ਮਹਾਤਮਾ ਗਾਂਧੀ ਦਾ ਆਜ਼ਾਦੀ ਲਈ ਸੰਘਰਸ਼ ਅਤੇ ਹਿੰਦੂ-ਮੁਸਲਿਮ ਏਕਤਾ
ਪ੍ਰੀਤ ਗੁਰਪ੍ਰੀਤ
ਮਹਾਤਮਾ ਗਾਂਧੀ, ਜਿਸ ਨੂੰ ਰਾਸ਼ਟਰ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਅੱਜ ਜਨਮ ਦਿਨ ਹੈ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਵਿੱਚ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ। ਉਨ੍ਹਾਂ ਦਾ ਅਸਲ ਨਾਂਅ ਮੋਹਨਦਾਸ ਕਰਮਚੰਦ ਗਾਂਧੀ ਸੀ। ਮਹਾਤਮਾ ਗਾਂਧੀ ਦੇ ਪਿਤਾ ਕਰਮਚੰਦ ਗਾਂਧੀ ਹਿੰਦੂ ਮੱਧ ਵਰਗ ਵਿੱਚੋਂ ਸਨ। ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੌਰਾਨ ਅਹਿੰਸਾ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਹਮੇਸ਼ਾ ਅਹਿੰਸਾ ਦੇ ਮਾਰਗ 'ਤੇ ਚੱਲਣ ਲਈ ਕਿਹਾ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਕੀਤੇ ਕੰਮਾਂ ਦੀ ਚਰਚਾ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਹੁੰਦੀ ਹੈ, ਇਸੇ ਕਰਕੇ 2 ਅਕਤੂਬਰ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਲੇਖ ਵਿੱਚ ਅੱਗੇ ਵਧਣ ਤੋਂ ਪਹਿਲਾਂ ਅਸੀਂ ਮਹਾਤਮਾ ਗਾਂਧੀ ਦੇ ਹਿੰਦੂ-ਮੁਸਲਿਮ ਏਕਤਾ ਬਾਰੇ ਜੋ ਵਿਚਾਰ ਸਨ, ਉਨ੍ਹਾਂ ਬਾਰੇ ਗੱਲ ਕਰਾਂਗੇ। ਜਦੋਂ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਬਣੇ ਸਨ। ਹਾਲਾਂਕਿ ਭਾਰਤ ਦੇ ਵਿਚੋਂ ਹੀ ਪਾਕਿਸਤਾਨ ਮੁਲਕ ਬਣਾਇਆ ਗਿਆ ਸੀ। ਪਾਕਿਸਤਾਨ ਨੂੰ ਉਸ ਵੇਲੇ ਇਸਲਾਮਿਕ ਸਟੇਟ ਵਜੋਂ ਨਾਮ ਦਿੱਤਾ ਗਿਆ ਸੀ। ਜਦੋਂ ਇੱਕ ਪਾਸੇ ਵੱਡੇ ਲੀਡਰ ਅਤੇ ਅਮੀਰ ਲੋਕ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ ਤਾਂ, ਉਦੋਂ ਦੂਜੇ ਪਾਸੇ ਆਮ ਵਰਗ, ਹਿੰਦੂ-ਮੁਸਲਿਮ ਦੇ ਨਾਮ ਤੇ ਲੜ੍ਹ ਰਿਹਾ ਸੀ। ਖ਼ੈਰ, ਇਹ ਲੜ੍ਹਾਈ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਦੋਵਾਂ ਮੁਲਕਾਂ ਦੇ ਵਿੱਚ ਜਾਰੀ ਹੈ। ਰੋਜ਼ਾਨਾਂ ਹੀ ਧਰਮ ਦੇ ਨਾਮ ਤੇ ਦੰਗਿਆਂ ਦੀਆਂ ਸੂਚਨਾਵਾਂ ਮਿਲਦੀਆਂ ਹਨ। ਗਾਂਧੀ ਜੀ, ਇਨ੍ਹਾਂ ਦੰਗਿਆਂ ਦੇ ਖਿਲਾਫ਼ ਸਨ ਅਤੇ ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਧਰਮ ਦੇ ਨਾਮ ਤੇ ਹੁੰਦੀਆਂ ਲੜ੍ਹਾਈਆਂ ਨੂੰ ਠੱਲ ਪਾਉਣ ਲਈ ਸਭਨਾਂ ਧਰਮਾਂ ਦੇ ਲੋਕਾਂ ਨੁੰ ਮਿਲ ਜੁਲ ਕੇ ਰਹਿਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਸਲਾਹ ਦਿੱਤੀ ਸੀ, ਪਰ ਇਸ ਦੇ ਉਲਟ ਅੱਜ ਵੀ ਤਕਰੀਬਨ ਹਰ ਦਿਨ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਘੱਟ ਗਿਣਤੀਆਂ ਤੇ ਅੱਤਿਆਚਾਰ ਦੀਆਂ ਖ਼ਬਰਾਂ ਮਿਲਦੀਆਂ ਹਨ। ਗਾਂਧੀ ਦਾ ਸੰਦੇਸ਼ ਜਿਹੜਾ ਹਿੰਦੂ-ਮੁਸਲਿਮ ਏਕਤਾ ਬਾਰੇ ਸੀ, ਉਹਦੇ ਖਿਲਾਫ਼ ਜਾ ਕੇ ਬਹੁਤ ਸਾਰੇ ਨੇਤਾ ਵੀ ਸਮਾਜ ਨੂੰ ਵੰਡਣ ਵਾਲੇ ਬਿਆਨ ਦਿੰਦੇ ਹਨ। ਹਾਲਾਂਕਿ, ਪੁਲਿਸ ਵੱਲੋਂ ਉਕਤ ਨੇਤਾਵਾਂ ਤੇ ਕੇਸ ਵੀ ਦਰਜ ਹੁੰਦੇ ਹਨ, ਪਰ ਬਾਵਜੂਦ ਇਸ ਦੇ ਕੋਈ ਢੁੱਕਵੀਂ ਕਾਰਵਾਈ ਨਹੀਂ ਹੁੰਦੀ।
ਖੈਰ, ਲੇਖ ਵਿੱਚ ਅੱਗੇ ਵਧਦੇ ਹਾਂ..। ਮਹਾਤਮਾ ਗਾਂਧੀ ਨੂੰ ਪੰਜ ਵਾਰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਵਿਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਵਾਲੇ ਮਹਾਤਮਾ ਗਾਂਧੀ ਬਚਪਨ ਵਿੱਚ ਬਹੁਤ ਸ਼ਾਂਤ ਸੁਭਾਅ ਦੇ ਸਨ ਅਤੇ ਲੋਕਾਂ ਨਾਲ ਬਹੁਤੀ ਗੱਲ ਨਹੀਂ ਕਰਦੇ ਸਨ। ਸਾਲ 1930 ਵਿੱਚ ਮਹਾਤਮਾ ਗਾਂਧੀ ਨੂੰ ਟਾਈਮਜ਼ ਮੈਗਜ਼ੀਨ ਦੇ 'ਪਰਸਨ ਆਫ ਦਿ ਈਅਰ' ਵਿੱਚ ਸ਼ਾਮਲ ਕੀਤਾ ਗਿਆ ਸੀ। ਗਾਂਧੀ ਜੀ ਨੂੰ ਬਾਪੂ ਨਾਮ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਦਿੱਤਾ ਸੀ। ਬਾਪੂ ਨੇ ਬਿਹਾਰ ਦੇ ਚੰਪਾਰਨ ਵਿੱਚ ਅੰਗਰੇਜ਼ਾਂ ਵੱਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ ਸੀ।
ਗਾਂਧੀ ਜੀ ਨੇ ਬਿਹਾਰ ਦੇ ਚੰਪਾਰਨ ਤੋਂ ਭਾਰਤੀਆਂ ਨੂੰ ਅੰਗਰੇਜ਼ਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਲੜਾਈ ਸ਼ੁਰੂ ਕੀਤੀ ਸੀ। ਗਾਂਧੀ ਨੇ ਜਿੱਥੇ ਆਪਣੇ ਜੀਵਨ ਦੌਰਾਨ ਭਾਰਤ ਦੀ ਆਜ਼ਾਦੀ ਲਈ ਲੰਮਾ ਸੰਘਰਸ਼ ਲੜਿਆ, ਉੱਥੇ ਹੀ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ, ਉਨ੍ਹਾਂ ਨੇ ਅੱਗੇ ਵੱਧ ਕੇ ਯੋਗਦਾਨ ਪਾਇਆ। ਬੇਸ਼ੱਕ ਭਾਰਤ ਦੀ ਆਜ਼ਾਦੀ ਵੇਲੇ ਬਹੁਤ ਸਾਰੇ ਲੋਕ ਹਿੰਸਾ ਕਰਕੇ, ਅੰਗਰੇਜ਼ਾਂ ਕੋਲੋਂ ਭਾਰਤ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ, ਪਰ ਮਹਾਤਮਾ ਗਾਂਧੀ ਨੇ ਅਹਿੰਸਾ ਦੇ ਮਾਰਗ ਤੇ ਚੱਲ ਕੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਮਹਾਤਮਾ ਗਾਂਧੀ ਨੇ ਜਿੱਥੇ ਆਜ਼ਾਦੀ ਦੀ ਲੜ੍ਹਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਉਥੇ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਇੰਗਲੈਂਡ ਵਿੱਚ ਰਹਿ ਕੇ ਕੀਤੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਤਨ (ਭਾਰਤ) ਪਰਤੇ।
ਹਾਲਾਂਕਿ, ਇਸ ਤੋਂ ਬਾਅਦ ਗਾਂਧੀ ਨੇ ਦੱਖਣੀ ਅਫ਼ਰੀਕਾ ਦੀ ਯਾਤਰਾ ਕੀਤੀ ਅਤੇ ਪ੍ਰਵਾਸੀ ਅਧਿਕਾਰਾਂ ਦੀ ਰੱਖਿਆ ਲਈ ਉੱਥੇ ਸੱਤਿਆਗ੍ਰਹਿ ਕੀਤਾ। ਮਹਾਤਮਾ ਗਾਂਧੀ ਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਵਿੱਚ ਕੇਂਦਰੀ ਭੂਮਿਕਾ ਨਿਭਾਈ। ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਹਿੰਸਾ ਦੁਆਰਾ ਕਿਸੇ ਵੀ ਸਮਾਜਕ ਜਾਂ ਰਾਜਨੀਤਿਕ ਪ੍ਰਵਿਰਤਨ ਨੂੰ ਲਿਆਉਣ ਦਾ ਰਾਹ ਠੀਕ ਨਹੀਂ ਹੈ। ਇਸ ਕਰਕੇ ਗਾਂਧੀ ਨੇ ਅਹਿੰਸਾ ਨੂੰ ਆਪਣਾ ਮੁੱਖ ਹਥਿਆਰ ਬਣਾਇਆ। ਸਵੈ-ਸ਼ਾਸਨ ਅਤੇ ਸਵਾਧੀਨਤਾ ਲਈ ਗਾਂਧੀ ਦੇ ਨੇਤ੍ਰਿਤਵ ਹੇਠ ਬਹੁਤ ਸਾਰੀਆਂ ਅਹਿੰਸਾਤਮਕ ਅੰਦੋਲਨ ਜਿਵੇਂ ਕਿ ਸਵਦੇਸ਼ੀ ਅੰਦੋਲਨ, ਨਮਕ ਸਤਿਆਗ੍ਰਹ ਅਤੇ ਅਸਹਿਯੋਗ ਅੰਦੋਲਨ ਸ਼ੁਰੂ ਕੀਤੇ ਗਏ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਨੂੰ ਬੇਹੱਦ ਅਸਰ ਕੀਤਾ।
ਅਹਿੰਸਾ ਦੇ ਰਾਹ ਦੀ ਉਹਨਾਂ ਦੀ ਪੋਲੀਸੀ ਨੇ ਦੂਨੀਆ ਦੇ ਹੋਰ ਕਈ ਮੁਲਕਾਂ ਦੇ ਲੀਡਰਾਂ ਨੂੰ ਵੀ ਪ੍ਰਭਾਵਿਤ ਕੀਤਾ, ਜਿਵੇਂ ਕਿ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਨੇਲਸਨ ਮੰਡੇਲਾ, ਜਿਨ੍ਹਾਂ ਨੇ ਅਪਣੇ ਮਾਲੇ ਵਿੱਚ ਅਹਿੰਸਾ ਦੇ ਰਾਹ ਦੀ ਵਰਤੋਂ ਕੀਤੀ। ਜਾਣਕਾਰੀ ਦੇ ਮੁਤਾਬਿਕ, ਮਹਾਤਮਾ ਗਾਂਧੀ ਨੇ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਲਈ ਕਈ ਮਹੱਤਵਪੂਰਨ ਅੰਦੋਲਨਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ ਸੱਤਿਆਗ੍ਰਹਿ, ਖ਼ਿਲਾਫ਼ਤ ਅੰਦੋਲਨ, ਨਮਕ ਸੱਤਿਆਗ੍ਰਹਿ ਅਤੇ ਡਾਂਡੀ ਮਾਰਚ ਸ਼ਾਮਲ ਸਨ। ਸੱਤਿਆਗ੍ਰਹਿ ਦਾ ਅਰਥ ਹੈ "ਸੱਚ ਲਈ ਸੰਘਰਸ਼," ਜੋ ਅਹਿੰਸਾ ਦੇ ਸਿਧਾਂਤ 'ਤੇ ਆਧਾਰਿਤ ਸੀ। ਗਾਂਧੀ ਨੇ ਸੱਤਿਆਗ੍ਰਹਿ ਨੂੰ ਬ੍ਰਿਟਿਸ਼ ਹਕੂਮਤ ਵਿਰੁੱਧ ਇੱਕ ਅਹਿੰਸਾਤਮਕ ਹਥਿਆਰ ਵਜੋਂ ਵਰਤਿਆ। ਇਸ ਰਾਹੀ ਗਾਂਧੀ ਨੇ ਜਨਤਾ ਨੂੰ ਸਾਂਤਮਈ ਪ੍ਰਤੀਵਾਦ ਦੇ ਜ਼ਰੀਏ ਅਨਿਆਂ ਦੇ ਖ਼ਿਲਾਫ਼ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ।
ਖ਼ਿਲਾਫ਼ਤ ਅੰਦੋਲਨ: ਇਹ ਅੰਦੋਲਨ ਮੁਸਲਮਾਨ ਭਾਈਚਾਰੇ ਦੀ ਮਦਦ ਲਈ ਸੀ, ਜਿਸ ਵਿੱਚ ਗਾਂਧੀ ਨੇ ਹਿੰਦੂ-ਮੁਸਲਿਮ ਏਕਤਾ ਦਾ ਸਿੱਧਾਂਤ ਅਪਣਾਇਆ। ਇਹ ਅੰਦੋਲਨ 1920 ਦੇ ਦੌਰਾਨ ਚਲਾ, ਜਦੋਂ ਟਰਕੀ ਦੇ ਖਿਲਾਫਾ ਦੀ ਸਥਿਤੀ ਸੰਕਟ ਵਿੱਚ ਆਈ ਸੀ। ਗਾਂਧੀ ਨੇ ਇਸ ਅੰਦੋਲਨ ਦਾ ਸਾਥ ਦਿੰਦਿਆਂ ਅਸਹਿਯੋਗ ਅੰਦੋਲਨ ਦਾ ਪ੍ਰਚਾਰ ਵੀ ਕੀਤਾ। ਡਾਂਡੀ ਮਾਰਚ: 1930 ਵਿੱਚ, ਗਾਂਧੀ ਨੇ ਨਮਕ 'ਤੇ ਬ੍ਰਿਟਿਸ਼ ਰਾਜ ਦੇ ਟੈਕਸ ਦਾ ਵਿਰੋਧ ਕਰਨ ਲਈ ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ। ਉਹ 24 ਦਿਨਾਂ ਦੀ ਇਸ ਯਾਤਰਾ ਦੌਰਾਨ ਸਥਾਨਕ ਲੋਕਾਂ ਨਾਲ ਮਿਲਦੇ ਗਏ ਅਤੇ ਬ੍ਰਿਟਿਸ਼ ਹਕੂਮਤ ਦੇ ਕਾਨੂੰਨਾਂ ਦਾ ਅਹਿੰਸਕ ਤੌਰ 'ਤੇ ਉਲੰਘਣ ਕੀਤਾ। ਇਹ ਮਾਰਚ ਆਜ਼ਾਦੀ ਸੰਘਰਸ਼ ਵਿੱਚ ਇੱਕ ਮੋੜ ਵਜੋਂ ਮੰਨਿਆ ਜਾਂਦਾ ਹੈ।
ਇਹ ਅੰਦੋਲਨ ਗਾਂਧੀ ਦੇ ਅਹਿੰਸਕ ਪ੍ਰਤੀਵਾਦ ਦੀ ਵਿਰਾਸਤ ਨੂੰ ਦਰਸਾਉਂਦੇ ਹਨ, ਜਿਸ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਖਿਲਾਫ ਆਜ਼ਾਦੀ ਦੀ ਲਹਿਰ ਨੂੰ ਹੋਰ ਅੱਗੇ ਵੱਲ ਵਧਾਇਆ। ਭਾਰਤ ਦੀ ਆਜ਼ਾਦੀ ਤੋਂ ਬਾਅਦ, ਮਹਾਤਮਾ ਗਾਂਧੀ ਨੇ ਸਮਾਜਿਕ ਅਤੇ ਆਰਥਿਕ ਸੁਧਾਰਾਂ ਵੱਲ ਧਿਆਨ ਦਿੱਤਾ। ਉਨ੍ਹਾਂ ਦਾ ਮਕਸਦ ਇੱਕ ਨਵੇਂ ਭਾਰਤ ਦੀ ਰਚਨਾ ਸੀ, ਜਿੱਥੇ ਹਰੇਕ ਨਾਗਰਿਕ ਸਮਾਨ ਹੋਵੇ। ਹਿੰਦੂ-ਮੁਸਲਿਮ ਏਕਤਾ: ਗਾਂਧੀ ਜੀ ਨੇ ਹਿੰਦੂਆਂ ਅਤੇ ਮੁਸਲਿਮਾਂ ਵਿਚਕਾਰ ਵੱਧ ਰਹੀ ਖਟਾਸ ਨੂੰ ਘਟਾਉਣ ਲਈ ਅਹਿੰਸਕ ਰਾਹ ਅਪਣਾਇਆ। ਉਨ੍ਹਾਂ ਨੇ ਕਈ ਵਾਰ ਦੰਗਿਆਂ ਨੂੰ ਰੋਕਣ ਲਈ ਮਰਨ ਵਰਤ ਵੀ ਕੀਤੇ ਅਤੇ ਜ਼ੋਰ ਦਿੱਤਾ ਕਿ ਸਭ ਧਰਮਾਂ ਦੇ ਲੋਕਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ।
ਸਮਾਜਿਕ ਸੁਧਾਰ ਬਾਰੇ ਉਨ੍ਹਾਂ ਨੇ ਛੂਆਛੂਤ ਨੂੰ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਨ ਮੰਨਿਆ। ਉਹ 'ਵਰਣਵਿਵਸਥਾ' ਦੇ ਵਿਰੋਧੀ ਸਨ ਅਤੇ ਹਰੇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰਾਂ ਦਾ ਸਮਰਥਨ ਕਰਦੇ ਸਨ। ਆਰਥਿਕ ਸੁਧਾਰ ਬਾਰੇ ਗਾਂਧੀ ਜੀ ਨੇ ਖੇਤੀਬਾੜੀ, ਕੂਟਿਰ ਉਦਯੋਗਾਂ ਅਤੇ ਸਵਾਲੰਭਨ ਨੂੰ ਪ੍ਰਮੁੱਖ ਮੰਨਿਆ। ਉਹ ਚਾਹੁੰਦੇ ਸਨ ਕਿ ਭਾਰਤ ਦੇ ਪਿੰਡਾਂ ਦਾ ਵਿਕਾਸ ਹੋਵੇ, ਤਾਂ ਜੋ ਹਰ ਇਨਸਾਨ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਉਨ੍ਹਾਂ ਨੇ ਹਮੇਸ਼ਾ ਸੱਚ, ਸੰਜਮ ਅਤੇ ਅਹਿੰਸਾ ਨੂੰ ਆਪਣੇ ਜੀਵਨ ਦਾ ਅਸਲ ਮਕਸਦ ਮੰਨਿਆ ਅਤੇ ਲੋਕਾਂ ਨੂੰ ਵੀ ਇਹਨਾਂ ਰਾਹਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਵਿਸ਼ੇਸ਼ ਜਾਣਕਾਰੀ ਲਈ ਦੱਸ ਦਈਏ ਕਿ, ਕਵੀ ਰਬਿੰਦਰਨਾਥ ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦੀ ਉਪਾਧੀ ਦਿੱਤੀ ਸੀ ਅਤੇ ਉਹ ਮਹਾਤਮਾ ਗਾਂਧੀ ਵਜੋਂ ਜਾਣੇ ਜਾਣ ਲੱਗੇ। ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਕਿਹਾ ਸੀ। 6 ਜੁਲਾਈ 1944 ਨੂੰ ਰੰਗੂਨ ਰੇਡੀਓ ਸਟੇਸ਼ਨ ਤੋਂ ਆਪਣੇ ਭਾਸ਼ਣ ਵਿੱਚ ਗਾਂਧੀ ਜੀ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ, 'ਸਾਡੇ ਰਾਸ਼ਟਰ ਪਿਤਾ, ਮੈਂ ਭਾਰਤ ਦੀ ਆਜ਼ਾਦੀ ਦੀ ਪਵਿੱਤਰ ਲੜਾਈ ਵਿੱਚ ਤੁਹਾਡਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਚਾਹੁੰਦਾ ਹਾਂ।' 30 ਜਨਵਰੀ 1948 ਨੂੰ ਬਿਰਲਾ ਹਾਊਸ ਦੇ ਪੂਰਬੀ ਬਾਗ ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਗਾਂਧੀ ਜੀ ਦਾ ਅੰਤਿਮ ਸੰਸਕਾਰ ਬੜੇ ਸਤਿਕਾਰ, ਸ਼ੁਕਰਾਨੇ ਅਤੇ ਸ਼ਰਧਾ ਨਾਲ ਕੀਤਾ ਗਿਆ। ਅੰਤਿਮ ਸੰਸਕਾਰ ਦੌਰਾਨ ਲੋਕਾਂ ਦੀ ਭੀੜ 8 ਕਿਲੋਮੀਟਰ ਤੱਕ ਉਸ ਦੇ ਨਾਲ ਚੱਲੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਉਸ ਲਈ ਕਿੰਨਾ ਪਿਆਰ ਅਤੇ ਸਤਿਕਾਰ ਸੀ, ਜੋ ਅੱਜ ਵੀ ਜਾਰੀ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਿਆਰ, ਸਹਿਣਸ਼ੀਲਤਾ ਅਤੇ ਅਹਿੰਸਾ ਦੁਆਰਾ ਕਿਵੇਂ ਵਿਸ਼ਵ ਵਿੱਚ ਵੱਡਾ ਬਦਲਾਅ ਲਿਆ ਜਾ ਸਕਦਾ ਹੈ।
-
ਪ੍ਰੀਤ ਗੁਰਪ੍ਰੀਤ, ਲੇਖਕ/ ਪੱਤਰਕਾਰ
gurpreetsinghjossan@gmail.com
9569820314
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.