ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਹੈ। ਪਰ ਇੱਕ ਪਾਸੇ ਜਿੱਥੇ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਕੁੱਝ 'ਅਖੌਤੀ ਜਥੇਬੰਦੀਆਂ'/ ਸਿਆਸੀ ਪਾਰਟੀਆਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਨਾਟਕਬਾਜ਼ੀ ਕਰ ਰਹੀਆਂ ਨੇ। ਨਾਟਕਬਾਜ਼ੀ ਤੋਂ ਭਾਵ ਇਹ ਨਹੀਂ ਕਿ "ਉਹ" ਨਾਟਕ ਕਰਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਤੇ ਉਹਨਾਂ ਦੇ ਵਿਚਾਰਾਂ ਨੂੰ ਲੋਕਾਂ ਵਿੱਚ ਲਿਜਾ ਰਹੇ ਹਨ, ਬਲਕਿ "ਉਹ ਲੋਕ" ਸ਼ਹੀਦ ਭਗਤ ਸਿੰਘ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਅਤੇ ਉਹਨਾਂ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰ ਰਹੇ ਨੇ।
ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਹੁਣ ਤੱਕ ਸ਼ਹੀਦਾਂ ਦਰਜਾ ਦਵਾਇਆ ਗਿਆ, ਪਰ ਹਾਕਮਾਂ ਦੇ ਵੱਲੋਂ ਹਮੇਸ਼ਾ ਹੀ ਸ਼ਹੀਦ ਭਗਤ ਸਿੰਘ ਨੂੰ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਸ਼ਹੀਦ ਭਗਤ ਸਿੰਘ ਦਾ ਨਾਮ ਵਰਤਿਆ ਜਾਂਦਾ ਹੈ। ਪੰਜਾਬ ਦੀ ਸੱਤਾ ਧਿਰ ਦੇ ਵੱਲੋਂ ਵੀ ਅਜਿਹਾ ਇਹ ਕੁਝ ਕੀਤਾ ਜਾ ਰਿਹਾ ਹੈ।
ਭਾਵੇਂ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ। ਪਰ ਮੌਜੂਦਾ ਸਰਕਾਰ ਦੇ ਵੱਲੋਂ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਗੱਲਾਂ ਤਾਂ ਵੱਡੀਆਂ ਵੱਡੀਆਂ ਕੀਤੀਆਂ ਜਾ ਰਹੀਆਂ ਹਨ, ਪਰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਕੱਖ ਵੀ ਨਹੀਂ ਕੀਤਾ ਜਾ ਰਿਹਾ। ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਬੰਦ ਹੋਵੇ, ਸਭ ਮਿਲ ਜਾਣ ਕਿ ਰਹਿਣ ਅਤੇ ਸਭਨਾਂ ਨੂੰ ਬਰਾਬਰ ਦਾ ਅਧਿਕਾਰ ਪ੍ਰਾਪਤ ਹੋਵੇ। ਇਸ ਤੋਂ ਇਲਾਵਾ ਊਚ ਨੀਚ ਅਤੇ ਜਾਤੀ ਪ੍ਰਥਾ ਤੋਂ ਇਲਾਵਾ ਧਰਮ ਦੇ ਨਾਂ ਤੇ ਹੁੰਦੀਆਂ ਲੜਾਈਆਂ ਖਤਮ ਹੋਣ, ਪਰ ਮੌਜੂਦਾ ਵੇਲੇ ਵਿੱਚ ਵੇਖਿਆ ਗਿਆ ਹੈ ਕਿ ਸ਼ਹੀਦ ਭਗਤ ਸਿੰਘ ਦਾ ਸੁਪਨਾ ਸਿਰਫ ਸੁਪਨਾ ਹੀ ਬਣ ਕੇ ਰਹਿ ਗਿਆ ਹੈ।
ਸ਼ਹੀਦ ਭਗਤ ਸਿੰਘ ਦਾ ਇੱਕ ਵੀ ਸੁਪਨਾ ਹਾਕਮਾਂ ਦੇ ਵੱਲੋਂ ਪੂਰਾ ਨਹੀਂ ਕੀਤਾ ਗਿਆ। ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਾਕਮ ਧੜਾ ਗੱਲਾਂ ਵੱਡੀਆਂ ਵੱਡੀਆਂ ਕਰਦਾ ਸੀ, ਪਰ ਸੱਤਾ ਵਿੱਚ ਆਉਂਦੇ ਸਾਰ ਹੀ ਉਕਤ ਗੱਲਾਂ ਤੇ ਮਿੱਟੀ ਪਾ ਦਿੱਤੀ। ਮਜ਼ਦੂਰਾਂ, ਕਿਸਾਨਾਂ, ਕਿਰਤੀਆਂ ਅਤੇ ਆਮ ਵਰਗ ਦੀ ਗੱਲ ਕਰਨ ਵਾਲਾ ਸ਼ਹੀਦ ਭਗਤ ਸਿੰਘ ਅੱਜ ਮੇਲਿਆਂ ਦਾ ਭਗਤ ਸਿੰਘ ਬਣ ਕੇ ਰਹਿ ਗਿਆ।
ਜਿਹੜੀਆਂ ਚੀਜ਼ਾਂ ਦਾ ਸ਼ਹੀਦ ਭਗਤ ਸਿੰਘ ਹੋਰਾਂ ਨੇ ਵਿਰੋਧ ਕੀਤਾ ਸੀ, ਉਹਨਾਂ ਚੀਜ਼ਾਂ ਨੂੰ ਅਪਣਾ ਕੇ ਅੱਜ ਵੀ ਸਿਆਸਤਦਾਨ ਵੋਟਾਂ ਬਟੋਰਦੇ ਹਨ, ਹਾਲਾਂਕਿ ਇਹ ਵੋਟਾਂ ਜਿਆਦਾ ਦੇਰ ਤੱਕ ਨਹੀਂ ਬਿਟੋਰੀਆਂ ਜਾ ਸਕਦੀਆਂ, ਕਿਉਂਕਿ ਇਕ ਨਾ ਇਕ ਦਿਨ "ਇਨਕਲਾਬ ਜ਼ਰੂਰ ਆਵੇਗਾ" ਅਤੇ ਲੋਕ ਜਾਗ ਜਾਣਗੇ ਆਪਣੇ ਹੱਕਾਂ ਲਈ।
ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕੁਝ "ਅਖੌਤੀ ਜਥੇਬੰਦੀਆਂ" ਵੱਲੋਂ ਵੀ ਕੀਤਾ ਜਾਂਦਾ ਰਿਹਾ ਹੈ। ਉਹਨਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਜਿੱਥੇ ਆਮ ਵਰਗ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਹੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਤਾਂ ਗੱਲ ਕੀਤੀ ਜਾਂਦੀ ਹੈ, ਪਰ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਾਂ ਫਿਰ ਸੰਘਰਸ਼ ਵਿੱਢਣ ਦੀ ਗੱਲ ਕਦੇ ਵੀ ਨਹੀਂ ਕੀਤੀ ਜਾ ਰਹੀ। ਪੰਜਾਬ ਵਿੱਚ ਅਜਿਹਾ ਹੁਣ ਤਾਂ ਆਮ ਹੋ ਗਿਆ।
ਲਹਿੰਦੇ ਪੰਜਾਬ ਵਿੱਚ ਵੀ ਸ਼ਹੀਦ ਭਗਤ ਸਿੰਘ ਨੂੰ ਬਣਦਾ ਮਾਣ ਸਤਿਕਾਰ ਦੇਣ ਵਾਸਤੇ ਕੁਝ ਜਥੇਬੰਦੀਆਂ ਨੇ ਸਰਕਾਰਾਂ ਅਤੇ ਅਦਾਲਤਾਂ ਤੱਕ ਪਹੁੰਚ ਕੀਤੀ ਹੈ। ਜਿੱਥੋਂ ਉਹਨਾਂ ਨੂੰ ਹੁੰਗਾਰਾ ਤਾਂ ਮਿਲਿਆ ਹੈ, ਪਰ ਕਰੀਬ 119 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਸਾਡੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸੁਪਨੇ ਅਧੂਰੇ ਨੇ। ਸ਼ਹੀਦ ਭਗਤ ਸਿੰਘ ਵਿਦਿਆਰਥੀਆਂ ਦੀ ਗੱਲ ਕਰਦਾ ਸੀ, ਪਰ ਬਹੁਤ ਸਾਰੇ ਵਿਦਿਆਰਥੀ ਅੱਜ ਪੈਸਾ ਨਾ ਹੋਣ ਦੇ ਕਾਰਨ ਪੜ੍ਹਾਈਆਂ ਛੱਡਣ ਵਾਸਤੇ ਮਜ਼ਬੂਰ ਨੇ।
ਅੱਜ ਵੀ ਜਾਤੀ ਪ੍ਰਥਾ, ਬਾਲ ਵਿਆਹ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ, ਮਜ਼ਦੂਰਾਂ ਦੀਆਂ ਮੰਗਾਂ, ਉਚ-ਨੀਚ, ਮਨੁੱਖ ਤੋਂ ਮਨੁੱਖ ਦੀ ਲੁੱਟ ਬੰਦ ਨਹੀਂ ਹੋਈ। ਜਿਸ ਦੇ ਕਾਰਨ ਕਿਹਾ ਜਾ ਸਕਦਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਸਿਰਫ ਤੇ ਸਿਰਫ ਗੱਲਾਂ ਕਰਕੇ ਵੋਟਾਂ ਬਿਟੋਰੀਆਂ ਜਾਂਦੀਆਂ ਨੇ ਅਤੇ ਪੈਸਾ ਇਕੱਠਾ ਕਰਕੇ ਆਪਣੀਆਂ ਜੇਬਾਂ ਭਰੀਆਂ ਜਾਂਦੀਆਂ ਨੇ, ਇਸ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਜਾਂਦਾ।
ਖੈਰ ਵੇੰਹਦੇ ਹਾਂ ਕਿ ਅਗਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕਿੰਨੇ ਲੋਕ ਵੋਟਾਂ ਮੰਗਣ ਲਈ ਸਾਡੇ ਕੋਲ ਆ ਕੇ ਆਪਣੇ ਆਪ ਨੂੰ "ਸੱਚੇ ਇਨਕਲਾਬੀ" ਦੱਸਦੇ ਨੇ। ਇਹ ਤਾਂ ਵੇਲਾ ਹੀ ਦੱਸੇਗਾ ਕਿ, ਆਉਣ ਵਾਲੇ ਸਮੇਂ ਵਿੱਚ ਕੀ ਬਣਦਾ? ਬਾਕੀ ਇਹ ਕਹਿਣਾ ਮੁਸ਼ਕਿਲ ਕਿ ਅਗਲਾ ਵੇਲਾ "ਸਹੀ" ਹੀ ਹੋਵੇਗਾ।
ਮੋਬਾਈਲ - 09569820314
-
ਗੁਰਪ੍ਰੀਤ, ਲੇਖਕ ਤੇ ਸੀਨੀਅਰ ਪੱਤਰਕਾਰ
gurpreetsinghjossan@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.