਿਉਂਕਿ ਪੰਜਾਬ ਵਿੱਚ ਕੌਮੀ ਪੱਧਰ ਨਾਲੋਂ ਜ਼ਿਆਦਾ ਪ੍ਰਤੀਸ਼ਤ ਲੋਕ ਨਸ਼ਿਆਂ ਦੇ ਆਦੀ ਹਨ, ਇਸ ਲਈ ਇਹ ਗਿਣਤੀ ਵੀ ਜ਼ਿਆਦਾ ਹੈ। ਸ੍ਰ.. ਬਾਦਲ ਇਨ•ਾਂ ਅੰਕੜਿਆਂ ਨੂੰ ਕੁਝ ਜ਼ਿਆਦਾ ਹੀ ਘੱਟ ਕਰ ਕੇ ਪੇਸ਼ ਕਰ ਰਹੇ ਹਨ।
ਇਸ ਮੁੱਦੇ ਦਾ ਸਿਆਸੀਕਰਨ ਇਸ ਲਈ ਵੀ ਹੋਇਆ ਹੈ ਕਿਉਂਕਿ ਇਸ ਧੰਦੇ ਨਾਲ ਸੱਤਾਧਾਰੀ ਪਾਰਟੀ ਦੇ ਕੁਝ ਲੋਕਾਂ ਦਾ ਨਾਂ ਵੀ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇਸ ਮਾਮਲੇ ਨੂੰ ਸਮਾਜਿਕ ਨਹੀਂ ਬਣਨ ਦਿੱਤਾ ਜਦਕਿ ਇਸ ਸਮੱਸਿਆ ਦੇ ਹੱਲ ਲਈ ਸਮਾਜਿਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਯਤਨ ਹੋਣੇ ਚਾਹੀਦੇ ਹਨ। ਇਸ ਮੁੱਦੇ ਨੂੰ ਉਛਾਲ ਕੇ ਹੀ ਕੁਝ ਸਿਆਸਤਦਾਨ ਸਿਆਸੀ ਲਾਹਾ ਲੈਣਾ ਚਾਹ ਰਹੇ ਹਨ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੀਲੇ ਪਦਾਰਥ ਖਾਂਦੇ ਹਨ। ਉਨ•ਾਂ ਵੀ ਪੰਜਾਬ ਦੀ ਪੱਗ ਉਛਾਲਣ ਦੀ ਕੋਸ਼ਿਸ਼ ਕੀਤੀ ਸੀ।
ਉਂਝ ਤਾਂ ਨਸ਼ੇੜੀਆਂ ਦੀ ਸਹੀ ਗਿਣਤੀ ਲੱਭਣ ਦਾ ਕੋਈ ਪੈਮਾਨਾ ਨਹੀਂ ਹੈ ਪਰ ਕੁਝ ਸਰਵੇਖਣਾਂ ਦੇ ਆਧਾਰ 'ਤੇ ਹੀ ਇਹ ਅਨੁਮਾਨ ਲਗਾਏ ਜਾ ਸਕਦੇ ਹਨ। ਏਮਜ਼ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਅਤੁਲ ਅੰਬੇਡਕਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ 1.9 ਕਰੋੜ 18 ਸਾਲ ਜਾਂ ਉਸ ਤੋਂ ਉਪਰ ਦੀ ਉਮਰ ਦੇ ਹਨ। ਜੇਕਰ 1.2 ਫੀਸਦੀ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਗਿਣਤੀ 2.32 ਲੱਖ ਬਣਦੀ ਹੈ ਅਤੇ ਇਨ•ਾਂ ਨਸ਼ੇੜੀਆਂ ਜਾਂ ਅਮਲੀਆਂ ਵਿੱਚ 99 ਫੀਸਦੀ ਮਰਦ ਹਨ। ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ, ਸੁਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਨੇ ਏਮਜ ਨਾਲ ਰਲ ਕੇ ਇਹ ਸਟੱਡੀ ਕੀਤੀ ਜਿਸ ਵਿੱਚ ਇਹੀ ਗਿਣਤੀ ਉਸ ਨੇ ਦਿੱਤੀ ਹੈ। ਇਨ•ਾਂ ਨੇ ਤਰਨ ਤਾਰਨ, ਸੰਗਰੂਰ, ਪਟਿਆਲਾ, ਮੋਗਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਬਠਿੰਡਾ ਜਿਹੇ ਜ਼ਿਲਿ•ਆਂ ਵਿੱਚ ਇਹ ਸਟੱਡੀ ਕੀਤੀ। ਇਥੇ ਸੂਬੇ ਦੀ 60 ਫੀਸਦੀ ਜਨ ਸੰਖਿਆ ਰਹਿੰਦੀ ਹੈ। ਇਥੋਂ ਇਹ ਪਤਾ ਲੱਗਿਆ ਕਿ ਜਿਹੜੇ ਲੋਕ ਨਸ਼ੇ ਕਰ ਰਹੇ ਹਨ ਉਨ•ਾਂ ਵਿਚੋਂ 76 ਫੀਸਦੀ ਦੀ ਉਮਰ 18 ਤੋਂ 35 ਸਾਲ ਹੈ। ਇਨ•ਾਂ ਵਿਚੋਂ 54 ਫੀਸਦੀ ਵਿਆਹੇ ਹੋਏ ਹਨ। ਨਸ਼ੇ ਕਰਨ ਵਾਲੇ ਜ਼ਿਆਦਾਤਰ ਪੜ•ੇ ਲਿਖੇ ਹਨ ਅਤੇ ਉਨ•ਾਂ ਵਿਚੋਂ ਕਈਆਂ ਕੋਲ ਤਾਂ ਵੱਡੀਆਂ ਡਿਗਰੀਆਂ ਵੀ ਹਨ। ਜਿਹੜੇ ਲੋਕ ਪੰਜਾਬ ਦਾ ਅਕਸ ਵਿਗਾੜਨਾ ਚਾਹੁੰਦੇ ਹਨ ਉਨ•ਾਂ ਨੂੰ ਇਹ ਵੀ ਦੱਸ ਦੇਈਏ ਕਿ ਸਟੱਡੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੇਕਰ ਕੋਈ ਨੌਜਵਾਨ ਹੈਰੋਇਨ ਦਾ ਨਸ਼ਾ ਕਰਦਾ ਹੈ ਤਾਂ ਉਹ ਦਿਨ ਵਿੱਚ 1450 ਰੁਪਏ ਖਰਚਦਾ ਹੈ, ਜੇਕਰ ਕੋਈ ਅਫੀਮ ਖਾਂਦਾ ਹੈ ਤਾਂ ਉਹ ਦਿਨ ਵਿੱਚ 340 ਰੁਪਏ ਖਰਚਦਾ ਹੈ ਜਦਕਿ ਜੇਕਰ ਕੋਈ ਕੈਪਸੂਲ ਜਾਂ ਨਸ਼ੀਲੀਆਂ ਗੋਲੀਆਂ ਖਾਂਦਾ ਹੈ ਤਾਂ ਉਹ ਦਿਨ ਵਿੱਚ 265 ਰੁਪਏ ਖਰਚਦਾ ਹੈ। ਇਹ ਅੰਕੜੇ ਮੈਂ ਇਕੱਠੇ ਨਹੀਂ ਕੀਤੇ ਬਲਕਿ ਵੱਡੇ ਮੀਡੀਏ ਦੁਆਰਾ ਇਕੱਠੇ ਕੀਤੇ ਹੋਏ ਹਨ। ਕੀ ਕੋਈ ਆਮ ਵਿਅਕਤੀ ਇੰਨੇ ਪੈਸੇ ਖਰਚਣ ਦੇ ਸਮਰਥ ਹੈ? ਕੁਝ ਅਮੀਰਜ਼ਾਦੇ ਜ਼ਰੂਰ ਪੈਸਾ ਖਰਚ ਸਕਦੇ ਹੋਣਗੇ। ਕੁਝ ਆਮ ਨੌਜਵਾਨ ਵੀ ਅਜਿਹੇ ਨਸ਼ੇ ਕਰਦੇ ਹੋਣਗੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਪੰਜਾਬ ਹੀ ਨਸ਼ਿਆਂ ਵਿੱਚ ਗਰਕ ਗਿਆ ਹੈ।
ਪੰਜਾਬ ਵਿੱਚ ਨਸ਼ੇ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰ ਇਸ ਮੁੱਦੇ ਨੂੰ ਜਿਸ ਪ੍ਰਕਾਰ ਸ਼ੋਸ਼ਲ ਮੀਡੀਏ ਉਤੇ ਉਛਾਲਿਆ ਜਾ ਰਿਹਾ ਹੈ, ਉਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਬਦਨਾਮੀ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਉਨ•ਾਂ ਦੇ ਪ੍ਰਚਾਰ ਕਾਰਨ ਵਿਦੇਸ਼ਾਂ ਵਿੱਚ ਵੀ ਸ਼ੱਕ ਦੀ ਨਿਗ•ਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਅੱਗਿਓਂ ਵੀ ਕੀਤਾ ਜਾਂਦਾ ਰਹੇਗਾ। ਸਿਆਸੀ ਹਿੱਤਾਂ ਦੀ ਖਾਤਰ ਇਸ ਮੁੱਦੇ ਦਾ ਇਸਤੇਮਾਲ ਕਰਨ ਵਾਲੇ ਸੂਬੇ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹਨ। ਅਜਿਹਾ ਕਰ ਕੇ ਉਹ ਉਨ•ਾਂ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਜਿਹੜੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਪੰਜਾਬ ਦੇ ਨੌਜਵਾਨ ਵੱਡੇ ਅਧਿਕਾਰੀ ਬਣ ਰਹੇ ਹਨ, ਵੱਡੇ ਖਿਡਾਰੀ ਬਣ ਰਹੇ ਹਨ, ਮਿਹਨਤਾਂ ਕਰ ਰਹੇ ਹਨ, ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਕੋਈ ਕਸਰ ਨਹੀਂ ਛੱਡ ਰਹੇ। ਅਜਿਹੇ ਮਿਹਨਤੀ ਲੋਕਾਂ ਦੀ ਗਿਣਤੀ 90 ਫੀਸਦੀ ਤੋਂ ਜ਼ਿਆਦਾ ਹੈ। ਗਲਤ ਪ੍ਰਚਾਰ ਕਰਨ ਵਾਲੇ ਇਨ•ਾਂ ਲੋਕਾਂ ਨੂੰ ਵੀ ਨਸ਼ੇੜੀਆਂ ਦੀ ਫੀਸਦ ਵਿੱਚ ਸ਼ਾਮਲ ਕਰ ਰਹੇ ਹਨ।
-
ਦਰਸ਼ਨ ਸਿੰਘ ਦਰਸ਼ਕ,
darshandarshak@gmail.com
9855508918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.