ਜ਼ਿੰਦਗੀ ਬਹੁਤ ਛੋਟੀ ਹੈ, ਸਮੇਂ ਨੂੰ ਬਰਬਾਦ ਕਰਣ ਲਈ ਅਤੇ ਬਹੁਤ ਵੱਡੀ ਹੈ, ਬਹੁਤ ਸਾਰੇ ਫਲ਼ਦਾਇਕ ਕਰਮ ਕਰ ਲੈਣ ਲਈ l ਬਚਪਨ, ਜਵਾਨੀ ਅਤੇ ਬੁੱਢਾਪਾ, ਜ਼ਿੰਦਗੀ ਦੇ ਤਿੰਨਾਂ ਪੜਾਵਾਂ ਦੀ ਆਪੋ-ਆਪਣੀ ਸਮਰੱਥਾ ਅਤੇ ਆਪੋ-ਆਪਣੀ ਮਹੱਤਤਾ ਹੈ l ਜਿਹੜੀ ਹੱਡੀਆਂ ਅਤੇ ਸਰੀਰਕ ਮਸਲਜ਼ ਜਾਂ ਪੱਠਿਆਂ ਦੀ ਤਾਕਤ ਅਤੇ ਲੱਚਕਤਾ ਇਨਸਾਨ ਨੂੰ ਕੁਦਰਤ ਵਲੋਂ ਬਚਪਨੇ ਵਿੱਚ ਪ੍ਰਾਪਤ ਹੁੰਦੀ ਹੈ, ਉਨੀਂ ਜਵਾਨੀ ਵਿੱਚ ਨਹੀਂ ਅਤੇ ਬੁੱਢਾਪੇ ਵਿੱਚ ਤਾਂ ਇਹ ਤਾਕਤ ਅਤੇ ਲੱਚਕਤਾ ਨਾ ਦੇ ਬਰਾਬਰ ਹੀ ਰਹਿ ਜਾਂਦੀ ਹੈ l ਕੁੱਝ ਕਰ ਗੁਜਰਣ ਦਾ ਜਨੂੰਨ ਅਤੇ ਜਜ਼ਬਾ, ਜੋ ਜਵਾਨੀ ਵਿੱਚ ਠਾਠਾਂ ਮਾਰਦਾ ਹੈ, ਉਹ ਬੁੱਢਾਪੇ ਵਿੱਚ ਬੀਤੀ ਜ਼ਿੰਦਗੀ ਦੇ ਤਜ਼ਰਬੇਆਂ ਅਤੇ ਸਿਹਤ ਦੀਆਂ ਕਮਜ਼ੋਰੀਆਂ ਦੇ ਮੱਧੇਨਜ਼ਰ ਮੱਠਾ ਪੈ ਜਾਂਦਾ ਹੈ l
ਇਸਲਈ ਜ਼ਿੰਦਗੀ ਦੇ ਹਰੇਕ ਪੜਾਓ ਉੱਤੇ ਵੱਖੋ-ਵੱਖਰੀ ਊਰਜਾ ਦਾ ਸੰਚਾਰ ਹੁੰਦਾ ਰਹਿੰਦਾ ਹੈ l ਭਰ ਬਚਪਨ ਅਤੇ ਜਵਾਨੀ ਦੇ ਪਹਿਲੇ ਪਹਿਰ ਵਿੱਚ ਬੁਢਾਪੇ ਵਾਲੀ ਸੂਝ-ਬੂਝ ਨਹੀਂ ਆ ਸਕਦੀ ਅਤੇ ਨਾ ਹੀ ਬੁਢਾਪੇ ਵਿੱਚ ਸਰੀਰ ਦੀ ਅਵਸਥਾ ਬਚਪਨ ਵਾਂਗ ਹੋ ਸਕਦੀ ਹੈ l ਪਰ ਜ਼ਿੰਦਗੀ ਦੀ ਹਰੇਕ ਸਟੇਜ ਉੱਤੇ ਮਨ ਨੂੰ ਬਚਪਨ ਦੀ ਤਰ੍ਹਾਂ ਥੋੜਾ ਕੁ ਚੰਚਲ ਅਤੇ ਊਰਜਾਵਾਨ ਜਰੂਰ ਰੱਖਿਆ ਜਾ ਸਕਦਾ ਹੈ l ਮਨ ਦੀ ਅਵਸਥਾ ਜੇ ਪਿੱਛੇ ਛੱਡੇ ਬਚਪਨ ਦੀਆਂ ਗਹਿਰਾਈਆਂ ਨੂੰ ਛੂਹੰਦੀ ਹੈ ਅਤੇ ਬੁਢਾਪੇ ਵਿੱਚ ਮਾਨਸਿਕ ਉੱਚਾਈਆਂ ਤੱਕ ਪਹੁੰਚ ਸਕਦੀ ਹੈ ਤਾਂ ਮਨੁੱਖਾ ਜੀਵਨ ਫਲ਼ਦਾਇਕ ਹੈ l ਇਸਲਈ ਜ਼ਿੰਦਗੀ ਨੂੰ ਪੌੜੀ ਦਰ ਪੌੜੀ ਚੜ੍ਹਦੇ-ਚੜ੍ਹਦੇ ਅੱਖੀਰਲੇ ਡੰਡੇ ਤੋਂ ਬਚਪਨ ਵੱਲ ਝਾਤੀਆਂ ਜਰੂਰ ਮਾਰ ਲੈਣੀਆਂ ਚਾਹੀਦੀਆਂ ਹਨ ਅਤੇ ਏਨਾਂ ਯਾਦਾਂ ਨੂੰ ਸਮੇਟ ਲੈਣ ਦਾ ਯਤਨ ਵੀ ਕਰਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਅਗਲੀਆਂ ਪੀੜੀਆਂ ਪਹਿਲੇ ਸਮਿਆਂ ਦੇ ਬਚਪਨ ਦੇ ਬਾਰੇ ਵੀ ਜਾਣ ਸਕਣ l ਅਸੀਂ ਆਪਣੇ ਮਾਪਿਆਂ, ਦਾਦੀਆਂ, ਨਾਨੀਆਂ, ਮਾਸੀਆਂ, ਮਾਮਿਆਂ, ਭੂਆ ਹੁਰਾਂ ਤੋਂ ਉਨ੍ਹਾਂ ਦੇ ਬਚਪਨ ਅਤੇ ਜਵਾਨੀ ਦੇ ਕਿੱਸਿਆਂ ਦੇ ਬਾਰੇ ਜਾਣਦੇ ਰਹੇ ਅਤੇ ਅੱਗੋਂ ਆਪਣੀ ਅਗਲੀ ਪੀੜੀ ਨਾਲ ਆਪਣੇ ਵਡੇਰਿਆਂ ਦੀਆਂ ਜ਼ਿੰਦਗੀਆਂ ਦੇ ਅਤੇ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਅਤੇ ਜਵਾਨੀ ਵਿੱਚ ਕੀਤੇ ਸੰਘਰਸ਼ਾਂ ਦੇ ਤਜਰਬੇ ਸਾਂਝੇ ਕਰਦੇ ਰਹੇ l ਮੈਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮਿੱਠੀਆਂ ਯਾਦਾਂ ਨੂੰ ਲਿੱਖਿਤ ਰੂਪ ਦੇਣ ਦਾ ਯਤਨ ਕਰਦੀ ਰਹੀ ਹਾਂ ਅਤੇ ਗਰੁੱਪ ਦੇ ਸਾਰੇ ਪਾਠਕਾਂ ਦੀਆਂ ਜ਼ਿੰਦਗੀਆਂ ਦੇ ਵੀ ਕੌੜੇ-ਮਿੱਠੇ ਤਜਰਬੇ ਵੀ ਬੜੇ ਸ਼ੋਂਕ ਨਾਲ ਪੜ੍ਹਨ ਦਾ ਯਤਨ ਕਰਦੀ ਹਾਂ l ਬੜੇ ਖਜਾਨੇ ਲੁਕੇ ਹੋਏ ਹੁੰਦੇ ਹਨ ਏਨਾਂ ਤਜ਼ਰਬੇਆਂ ਦੀਆਂ ਯਾਦਾਂ ਦੇ ਵਿੱਚ l ਜਦੋੰ ਇੰਟਰਨੈਟ ਅਤੇ ਵਾਈਫਾਈ ਦਾ ਜ਼ਮਾਨਾ ਨਹੀਂ ਸੀ, ਉਸ ਸਮੇਂ ਦੀਆਂ ਯਾਦਾਂ ਕਿੱਸਿਆਂ ਦੇ ਰੂਪ ਵਿੱਚ ਸੱਭ ਦੀਆਂ ਅੱਖਾਂ ਅੱਗੇ ਕਲਪਿਤ ਨਾਟਕ ਵਾਂਗ ਚਿੱਤਰਿਤ ਹੋ ਜਾਂਦੀਆਂ ਹਨ ਅਤੇ ਗੁਜ਼ਰੇ ਜ਼ਮਾਨੇ ਦਾ ਚਲਦੇ ਹੋਏ ਜ਼ਮਾਨੇ ਨਾਲ ਲਿੰਕ ਬਣਦਾ ਜਾਂਦਾ ਹੈ l
ਸੋ ਤੱਤਸਾਰ ਇਹ ਬਣਦਾ ਹੈ ਕਿ ਜਿਵੇੰ ਸਵੈਟਰ ਦੀ ਬੁਣਤੀ ਥੱਲਿਓਂ ਬਾਰਡਰ ਤੋਂ (ਬਚਪਨ ਦੀ ਨੀਂਹ) ਸ਼ੁਰੂ ਹੁੰਦੀ ਹੋਈ ਗਲੇ ਤੱਕ (ਬੁੱਢਾਪੇ ਤੋਂ ਮੌਤ ਵੱਲ ਨੂੰ) ਜਾ ਅਪੜਦੀ ਹੈ, ਉਵੇਂ ਹੀ ਬਚਪਨ ਤੋਂ ਬੁੱਢਾਪਾ ਅਤੇ ਜਨਮ ਤੋਂ ਮੌਤ ਦਾ ਵੀ ਇੱਕ ਨਿਰੰਤਰ ਸਫ਼ਰ ਜਾਰੀ ਰਹਿੰਦਾ ਹੈ l ਅਸੀਂ ਏਸ ਯਾਤਰਾ ਨੂੰ ਕਿਵੇਂ ਸਫ਼ਲ ਬਣਾਉਣਾ ਹੈ, ਇਹ ਵੱਡਿਆਂ ਦੀ ਦਿੱਤੀ ਗਈ ਸੂਝ-ਬੂਝ, ਬੀਤਦੇ ਸਮੇਂ ਦੇ ਨਾਲ ਕਰਮਾਂ ਦੇ ਫੱਲ ਦੀ ਗਿਆਨ ਪ੍ਰਾਪਤੀ ਅਤੇ ਪੂਰੀ ਜ਼ਿੰਦਗੀ ਬਚਪਨ ਵਰਗੀ ਰੱਖੀ ਗਈ ਇਮਾਨਦਾਰੀ ਅਤੇ ਮਸੂਮੀਅਤ ਦੇ ਨਾਲ ਏਸ ਯਾਤਰਾ ਨੂੰ ਬਾਖ਼ੂਬੀ ਨਾਲ ਸਮਝਿਆ, ਨਜਿੱਠਿਆ ਅਤੇ ਹੰਢਾਇਆ ਜਾ ਸਕਦਾ ਹੈ, ਬਸ਼ਰਤੇ ਕਿ ਜ਼ਿੰਦਗੀ ਦੇ ਹਰੇਕ ਪਲ਼ ਨੂੰ ਹੋਸ਼ ਨਾਲ ਹੰਢਾਉਂਦਿਆਂ ਹੋਇਆਂ ਜੀਵਿਆ ਜਾਵੇ l ਸੁੱਖ ਦੀ ਘੜੀ ਵਿੱਚ ਸ਼ੁਕਰਾਨਾ ਅਤੇ ਦੁੱਖ ਦੀ ਘੜੀ ਵਿੱਚ ਅਰਦਾਸ ਕਰਦੇ ਹੋਏ ਅਤੇ ਹਰ ਵੇਲੇ ਪ੍ਰਭੂ ਦੀ ਸਮ੍ਰਿਤੀ ਰੱਖ ਕੇ ਜ਼ਿੰਦਗੀ ਦੇ ਤਰਾਜੂ ਨੂੰ ਸਮਤੋਲ ਵਿੱਚ ਰੱਖਣ ਦੇ ਯਤਨ ਕਰ ਲਏ ਜਾਣ ਅਤੇ ਜ਼ਿੰਦਗੀ ਨੂੰ ਆਪਣੇ ਵਲੋਂ ਵੱਧ ਤੋਂ ਵੱਧ ਚੰਗੇ ਢੰਗ ਨਾਲ ਹੰਢਾਅ ਕੇ ਇਸ ਜ਼ਿੰਦਗੀ ਨੂੰ ਛੱਡਣ ਦਾ ਹੌਸਲਾ ਵੀ ਪੈਦਾ ਕੀਤਾ ਜਾ ਸਕੇ l
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.