ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦਾ ਮਾਸਟਰ ਸਟਰੋਕ : ਤੀਜੀ ਸਰਕਾਰ ਬਣਾਈ
ਉਜਾਗਰ ਸਿੰਘ
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਂਟੇ ਦੀ ਟੱਕਰ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਗਈ ਹੈ। ਗਿਣਤੀ ਸ਼ੁਰੂ ਹੋਣ ਤੋਂ ਸਵੇਰੇ 9.30 ਵਜੇ ਤੱਕ ਕਾਂਗਰਸ ਪਾਰਟੀ ਦੇ ਪੱਖ ਵਿੱਚ ਝੁਕਾਆ ਆ ਰਹੇ ਸਨ ਪ੍ਰੰਤੂ 9.40 ਮਿੰਟ ਝੁਕਾਆ ਬਦਲ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣੇ ਸ਼ੁਰੂ ਹੋ ਗਏ ਜੋ ਅਖ਼ੀਰ ਤੱਕ ਭਾਰਤੀ ਜਨਤਾ ਦੇ ਹੱਕ ਵਿੱਚ ਬਰਕਰਾਰ ਰਹੇ। ਲੋਕ ਸਭਾ ਦੀ ਚੋਣ ਦੀ ਤਰ੍ਹਾਂ ਇਸ ਵਾਰ ਪ੍ਰਧਾਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਵੋਟਾਂ ਨਹੀਂ ਮੰਗੀਆਂ ਗਈਆਂ। ਆਰ ਐਸ ਐਸ ਨੇ ਪਾਰਟੀ ਦੇ ਨਾਮ ‘ਤੇ ਵੋਟਾਂ ਮੰਗਣ ਲਈ ਜ਼ੋਰ ਪਾਇਆ ਸੀ। ਭਾਰਤੀ ਜਨਤਾ ਪਾਰਟੀ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਮਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ 5 ਸੀਟਾਂ ਜਿੱਤੀਆਂ ਸਨ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਸਨ, ਜਿਸ ਤੋਂ ਭਾਰਤੀ ਜਨਤਾ ਪਾਰਟੀ ਦੀ ਗਿਰਾਵਟ ਦਾ ਪਤਾ ਚਲਦਾ ਸੀ। ਪ੍ਰੰਤੂ ਤੀਜੀ ਵੀਰ ਵੀ ਭਾਰਤੀ ਜਨਤਾ ਪਾਰਟੀ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ।
ਭਾਰਤੀ ਜਨਤਾ ਪਾਰਟੀ ਭਾਵੇਂ ਚੋਣਾਂ ਜਿੱਤ ਗਈ ਹੈ ਪ੍ਰੰਤੂ ਉਨ੍ਹਾਂ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਦੇ 8 ਮੰਤਰੀ ਚੋਣ ਹਾਰ ਗਏ ਹਨ, ਜਿਨ੍ਹਾਂ ਵਿੱਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਾਇਬ ਚੰਦ ਵੀ ਸ਼ਾਮਲ ਹਨ। ਚੋਣ ਹਾਰਨ ਵਾਲੇ ਮੰਤਰੀਆਂ ਵਿੱਚ ਸੰਜੇ ਸਿੰਘ, ਕੰਵਰ ਪਾਲ ਗੁਜਰ, ਡਾ.ਕੰਵਲ ਗੁਪਤਾ, ਸੁਭਾਸ਼ ਸੁਧਾ ਅਤੇ ਰਣਜੀਤ ਸਿੰਘ ਚੌਟਾਲਾ ਸ਼ਾਮਲ ਹਨ। ਕਾਂਗਰਸ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ ਕਿਉਂਕਿ ਉਹ ਤਾਂ ਆਪਣੀ ਜਿੱਤ ਪੱਕੀ ਸਮਝੀ ਬੈਠੇ ਸਨ। ਦਸ ਸਾਲ ਦੇ ਸਨਿਆਸ ਤੋਂ ਬਾਅਦ ਕਾਂਗਰਸੀ ਆਸ ਦੀ ਕਿਰਨ ਜਗਾਈ ਬੈਠੇ ਸਨ ਪ੍ਰੰਤੂ ਕਾਂਗਰਸ ਦੀ ਧੜੇਬੰਦੀ ਤੇ ਆਪਸੀ ਲੜਾਈ ਉਸ ਦੀਆਂ ਜੜ੍ਹਾਂ ਵਿੱਚ ਬੈਠ ਗਈ। ਕੁਲ ਪੋਲ ਹੋਈਆਂ 67.90 ਫ਼ੀ ਸਦੀ ਵੋਟਾਂ ਵਿੱਚੋਂ ਕਾਂਗਰਸ ਨੂੰ 39.38 ਫ਼ੀ ਸਦੀ ਤੇ ਭਾਰਤੀ ਜਨਤਾ ਪਾਰਟੀ ਨੂੰ 39.84 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। 90 ਮੈਂਬਰੀ ਵਿਧਾਨ ਸਭਾ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ 51, ਕਾਂਗਰਸ ਪਾਰਟੀ ਨੂੰ 34, ਇਨੈਲੋ ਨੂੰ 2, 1 ਹਰਿਆਣਾਂ ਲੋਕ ਹਿਤ ਪਾਰਟੀ, ਇੱਕ ਬੀ ਐਸ ਪੀ.ਅਤੇ 2 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। ਭਾਰਤੀ ਜਨਤਾ ਪਾਰਟੀ, ਕਾਂਗਰਸ, ਇਨੈਲੋ ਬੀ.ਐਸ.ਪੀ ਗਠਜੋੜ, ਆਮ ਆਦਮੀ ਪਾਰਟੀ, ਜੇ.ਪੀ.ਪੀ ਤੇ ਆਜ਼ਾਦ ਸਮਾਜ ਗੱਠਜੋੜ ਚੋਣਾ ਲੜੇ ਸਨ। ਕੁਲ 1031 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ 101 ਔਰਤਾਂ, 464 ਆਜ਼ਾਦ ਉਮੀਦਵਾਰ ਸਨ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਵੇਂ 89-89 ਸੀਟਾਂ ‘ਤੇ ਚੋਣ ਲੜੇ ਸਨ। ਕਾਂਗਰਸ ਨੇ ਇੱਕ ਭਿਵਾਨੀ ਦੀ ਸੀਟ ਸੀ.ਪੀ.ਐਮ.ਲਈ ਛੱਡ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਨੇ ਸਿਰਸਾ ਸੀਟ ਹਰਿਆਣਾ ਲੋਕ ਹਿਤ ਪਾਰਟੀ ਦੇ ਗੋਪਾਲ ਕਾਂਡਾ ਲਈ ਛੱਡੀ ਸੀ। ਗੋਪਾਲ ਕਾਂਡਾ ਚੋਣ ਜਿੱਤ ਗਏ ਹਨ।
ਇਨੈਲੋ ਅਤੇ ਬੀ.ਐਸ.ਪੀ. ਦੇ ਗਠਜੋੜ ਨੇ ਵੀ 89 ਸੀਟਾਂ ਤੋਂ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 51 ਸੀਟਾਂ ਤੇ ਇਨੈਲੋ ਨੇ ਉਮੀਦਵਾਰ ਖੜ੍ਹੇ ਕੀਤੇ ਸਨ। 2014 ਵਿੱਚ ਭਾਰਤੀ ਜਨਤਾ ਪਾਰਟੀ ਨੇ 90 ਵਿੱਚੋਂ 47 ਸੀਟਾਂ ਜਿੱਤਕੇ ਪੂਰਨ ਬਹੁਮਤ ਪ੍ਰਾਪਤ ਕੀਤਾ ਸੀ। ਉਦੋਂ 68.1 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। 2019 ਵਿੱਚ ਭਾਰਤੀ ਜਨਤਾ ਪਾਰਟੀ ਨੇ 40 ਜਿੱਤੀਆਂ ਸਨ ਜੋ ਪੂਰਨ ਬਹੁਮਤ ਤੋਂ 6 ਸੀਟਾਂ ਘੱਟ ਸਨ ਤੇ 36.49 ਫ਼ੀ ਸਦੀ ਵੋਟਾਂ ਮਿਲੀਆਂ ਸਨ। ਭਾਰਤੀ ਜਨਤਾ ਪਾਰਟੀ ਨੇ ਚੌਧਰੀ ਦੇਵੀ ਲਾਲ ਦੇ ਪੋਤਰੇ ਦੁਸ਼ਯੰਤ ਚੌਟਾਲਾ ਦੀ ਜਨ ਨਾਇਕ ਪਾਰਟੀ ਨਾਲ ਰਲ ਕੇ ਸਾਂਝੀ ਸਰਕਾਰ ਬਣਾਈ ਸੀ, ਜਨ ਨਾਇਕ ਪਾਰਟੀ ਦੇ ਦਸ ਵਿਧਾਇਕ ਸਨ ਤੇ 14.80 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਕਾਂਗਰਸ ਨੂੰ 31 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ ਤੇ 28.08 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ਸਰਕਾਰ ਭਾਵੇਂ ਭਾਰਤੀ ਜਨਤਾ ਪਾਰਟੀ ਬਣਾ ਰਹੀ ਹੈ ਪ੍ਰੰਤੂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਪਣੀ ਵੋਟ ਫ਼ੀ ਸਦੀ ਵਿਧਾਉਣ ਵਿੱਚ ਸਫਲ ਹੋ ਗਈਆਂ ਹਨ। ਦੋਵੇਂ ਵਾਰ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ ਪ੍ਰੰਤੂ ਦੂਜੀ ਵਾਰ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣਾਏ ਗਏ ਸਨ। 2024 ਦੇ ਸ਼ੁਰੂ ਵਿੱਚ ਦੋਹਾਂ ਪਾਰਟੀਆਂ ਦਾ ਸਮਝੌਤਾ ਟੁੱਟ ਗਿਆ। ਐਂਟੀ ਇਕੁਵੈਂਸੀ ਫੈਕਟਰ ਤੋਂ ਮੁਕਤੀ ਪਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਨਾਇਬ ਸਿੰਘ ਸੈਣੀ ਨੂੰ ਮਨੋਹਰ ਲਾਲ ਖੱਟਰ ਦੀ ਥਾਂ ਮੁੱਖ ਮੰਤਰੀ ਬਣਾ ਦਿੱਤਾ ਪ੍ਰੰਤੂ ਭਾਰਤੀ ਜਨਤਾ ਪਾਰਟੀ ਫਿਰ ਵੀ ਸਰਕਾਰ ਨਾ ਬਣਾ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਅਦਿਤਿਆ ਨਾਥ ਅਤੇ ਜੇ.ਪੀ ਨੱਢਾ ਨੇ ਹਰਿਆਣਾ ਵਿੱਚ ਧੂੰਆਂ ਧਾਰ ਚੋਣ ਪ੍ਰਚਾਰ ਕੀਤਾ ਸੀ। ਦੂਜੇ ਪਾਸੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਖੜਗੇ ਚੋਣ ਪ੍ਰਚਾਰ ਕਰਦੇ ਰਹੇ। ਭਾਰਤੀ ਜਨਤਾ ਪਾਰਟੀ ਵਿੱਚ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਟਿਕਟਾਂ ਨਾ ਮਿਲਣ ਕਰਕੇ ਬਗਾਬਤ ਵੀ ਹੋਈ ਪ੍ਰੰਤੂ ਭਾਰਤੀ ਜਨਤਾ ਪਾਰਟੀ ਫਿਰ ਵੀ ਬਹੁਮਤ ਲੈਣ ਵਿੱਚ ਸਫ਼ਲ ਹੋ ਗਈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕਾਂਗਰਸ ਦੀ ਕੁਮਾਰੀ ਸ਼ੈਲਜਾ ਵੀ ਨਾਰਾਜ਼ ਚਲੇ ਆ ਰਹੇ ਸਨ। ਹਰਿਆਣਾ ਦੇ ਤਿੰਨ ਲਾਲ, ਸਾਬਕਾ ਮੁੱਖ ਮੰਤਰੀਆਂ ਚੌਧਰੀ ਬੰਸੀ ਲਾਲ, ਚੌਧਰੀ ਦੇਵੀ ਲਾਲ ਅਤੇ ਚੌਧਰੀ ਭਜਨ ਲਾਲ ਦੇ ਪਰਿਵਾਰ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਸੀ। ਹਰਿਆਣਾ ਦੇ ਤਿੰਨੋ ਲਾਲ ਪਰਿਵਾਰਾਂ ਚੌਧਰੀ ਦੇਵੀ ਲਾਲ, ਭਜਨ ਲਾਲ ਅਤੇ ਬੰਸੀ ਲਾਲ ਦੇ ਪਰਿਵਾਰਾਂ ਦੇ ਮੈਂਬਰ ਵੀ ਵਿਧਾਨਕਾਰ ਬਣ ਚੁੱਕੇ ਹਨ।
90 ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ 93 ਥਾਵਾਂ ਤੇ ਗਿਣਤੀ ਕੀਤੀ ਗਈ ਹੈ। ਇੱਕ ਹੋਰ ਹੈਰਾਨੀ ਦੀ ਗੱਲ ਹੈ ਜਾਟ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਕੈਰ ਜਾਟ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚੋਂ 9 ਗ਼ੈਰ ਜਾਟ ਉਮੀਦਵਾਰ ਚੋਣਾਂ ਜਿੱਤ ਗਏ ਹਨ। ਭਾਰਤੀ ਜਨਤਾ ਪਾਰਟੀ ਨੇ 48 ਵਿੱਚੋਂ 22 ਨਵੀਆਂ ਸੀਟਾਂ ਪਹਿਲੀ ਵਾਰ ਜਿੱਤੀਆਂ ਹਨ। ਕਾਂਗਰਸ ਪਾਰਟੀ ਆਪਣੀਆਂ ਪੁਰਾਣੀਆਂ ਸੀਟਾਂ ਵਿੱਚੋਂ ਅੱਧੀਆਂ ਸੀਟਾਂ ਹਾਰ ਗਈ ਹੈ। 10 ਪੋÇਲੰਗ ਸਟੇਸ਼ਨ ਏਲਨਾਬਾਦ, ਲੋਹਾਰੂ, ਸਧੌਰਾ, ਜਗਾਧਰੀ, ਡੱਬਵਾਲੀ, ਹਥੀਨ, ਟੋਹਾਨਾ, ਨਾਰਨੌਦ, ਕਿਲਿਆਂਵਾਲੀ ਅਤੇ ਆਦਮਪੁਰ ਵਿੱਚ 75.47 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ। ਏਲਨਾਵਾਦ ਵਿੱਚ ਸਭ ਤੋਂ ਵੱਧ 80.61 ਫ਼ੀ ਸਦੀ ਪੋÇਲੰਗ ਹੋਈ। ਏਲਨਾਵਾਦ ਤੋਂ ਇਨੈਲੋ ਦੇ ਅਭੈ ਚੌਟਾਲਾ ਚੋਣ ਲੜੇ ਸਨ। 53 ਫ਼ੀ ਸਦੀ ਸੀਟਾਂ ‘ਤੇ 70 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ ਸੀ ਅਤੇ 11 ਹਲਕਿਆਂ ਵਿੱਚ 75 ਫ਼ੀ ਸਦੀ ਤੋਂ ਵੱਧ ਪੋÇਲੰਗ ਹੋਈ ਸੀ। ਸਿਰਸਾ ਹਲਕੇ ਵਿੱਚ ਸਭ ਤੋਂ ਵੱਧ 75.36 ਫ਼ੀ ਸਦੀ ਅਤੇ ਫਤੇਹਬਾਦ ਸਭ ਤੋਂ ਘੱਟ 74.77 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। 2014 ਵਿੱਚ 76.2 ਫ਼ੀ ਸਦੀ ਪੁÇਲੰਗ ਹੋਈ ਸੀ। ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਨਹੀਂ ਹੋ ਸਕਿਆ ਜਿਸ ਕਰਕੇ ਦੋਵੇਂ ਪਾਰਟੀਆਂ ਵੱਖ ਵੱਖ ਚੋਣ ਲੜੀਆਂ ਸਨ। ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ ਅਤੇ ਉਨ੍ਹਾਂ ਸਾਰਿਆਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਹਨ। ਅਗਨੀਵੀਰ, ਕਿਸਾਨ ਅੰਦੋਲਨ ਅਤੇ ਪਹਿਲਵਾਨਾਂ ਨਾਲ ਜ਼ਿਆਦਤੀ ਤਿੰਨ ਫੈਕਟਰ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਗਈ ਹੈ। ਵਿਨੇਸ ਫੋਗਟ ਚੋਣ ਜਿੱਤ ਗਏ ਹਨ। ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਜਿਹੜੇ ਹਰਿਆਣਾ ਦੇ ਰਹਿਣ ਵਾਲੇ ਹਨ, ਉਹ ਵੀ ਚੋਣ ਲੜੇ ਸੀ ਪ੍ਰੰਤੂ ਉਹ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਚੱਠਾ ਤੋਂ ਚੋਣ ਹਾਰ ਗਏ ਹਨ। ਗੁਰਨਾਮ ਸਿੰਘ ਚੜੂਨੀ ਨੂੰ ਸਿਰਫ 1200 ਦੇ ਕਰੀਬ ਵੋਟਾਂ ਪਈਆਂ ਹਨ। ਸਾਰੇ ਚੋਣ ਸਰਵੇ ਝੂਠੇ ਸਾਬਤ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਜਿੱਤਣ ਤੋਂ ਬਾਅਦ ਸੰਭੂ ਬਾਰਡਰ ਖੁਲ੍ਹਣ ਦੀ ਆਸ ਖ਼ਤਮ ਹੋ ਗਈ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
-94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.