ਕਾਮਰੇਡ ਦੀ ਧੀ ਆਤਿਸ਼ੀ ਹੱਥ ਦਿੱਲੀ ਦੀ ਕਮਾਨ, ਜਾਣੋ ਪਰਿਵਾਰਿਕ ਪਿਛੋਕੜ ਬਾਰੇ
ਪ੍ਰੀਤ ਗੁਰਪ੍ਰੀਤ
ਨਵੀਂ ਦਿੱਲੀ, 17 ਸਤੰਬਰ 2024- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਅਸਤੀਫ਼ਾ ਅੱਜ ਸ਼ਾਮ ਨੁੰ ਦਿੱਤਾ ਜਾਵੇਗਾ। ਉਸ ਤੋਂ ਪਹਿਲਾਂ ਹੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਦਿੱਲੀ ਦੀ ਕਮਾਨ ਇਸ ਵਾਰ ਇੱਕ ਵੁਮੈਨ ਦੇ ਹੱਥ ਵਿਚ ਦਿੱਤੀ ਗਈ ਹੈ। ਦਰਅਸਲ, ਦਿੱਲੀ ਵਿਧਾਇਕ ਦਲ ਦੀ ਮੀਟਿੰਗ ਵਿਚ ਆਤਿਸ਼ੀ ਦਾ ਨਾਮ ਫਾਈਨਲ ਕੀਤਾ ਗਿਆ ਹੈ, ਜੋ ਅਗਲੇ ਦਿੱਲੀ ਦੇ ਮੁੱਖ ਮੰਤਰੀ ਹੋਣਗੇ। ਆਤਿਸ਼ੀ ਮਾਰਲੇਨਾ, ਇੱਕ ਸਮਾਜਿਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੀ ਮੈਂਬਰ ਹੈ।
ਆਤਿਸ਼ੀ ਮਾਰਲੇਨਾ ਕਾਮਰੇਡ ਵਿਜੇ ਸਿੰਘ ਦੀ ਧੀ ਹੈ, ਜੋ ਕਿ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਵੀ ਰਹੇ ਹਨ। ਆਤਿਸ਼ੀ ਦੇ ਮਾਪੇ ਮਾਰਕਸਵਾਦੀ ਹਨ ਅਤੇ ਉਹ ਆਪ ਆਪਣੇ ਮੁਢਲੇ ਦਿਨਾਂ ਦੌਰਾਨ ਖੱਬੀ ਵਿਚਾਰਧਾਰਾ ਦੀ ਸਮਰਥਕ ਸੀ। ਆਤਿਸ਼ੀ ਨੇ ਵਿਕਲਪਕ ਸਿੱਖਿਆ ਅਤੇ ਪਾਠਕ੍ਰਮ ਦੇ ਖੇਤਰ ਵਿੱਚ ਕੰਮ ਕੀਤਾ ਹੈ। ਦਿੱਲੀ ਦੇ ਇੱਕ ਕਾਲਜ ਵਿੱਚ ਉਸਨੇ ਇਤਿਹਾਸ ਦੀ ਪੜ੍ਹਾਈ ਕੀਤੀ, ਅਤੇ ਇੱਕ ਰੋਡਸ ਵਿਦਵਾਨ ਦੇ ਤੌਰ 'ਤੇ ਆਕਸਫੋਰਡ ਚਲੀ ਗਈ।
ਵਿਕੀਪੀਡੀਆ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ, ਪਾਲਸੀ ਮੇਕਿੰਗ ਆਤਿਸ਼ੀ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। "ਸੰਭਾਵਨਾ ਇੰਸਟੀਚਿਊਟ ਆਫ ਪਬਲਿਕ ਪਾਲਸੀ" ਦੇ ਇੱਕ ਪ੍ਰੋਗਰਾਮ ਲਈ ਹਿਮਾਚਲ ਪ੍ਰਦੇਸ ਵਿੱਚ ਕੰਮ ਕਰਦਿਆਂ ਉਸਦਾ ਮੇਲ ਪ੍ਰਸ਼ਾਂਤ ਭੂਸ਼ਣ ਨਾਲ ਹੋਇਆ, ਜਿਸ ਦੇ ਕਹਿਣ ਤੇ ਉਹ ਦਿੱਲੀ ਆ ਗਈ। ਉਸਨੇ ਆਪਣੀ ਟੀਮ ਨਾਲ ਮਿਲ ਕੇ 70 ਹਲਕਿਆਂ ਲਈ ਆਪ ਉਮੀਦਵਾਰਾਂ ਵਾਸਤੇ 70 ਮੈਨੀਫੈਸਟੋ ਤਿਆਰ ਕੀਤੇ।
ਆਤਿਸ਼ੀ ਨੇ ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ਦਿੱਲੀ ਦੇ ਸਕੂਲਾਂ ਦੀ ਗੁਣਵੱਤਾ ਬਹਾਲ ਕਰਨ ਲਈ ਕਈ ਕਦਮ ਚੁੱਕੇ ਹਨ, ਜਿਵੇਂ ਕਿ ਅਧਿਆਪਕਾਂ ਦੀ ਸਿਖਲਾਈ, ਸੂਬਿਆਂ ਦੇ ਸਕੂਲਾਂ ਵਿੱਚ ਸਹੂਲਤਾਂ ਵਿੱਚ ਸੁਧਾਰ, ਅਤੇ ਸਿੱਖਿਆ ਲਈ ਬਜਟ ਵਿੱਚ ਵਾਧਾ। ਉਹ ਆਪਣੀਆਂ ਸਿਆਸੀ ਸੇਵਾਵਾਂ ਤੋਂ ਇਲਾਵਾ, ਸਮਾਜਕ ਮਾਮਲਿਆਂ ਵਿੱਚ ਵੀ ਸਰਗਰਮ ਰਹੀ ਹੈ।
ਆਤਿਸ਼ੀ ਦਾ ਜਨਮ
ਆਤਿਸ਼ੀ ਦਾ ਜਨਮ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਜੇ ਸਿੰਘ ਅਤੇ ਤ੍ਰਿਪਤਾ ਵਾਹੀ ਦੇ ਘਰ 8 ਜੂਨ 1981 ਨੂੰ ਪੰਜਾਬੀ ਪਿਛੋਕੜ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਉਸਦੇ ਮਾਤਾ-ਪਿਤਾ ਦੁਆਰਾ ਮੱਧ ਨਾਮ 'ਮਾਰਲੇਨਾ' ਦਿੱਤਾ ਗਿਆ ਸੀ। ਉਸਦੀ ਪਾਰਟੀ ਦੇ ਅਨੁਸਾਰ, ਇਹ ਨਾਮ ਮਾਰਕਸ ਅਤੇ ਲੈਨਿਨ ਦਾ ਪੋਰਟਮੈਨਟੋ ਹੈ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਆਤਿਸ਼ੀ ਨੂੰ ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੂਰਬੀ ਦਿੱਲੀ ਲਈ ਲੋਕ ਸਭਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਸਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਆਪ ਪਾਰਟੀ ਦੀ ਉਮੀਦਵਾਰ ਵਜੋਂ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ। ਉਹ ਤੀਜੇ ਨੰਬਰ 'ਤੇ ਰਹੀ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਤੋਂ 4.77 ਲੱਖ ਵੋਟਾਂ ਦੇ ਫਰਕ ਨਾਲ ਹਾਰ ਗਈ।
ਆਤਿਸ਼ੀ ਪਹਿਲੀ ਵਾਰ 2020 ਵਿਚ ਬਣੀ ਵਿਧਾਇਕ
2019 ਵਿੱਚ ਲੋਕ ਸਭਾ ਚੋਣ ਹਾਰਨ ਮਗਰੋਂ, ਆਤਿਸ਼ੀ ਨੇ ਹੋਰ ਮਿਹਨਤ ਕੀਤੀ ਅਤੇ ਉਨ੍ਹਾਂ ਨੇ 2020 ਦੀ ਦਿੱਲੀ ਵਿਧਾਨ ਸਭਾ ਚੋਣ ਵਿੱਚ ਦੱਖਣੀ ਦਿੱਲੀ ਦੇ ਕਾਲਕਾਜੀ ਹਲਕੇ ਤੋਂ ਚੋਣ ਲੜੀ ਸੀ। ਉਸਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਧਰਮਬੀਰ ਸਿੰਘ ਨੂੰ 11,422 ਵੋਟਾਂ ਨਾਲ ਹਰਾਇਆ।
ਉਸਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਤੋਂ ਬਾਅਦ ਸੌਰਭ ਭਾਰਦਵਾਜ ਦੇ ਨਾਲ ਕੈਬਨਿਟ ਮੰਤਰੀ ਵਜੋਂ ਦਿੱਲੀ ਸਰਕਾਰ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਵੇਲੇ ਆਤਿਸ਼ੀ ਦਿੱਲੀ ਦੀ ਸਿੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੀ ਸੀ। ਹੁਣ ਕੇਜਰੀਵਾਲ ਦੇ ਅਸਤੀਫ਼ੇ ਦੇ ਐਲਾਨ ਮਗਰੋਂ, ਵਿਧਾਇਕ ਦਲ ਦੀ ਹੋਈ ਮੀਟਿੰਗ ਵਿਚ ਆਤਿਸ਼ੀ ਦਾ ਨਾਮ ਫ਼ਾਈਨਲ ਕੀਤਾ ਗਿਆ ਹੈ। ਸਹੁੰ ਚੁੱਕਣ ਮਗਰੋਂ ਆਤਿਸ਼ੀ ਦਿੱਲੀ ਦੀ ਤੀਜੀ ਵੁਮੈਨ ਮੁੱਖ ਮੰਤਰੀ ਬਣ ਜਾਵੇਗੀ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦਿਕਸ਼ਿਤ ਮੁੱਖ ਮੰਤਰੀ ਰਹਿ ਚੁੱਕੀਆਂ ਹਨ।
-
ਪ੍ਰੀਤ ਗੁਰਪ੍ਰੀਤ, ਲੇਖਕ/ ਪੱਤਰਕਾਰ
gurpreetsinghjossan@gmail.com
9569820314
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.