ਪੰਜਾਬ ਨਾਲ ਸਬੰਧਤ ਕੋਈ ਖ਼ਬਰ ਕਿਸੇ ਅਖਬਾਰ ਵਿਚ ਪੜ੍ਹ ਲਵੋ,ਕਿਸੇ ਟੀ.ਵੀ ਚੈਨਲ ਤੇ ਦੇਖ ਲਵੋ ਬੱਸ ਚਾਰੇ ਪਾਸੇ ਦੀਆਂ ਖ਼ਬਰਾਂ ਤੇ ਲੀਡਰਾਂ ਦੇ ਬਿਆਨ ਚਿੱਟੇ ਬਾਰੇ ਹਨ।ਕੋਈ ਕਹਿ ਰਿਹਾ ਹੈ ਕਿ ਪੰਜਾਬ ਵਿਚ ਨਾ ਤਾਂ ਚਿੱਟਾ ਬਣਦਾ ਹੈ ਤੇ ਨਾ ਹੀ ਵਿਕਦਾ ਹੈ ਇਸੇ ਲਈ ਪੰਜਾਬ ਦੇ ਲੋਕ ਨਸ਼ੇੜੀ ਨਹੀਂ ਹਨ,ਕੁੱਝ ਕਹਿ ਰਹੇ ਹਨ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੇ ਵਪਾਰ ਨੇ ਤਬਾਹ ਕਰ ਕੇ ਰੱਖ ਦਿੱਤਾ ਹੈ ਇਸ ਲਈ ਸਾਡੀ ਸਰਕਾਰ ਬਣਨ ਤੋਂ ਬਾਅਦ ਚਿੱਟਾ ਵੇਚਣ ਵਾਲੇ ਸੌਦਾਗਰਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਜਾਵੇਗਾ ।ਇਸੇ ਤਰਾਂ ਕੋਈ ਕੁੱਝ ਬੋਲ ਰਿਹਾ ਹੈ ਤੇ ਕੋਈ ਕੁੱਝ ।ਲੇਕਿਨ ਗਲ ਚਿੱਟੇ ਦੀ ਹੀ ਹੋ ਰਹੀ ਹੈ।ਕੋਈ ਇਹਨਾਂ ਬੇਵਕੂਫ਼ ਲੀਡਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਪੰਜਾਬ ਕੋਲ ਕੀ ਚਿੱਟੇ ਤੋਂ ਸਿਵਾਏ ਕੋਈ ਹੋਰ ਵੀ ਮੁੱਦਾ ਹੈ ਕਿ ਨਹੀਂ ? ਡਿਗਰੀਆਂ ਦੀ ਪੰਡ ਚੁੱਕੀ ਫਿਰਦੇ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਕਰਜ਼ਿਆਂ ਦੇ ਸਤਾਏ ਹੋਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਸਰਕਾਰੀ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਾਰਨ ਤੜਪ ਰਹੇ ਹਨ।ਪੰਜਾਬ ਦਾ ਉਦਯੋਗ ਖ਼ਤਮ ਹੋ ਕੇ ਰਹਿ ਗਿਆ ਹੈ।ਸਮਾਜਿਕ ਬੁਰਾਈਆਂ ਨੇ ਪੰਜਾਬ ਅੰਦਰ ਇਤਨੇ ਪੈਰ ਪਸਾਰ ਲਏ ਹਨ ਜਿਸ ਨਾਲ ਇਹ ਬੁਰਾਈਆਂ ਕੈਂਸਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ।ਅੱਜ ਭਿਆਨਕ ਤੇ ਜਾਨਲੇਵਾ ਬਿਮਾਰੀਆਂ ਨੇ ਪੰਜਾਬ ਦੇ ਹਰ ਘਰ ਦੇ ਦਰਵਾਜ਼ੇ ਉੱਪਰ ਦਸਤਕ ਦਿੱਤੀ ਹੋਈ ਹੈ।ਲੋਕਾਂ ਕੋਲ ਇਲਾਜ ਕਰਵਾਉਣ ਲਈ ਸਾਧਨ ਨਹੀਂ ਹਨ।ਪੰਜਾਬ ਦਾ ਪਾਣੀ ਮਨੁੱਖ ਲਈ ਹੀ ਨਹੀਂ ਸਗੋਂ ਪਸ਼ੂਆਂ ਦੇ ਪੀਣ ਲਈ ਵੀ ਯੋਗ ਨਹੀਂ ਹੈ।ਪੰਜਾਬ ਦੀਆਂ ਜੇਲ੍ਹਾਂ ਵਿਚ ਸਜਾ ਭੁਗਤ ਚੁੱਕੇ ਕੈਦੀ ਆਪਣੀ ਰਿਹਾਈ ਲਈ ਉਡੀਕ ਵਿਚ ਹਨ।ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਹਰ ਖੇਤਰ ਵਿਚ ਤਬਾਹ ਕਰਨ ਦੀਆਂ ਚਾਲਾਂ ਲਗਾਤਾਰ ਜਾਰੀ ਹਨ।ਦਿਲੀ ਦੰਗਿਆਂ ਦੇ ਦੋਸ਼ੀ ਅਜੇ ਵੀ ਦਨਦਨਾ ਰਹੇ ਹਨ।ਇਹ ਕੁਝ ਅਜਿਹੇ ਗੰਭੀਰ ਮੁੱਦੇ ਹਨ ਜਿਨ੍ਹਾਂ ਉੱਪਰ ਪੰਜਾਬ ਦੇ ਲੀਡਰਾਂ ਦਾ ਧਿਆਨ ਹੀ ਨਹੀਂ ਜਾ ਰਿਹਾ ਹੈ।ਲੀਡਰਾਂ ਵੱਲੋਂ ਚਿੱਟੇ ਬਾਰੇ ਕੀਤੇ ਜਾ ਰਹੇ ਧੂੰਆਂ ਧਾਰ ਪ੍ਰਚਾਰ ਤੋਂ ਇਸ ਤਰਾਂ ਮਾਲੂਮ ਹੋ ਰਿਹਾ ਹੈ ਜਿਸ ਤਰਾਂ ਚਿੱਟੇ ਦਾ ਮੁੱਦਾ ਹੱਲ ਹੋ ਜਾਣ ਨਾਲ ਪੰਜਾਬੀਆਂ ਨੇ ਸਵਰਗ ਵਿਚ ਚਲੇ ਜਾਣਾ ਹੈ।ਭਾਈ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ।ਚਿੱਟੇ ਦਾ ਦੈਂਤ ਬਣੇ ਕਾਰਨਾਂ ਨੂੰ ਜੇਕਰ ਖ਼ਤਮ ਕਰ ਲਿਆ ਤਾਂ ਚਿੱਟਾ ਆਪਣੇ ਆਪ ਖ਼ਤਮ ਹੋ ਜਾਏਗਾ।ਇੱਕ ਗਲ ਅੱਜ ਮੈਂ ਲਿਖਤੀ ਤੌਰ ਤੇ ਦੇ ਰਿਹਾ ਹਾਂ ਕਿ ਕਿਸੇ ਵੀ ਪਾਰਟੀ ਦੀ ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਚਿੱਟੇ ਦਾ ਰੌਲਾ ਗੋਲਾ ਵਾਵਰੋਲੇ ਵਾਂਗ ਉਸ ਜਾਏਗਾ।ਤੁਸੀਂ ਸਾਰੇ ਵੇਖ ਲਿਆ ਕਿਸੇ ਨੇ ਵੀ ਚਿੱਟੇ ਦੇ ਵਪਾਰੀ ਨੂੰ ਨਾ ਤਾਂ ਜੇਲ੍ਹ ਵਿਚ ਬੰਦ ਕਰਨਾ ਹੈ ਤੇ ਨਾ ਹੀ ਕੋਈ ਸਜਾ ਦੇਣੀ ਹੈ।ਤੇ ਜੇਕਰ ਮੇਰੀ ਗਲ ਉੱਪਰ ਯਕੀਨ ਨਹੀਂ ਹੈ ਤੇ ਕੇਂਦਰ ਵਿਚ ਭਾਰੀ ਬਹੁਮਤ ਨਾਲ ਬਣੀ ਭਾਜਪਾ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨਾਲ ਕੀਤੇ ਵਾਅਦਿਆਂ ਵੱਲ ਝਾਤ ਮਾਰ ਲਵੋ।ਇਹ ਤਾਂ ਭਾਈ ਇਸੇ ਤਰਾਂ ਹੀ ਚੱਲੂ ? ਲਾ ਲਓ ਜਿਹੜਾ ਜ਼ੋਰ ਲਾਉਣਾ-ਸਤਨਾਮ ਸਿੰਘ ਚਾਹਲ
-
ਸਤਨਾਮ ਸਿੰਘ ਚਾਹਲ, ਐਗਜੈਕਟਿਵ ਡਾਇਰੈਕਟਰ , ਨਾਪਾ
media@thenapa.com
+1-408-221-5732
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.