ਜੋਗਿੰਦਰ ਸਿੰਘ ਪੁਆਰ ਮਾਹਿਰ ਭਾਸ਼ਾ ਵਿਗਿਆਨੀ ਸੀ। ਉਸ ਦਾ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਬਾਰੇ ਆਪਣਾ ਸਥਾਪਤ ਕੀਤਾ ਹੋਇਆ ਦ੍ਰਿਸ਼ਟੀਕੋਣ ਸੀ। ਉਸਦੀ ਜ਼ਿੰਦਗੀ ਜਦੋਜਹਿਦ ਵਾਲੀ ਸੀ। ਉਪ ਕੁਲ ਪਤੀ ਬਣਨਾਂ ਉਸ ਦਾ ਨਿਸ਼ਾਨਾ ਸੀ, ਜਿਸਦੀ ਪ੍ਰਾਪਤੀ ਦਾ ਬਿਖੜਾ ਪੈਂਡਾ ਇਸ ਪ੍ਰਕਾਰ ਸੀ ‘‘ਆਹ ਜਿਹੜਾ ਝੋਲਾ ਜਿਹਾ ਚੁੱਕੀ ਫਿਰਦੈਂ, ਇਸ ਨੇ ਇਨਕਲਾਬ ਨਹੀਂ ਲਿਆਉਣਾ ਜੁਗਿੰਦਰ ਸਿਆਂ। ਇਨਕਲਾਬ ਲਿਆਉਣ ਲਈ ਤੁਹਾਡੇ ਵਰਗੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ, ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਕਲ ਮਾਰ ਕੇ ਪਾਸ ਹੋਣ ਤੋਂ ਰੋਕਣਾ ਪਵੇਗਾ। ਜਿਹੜੇ ਵਿਦਿਆਰਥੀ ਨਕਲ ਮਾਰਕੇ ਪਾਸ ਹੋਣਗੇ, ਉਹ ਦੇਸ਼ ਦਾ ਭਵਿਖ ਤਹਿ ਨਹੀਂ ਕਰ ਸਕਦੇ। ਖਾਸ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ਦਾ ਭਵਿਖ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਪੰਜਾਬ ਵਿੱਚ ਹਾਲਾਤ ਸਾਜ਼ਗਾਰ ਨਹੀਂ ਹਨ। ਨੌਜਵਾਨ ਗੁਮਰਾਹ ਹੋ ਕੇ ਭੱਟਕੇ ਹੋਏ ਹਨ। ਪੰਜਾਬ ਦੇ ਬੱਚਿਆਂ ਨੂੰ ਸਿੱਧੇ ਰਸਤੇ ਤੁਸੀਂ ਹੀ ਪਾਉਣਾ ਹੈ।
ਮਾਪਿਆਂ ਨੂੰ ਸਮਝੌਣਾ ਵੀ ਅਧਿਆਪਕਾਂ ਨੇ ਹੀ ਹੈ, ਨਕਲ ਮਾਰ ਕੇ ਪਾਸ ਹੋਣ ਤੋਂ ਬਾਅਦ ਪੀ.ਸੀ.ਐਸ., ਆਈ.ਏ.ਐਸ. ਅਤੇ ਆਈ.ਪੀ.ਐਸ.ਨਹੀਂ ਬਣ ਸਕਦੇ। ਪੰਜਾਬ ਦਾ ਭਵਿਖ ਨੌਜਵਨਾ ‘ਤੇ ਨਿਰਭਰ ਕਰਦਾ ਹੈ।’’ ਇਹ ਗੱਲਾਂ 1980-81 ਦੀਆਂ ਹਨ, ਜਦੋਂ ਤਤਕਾਲੀ ਮਾਲ ਮੰਤਰੀ ਪੰਜਾਬ ਸ੍ਰ.ਬੇਅੰਤ ਸਿੰਘ ਨੇ ਪਟਿਆਲਾ ਸਰਕਟ ਹਾਊਸ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਏ ਡਾ.ਜੋਗਿੰਦਰ ਸਿੰਘ ਪੁਆਰ ਨੂੰ ਕਹੀਆਂ ਸਨ। ਡਾ.ਜੋਗਿੰਦਰ ਸਿੰਘ ਪੁਆਰ ਕਹਿਣ ਲੱਗਿਆ ‘ਮੈਂ ਵਿਦਿਅਕ ਇਨਕਲਾਬ ਤਾਂ ਲਿਆਵਾਂਗਾ ਪ੍ਰੰਤੂ ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾਂਗਾ’ ਸ੍ਰ.ਬੇਅੰਤ ਸਿੰਘ ਕਹਿਣ ਲੱਗੇ ਮੈਨੂੰ ਸਾਧਾਰਨ ਕਿਸਾਨ ਨੂੰ ਕਿਸ ਨੇ ਮੁੱਖ ਮੰਤਰੀ ਬਣਾਉਣੈ, ਐਵੇਂ ਖਿਆਲੀ ਪੁਲਾਓ ਨਾ ਬਣਾਓ, ‘‘ਨਾ ਮੈਂ ਮੁੱਖ ਮੰਤਰੀ ਬਣਨਾ ਅਤੇ ਨਾ ਹੀ ਜੋਗਿੰਦਰ ਸਿਆਂ ਤੂੰ ਉਪ ਕੁਲਪਤੀ ਬਣਨੈ।’’ ਡਾ.ਜੋਗਿੰਦਰ ਸਿੰਘ ਪੁਆਰ ਵਾਰ-ਵਾਰ ਕਹਿ ਰਹੇ ਸੀ ਕਿ ‘‘ਮੇਰਾ ਮਨ ਕਹਿੰਦਾ ਇੱਕ-ਨਾ-ਇੱਕ ਦਿਨ ਤੁਸੀਂ ਮੁੱਖ ਮੰਤਰੀ ਜ਼ਰੂਰ ਬਣੋਗੇ। ਮੈਨੂੰ ਤਾਂ ਉਪ ਕੁਲਪਤੀ ਤੁਸੀਂ ਹੀ ਬਨਾਉਣਾ ਹੈ। ਮੇਰੀਆਂ ਆਸਾਂ ‘ਤੇ ਪਾਣੀ ਨਾ ਫੇਰੋ, ਤੁਹਾਡੇ ਤੋਂ ਬਿਨਾ ਹੋਰ ਤਾਂ ਮੈਨੂੰ ਕਿਸੇ ਨੇ ਬਣਾਉਣਾ ਹੀ ਨਹੀਂ’’।
ਬੇਅੰਤ ਸਿੰਘ ਕਹਿਣ ਲੱਗੇ ਚਲੋ ਛੱਡੋ ਇਨ੍ਹਾਂ ਗੱਲਾਂ ਨੂੰ ਤੁਸੀਂ ਕੰਮ ਦੱਸੋ ਕੀ ਹੈ? ਡਾ.ਜੋਗਿੰਦਰ ਸਿੰਘ ਪੁਆਰ ਕਹਿੰਦਾ ਮੈਨੂੰ ਕੋਈ ਕੰਮ ਨਹੀਂ, ਮੈਂ ਤਾਂ ਤੁਹਾਨੂੰ ਮਿਲਣ ਹੀ ਆਇਆ ਹਾਂ। ਇਸ ਤੋਂ ਪਹਿਲਾਂ ਮੈਂ ਡਾ.ਪੁਆਰ ਨੂੰ ਜਾਣਦਾ ਨਹੀਂ ਸੀ। ਮੈਂ ਉਨ੍ਹਾਂ ਦੇ ਕੋਲ ਬੈਠਾ ਸੋਚੀ ਜਾ ਰਿਹਾ ਸੀ ਕਿ ਇਹ ਬਾਬੂ ਕੌਣ ਹੋ ਸਕਦੈ, ਜਿਹੜਾ ਐਨੀ ਅਪਣੱਤ ਨਾਲ ਗੱਲਾਂ ਕਰ ਰਿਹਾ ਹੈ, ਉਦੋਂ ਡਾ.ਪੁਆਰ ਕਲੀਨ ਸ਼ੇਵਨ ਹੁੰਦੇ ਸਨ। ਫਰਵਰੀ 1992 ਵਿੱਚ ਸ੍ਰ.ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਥੋੜ੍ਹੇ ਦਿਨਾ ਬਾਅਦ ਸ੍ਰ.ਬੇਅੰਤ ਸਿੰਘ ਦਾ ਪੁਰਾਣਾ ਸਾਥੀ ਅਤੇ ਗਰਾਈਂ ਮਹਿੰਗਾ ਸਿੰਘ ਜਲੰਧਰ ਤੋਂ ਮੁੱਖ ਮੰਤਰੀ ਨੂੰ ਮਿਲਣ ਲਈ ਆਏ ਤਾਂ ਉਨ੍ਹਾਂ ਦੇ ਨਾਲ ਉਹੀ ਬਾਬੂ ਜਿਹੜਾ ਪਟਿਆਲਾ ਸਰਕਟ ਹਾਊਸ ਵਿੱਚ ਸ੍ਰ.ਬੇਅੰਤ ਸਿੰਘ ਨੂੰ ਮਿਲਿਆ ਸੀ ਆਇਆ। ਮੇਰੀਆਂ ਅੱਖਾਂ ਅੱਗੇ ਸਰਕਟ ਹਾਊਸ ਵਾਲਾ ਸੀਨ ਘੁੰਮਣ ਲੱਗ ਪਿਆ।
ਮਹਿੰਗਾ ਸਿੰਘ ਨੇ ਕੁੱਝ ਕਾਗਜ਼ ਮੁੱਖ ਮੰਤਰੀ ਨੂੰ ਦੇ ਕੇ ਕਹਿਣ ਲੱਗਾ ਜੋਗਿੰਦਰ ਸਿੰਘ ਨੂੰ ਵੀ.ਸੀ. ਬਣਾ ਦਿਓ। ਸ੍ਰ.ਬੇਅੰਤ ਸਿੰਘ ਕਾਗਜ਼ ਵੇਖਣ ਲੱਗ ਪਏ, ਪ੍ਰੰਤੂ ਬੋਲੇ ਕੁਝ ਨਹੀਂ ਤੇ ਕਾਗਜ਼ ਮੈਨੂੰ ਪਕੜਾ ਦਿੱਤੇ। ਉਨ੍ਹਾਂ ਦੀ ਚੰਗੀ ਆਓ ਭਗਤ ਕੀਤੀ ਗਈ। ਜਦੋਂ ਉਹ ਦੋਵੇਂ ਚਲੇ ਗਏ ਤਾਂ ਮੈਂ ਮੁੱਖ ਮੰਤਰੀ ਨੂੰ ਕਿਹਾ ਇਹ ਤਾਂ ਉਹੀ ਬਾਬੂ ਹੈ, ਜਿਹੜਾ ਪਟਿਆਲਾ ਸਰਕਟ ਹਾਊਸ ਵਿੱਚ ਤੁਹਾਨੂੰ ਮਿਲਿਆ ਸੀ, ਜਦੋਂ ਤੁਸੀਂ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਮਾਲ ਮੰਤਰੀ ਸੀ। ਇਸ ਦੀ ਗੱਲ ਤਾਂ ਸੱਚੀ ਹੋ ਗਈ, ਬੜਾ ਦੂਰ ਅੰਦੇਸ਼ ਵਿਅਕਤੀ ਲੱਗਦਾ ਹੈ, ਤੁਸੀਂ ਮੁੱਖ ਮੰਤਰੀ ਬਣ ਗਏ। ਫਿਰ ਉਨ੍ਹਾਂ ਮੈਨੂੰ ਦੱਸਿਆ ਆਜ਼ਾਦੀ ਤੋਂ ਪਹਿਲਾਂ ਜਦੋਂ ਮੇਰੇ ਪਿਤਾ ਕੈਪਟਨ ਹਜ਼ੂਰਾ ਸਿੰਘ ਫ਼ੌਜ ਵਿੱਚ ਨੌਕਰੀ ਕਰਦੇ ਸਨ, ਅਸੀਂ ਮਿੰਟਗੁਮਰੀ ਜ਼ਿਲ੍ਹੇ ਵਿੱਚ ਓਕਾੜੇ ਨੇੜੇ 53-L (ਵਰਤਮਾਨ ਪਾਕਿਸਤਾਨ) ਵਿੱਚ ਰਹਿੰਦੇ ਸੀ। ਇਹ ਦੋਵੇਂ ਸਾਡੇ ਪਿੰਡ ਦੇ ਹਨ। ਮਹਿੰਗਾ ਸਿੰਘ ਮੇਰਾ ਦੋਸਤ ਹੈ, ਜੋਗਿੰਦਰ ਸਿੰਘ ਛੋਟਾ ਹੈ, ਜਦੋਂ ਅਸੀਂ ਫੁੱਟਬਾਲ ਖੇਡਦੇ ਸੀ ਤਾਂ ਜੋਗਿੰਦਰ ਗਰਾਊਂਡ ਤੋਂ ਬਾਹਰੋਂ ਫੁਟਬਾਲ ਚੁੱਕ ਕੇ ਲਿਆਉਂਦਾ ਹੁੰਦਾ ਸੀ। ਇਸ ਨੂੰ ਆਪਾਂ ਉਪ ਕੁਲਪਤੀ ਬਣਾਉਣਾ ਹੈ।
ਡਾ.ਐਚ.ਕੇ.ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਨ। ਉਨ੍ਹਾਂ ਦੀ ਉਪ ਕੁਲਪਤੀ ਦੀ ਮਿਆਦ ਖ਼ਤਮ ਹੋ ਗਈ। ਉਨ੍ਹਾਂ ਦੇ ਅਹੁਦੇ ਦੀ ਮਿਆਦ ਟਿਲ ਫਰਦਰ ਆਰਡਰ ਤੱਕ ਵਧਾ ਕੇ ਡਾ.ਜੋਗਿੰਦਰ ਸਿੰਘ ਪੁਆਰ ਨੂੰ ਪ੍ਰੋ.ਵਾਈਸ ਚਾਂਸਲਰ ਲਗਾ ਦਿੱਤਾ ਗਿਆ। ਸ੍ਰ.ਬੇਅੰਤ ਸਿੰਘ ਨੇ ਡਾ.ਪੁਆਰ ਨੂੰ ਕਿਹਾ ‘ਹੁਣ ਵਿਦਿਆਰਥੀਆਂ ਦੇ ਨਾਲ ਤੇਰਾ ਇਮਤਿਹਾਨ ਵੀ ਹੈ। ਵੇਖਾਂਗੇ ਤੂੰ ਕਿਹੜਾ ਇਨਕਲਾਬ ਲਿਆਵੇਂਗਾ।’ ਉਨ੍ਹਾਂ ਦਿਨਾਂ ਵਿੱਚ ਯੂਨੀਵਰਸਿਟੀ ਦੇ ਹਾਲਾਤ ਬਹੁਤ ਮਾੜੇ ਸਨ। ਵਿਦਿਆਰਥੀ ਆਪਣੇ ਡੱਬ ਵਿੱਚ ਪਸਤੌਲ ਰਖਦੇ ਸਨ ਤੇ ਇਮਤਿਹਾਨ ਸਮੇਂ ਮੇਜਾਂ ‘ਤੇ ਪਸਤੌਲ ਰੱਖ ਕੇ ਨਕਲ ਮਾਰਦੇ ਸਨ। ਇਮਤਿਹਾਨ ਲੈਣ ਵਾਲੇ ਅਧਿਆਪਕ ਡਰੇ ਹੋਏ ਸਨ। ਇਮਤਿਹਾਨ ਨਾਮ ਦੇ ਹੀ ਸਨ। ਕੋਈ ਵੀ ਅਧਿਆਪਕ ਵਿਦਿਆਰਥੀਆਂ ਅੱਗੇ ਕੁਸਕਦਾ ਨਹੀਂ ਸੀ। ਯੂਨੀਵਰਸਿਟੀ ਵਿੱਚ ਡਰ ਦਾ ਵਾਤਾਵਰਨ ਸੀ।
ਡਾ.ਜੋਗਿੰਦਰ ਸਿੰਘ ਪੁਆਰ ਪ੍ਰੋ.ਵਾਈਸ ਚਾਂਸਲਰ ਨੂੰ ਇਮਤਿਹਾਨ ਕਰਵਾਉਣ ਦਾ ਚਾਰਜ ਦਿੱਤਾ ਗਿਆ। ਡਾ.ਜੋਗਿੰਦਰ ਸਿੰਘ ਪੁਆਰ ਨੇ ਥੋੜ੍ਹੇ ਸਮੇਂ ਵਿੱਚ ਹੀ ਵਿਖਾ ਦਿੱਤਾ ਕਿ ਉਹ ਸਖ਼ਤ ਅਤੇ ਸਫ਼ਲ ਪ੍ਰਬੰਧਕ ਹੈ। ਇਮਤਿਹਾਨਾ ਵਿੱਚ ਨਕਲ ਨੂੰ ਨਕੇਲ ਪਾ ਦਿੱਤੀ। ਅਧਿਆਪਕਾਂ ਨੂੰ ਵੰਗਾਰ ਦਿੱਤਾ ਕਿ ਤੁਸੀਂ ਨਕਲ ਕਿਸੇ ਕੀਮਤ ‘ਤੇ ਨਹੀਂ ਮਾਰਨ ਦੇਣੀ ਤੁਹਾਡੀ ਹਿਫ਼ਾਜ਼ਤ ਦਾ ਮੈਂ ਜ਼ਿੰਮੇਵਾਰ ਹੋਵਾਂਗਾ। ਅਧਿਆਪਕ ਅਤੇ ਵਿਦਿਆਰਥੀ ਯੂਨੀਵਰਸਿਟੀ ਆਉਂਦੇ ਹੀ ਨਹੀਂ ਸਨ, ਜਿਹੜੇ ਆਉਂਦੇ ਸੀ ਦੁਪਹਿਰ ਨੂੰ ਘਰ ਚਲੇ ਜਾਂਦੇ ਸਨ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀ ਕਰ ਦਿੱਤੀ। ਸਵੇਰੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੰਦੇ ਸਨ ਤੇ ਸ਼ਾਮ ਨੂੰ ਪੰਜ ਵਜੇ ਖੋਲ੍ਹਦੇ ਸਨ। ਰਾਜਪਾਲ ਸੁਰਿੰਦਰ ਨਾਥ ਦੀ ਇਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਡਾ.ਜੋਗਿੰਦਰ ਸਿੰਘ ਪੁਆਰ ਨੂੰ ਉਪ ਕੁਲਪਤੀ ਬਣਾ ਦਿੱਤਾ ਗਿਆ। ਉਪ ਕੁਲਪਤੀ ਬਣਦਿਆਂ ਹੀ ਡਾ.ਪੁਆਰ ਦੇ ਤੇਵਰ ਬਦਲ ਗਏ। ਉਸ ਦੇ ਦੋਸਤ ਵੀ ਨਰਾਜ਼ ਹੋ ਗਏ।
ਯੂਨੀਵਰਸਿਟੀ ਦੇ ਅਧਿਆਪਕਾਂ ਦੀ ਧੜੇਬੰਦੀ ਬਹੁਤ ਸੀ। ਅਧਿਆਪਕਾਂ ਦੇ ਕਈ ਧੜੇ ਸਨ। ਖੱਬੇ ਪੱਖੀ ਅਧਿਆਪਕ ਉਸ ਨੂੰ ਆਪਣਾ ਹੀ ਸਮਝਦੇ ਸਨ। ਉਹ ਆਪਣੀ ਮਰਜੀ ਨਾਲ ਚਲਾਉਣਾ ਚਾਹੁੰਦੇ ਸਨ। ਪ੍ਰੰਤੂ ਹੁਣ ਡਾ.ਪੁਆਰ ਇੱਕ ਧੜੇ ਨਾਲ ਚਲ ਨਹੀਂ ਸਕਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਧੜਾ ਵੀ ਦੋ ਗਰੁਪਾਂ ਵਿੱਚ ਵੰਡਿਆ ਗਿਆ। ਡਾ.ਪੁਆਰ ਨੇ ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ‘ਤੇ ਸਿਕੰਜਾ ਕਸ ਦਿੱਤਾ। ਪ੍ਰੋਫ਼ੈਸਰ ਡਾ.ਪੁਆਰ ਨੂੰ ਥਾਣੇਦਾਰ ਕਹਿਣ ਲੱਗ ਪਏ ਪ੍ਰੰਤੂ ਥਾਣੇਦਾਰ ਨੇ ਯੂਨੀਵਰਸਿਟੀ ਲੀਹ ‘ਤੇ ਪਾ ਦਿੱਤੀ। ਜਿਥੇ ਡਾ.ਪੁਆਰ ਵਿਦਿਅਕ ਮਾਹਿਰ ਪ੍ਰਸਿੱਧ ਭਾਸ਼ਾ ਵਿਗਿਆਨੀ ਸਨ, ਉਥੇ ਹੀ ਪ੍ਰਬੰਧਕ ਵੀ ਕਮਾਲ ਦੇ ਸਨ। ਡੰਡੇ ਦੇ ਜ਼ੋਰ ਨਾਲ ਅਨੁਸ਼ਾਸ਼ਨ ਬਣਾ ਕੇ ਰੱਖਦੇ ਸਨ। ਅਧਿਆਪਕਾਂ ਦੀਆਂ ਪ੍ਰਾਗਰੈਸ ਰਿਪੋਰਟਾਂ ਲੈਣ ਲੱਗ ਪਏ।
ਡਾ.ਜੋਗਿੰਦਰ ਸਿੰਘ ਪੁਆਰ ਦੇ ਉਪ ਕੁਲਪਤੀ ਬਣਨ ਦੀ ਵੀ ਅਜ਼ੀਬ ਕਹਾਣੀ ਹੈ। ਜਦੋਂ ਜੋਗਿੰਦਰ ਸਿੰਘ ਪੁਆਰ ਦੀ ਉਪ ਕੁਲਪਤੀ ਬਣਾਉਣ ਦੀ ਫਾਈਲ ਰਾਜਪਾਲ ਨੂੰ ਭੇਜੀ ਤਾਂ ਉਦੋਂ ਰਾਜਪਾਲ ਸੁਰਿੰਦਰ ਨਾਥ ਕਹਿਣ ਲੱਗੇ ਪੁਆਰ ਤਾਂ ਬਹੁਤੇ ਪ੍ਰੋਫ਼ੈਸਰਾਂ ਤੋਂ ਜੂਨੀਅਰ ਹੈ, ਤਿੰਨ ਪ੍ਰੋਫ਼ੈਸਰਾਂ ਦਾ ਪੈਨਲ ਭੇਜੋ। ਅਸਲ ਵਿੱਚ ਉਹ ਡਾ.ਜਸਵੀਰ ਸਿੰਘ ਆਹਲੂਵਾਲੀਆ ਨੂੰ ਉਪ ਕੁਲਪਤੀ ਬਣਾਉਣਾ ਚਾਹੁੰਦੇ ਸਨ ਕਿਉਂਕਿ ਆਹਲੂਵਾਲੀਆ ਰਾਜ ਭਵਨ ਵਿੱਚ ਜਾਇੰਟ ਸਕੱਤਰ ਸਨ। ਰਾਜਪਾਲ ਪੈਨਲ ਵਿੱਚੋਂ ਕਿਸੇ ਇੱਕ ਨੂੰ ਉਪ ਕੁਲਪਤੀ ਬਣਾ ਸਕਦੇ ਸਨ। ਡਾ.ਪੁਆਰ ਨੂੰ ਪ੍ਰੋ.ਵਾਈਸ ਚਾਂਸਲਰ ਬਣਨ ਲਈ ਕਿਹਾ ਗਿਆ ਪ੍ਰੰਤੂ ਉਹ ਪੈਰਾਂ ‘ਤੇ ਪਾਣੀ ਨਾ ਪੈਣ ਦੇਵੇ, ਕਹੇ ਮੈਂ ਤਾਂ ਜੇ ਬਣਨਾ ਤਾਂ ਉਪ ਕੁਲਪਤੀ ਹੀ ਬਣਨਾ ਹੈ। ਮੁੱਖ ਮੰਤਰੀ ਮੈਨੂੰ ਕਹਿਣ ਲੱਗੇ ਜੋਗਿੰਦਰ ਸਿੰਘ ਨੂੰ ਮਨਾਓ ਕਿ ਉਸ ਨੂੰ ਪ੍ਰੋ.ਵਾਈਸ ਚਾਂਸਲਰ ਬਣਾ ਦਿੰਦੇ ਹਾਂ, ਥੋੜ੍ਹੀ ਦੇਰ ਬਾਅਦ ਜਦੋਂ ਉਸ ਦੀ ਸੀਨੀਅਰਿਟੀ ਬਣ ਜਾਵੇਗੀ ਫਿਰ ਉਪ ਕੁਲਪਤੀ ਬਣਾ ਦੇਵਾਂਗੇ। ਇਸ ਦੇ ਨਾਲ ਹੀ ਉਸ ਨੂੰ ਕਹੋ ਕਿ ਉਹ ਦਸਤਾਰ ਸਜਾਉਣ ਲੱਗ ਜਾਵੇ। ਡਾ.ਪੁਆਰ ਨੂੰ ਬੜਾ ਔਖਾ ਮਨਾਇਆ। ਡਾ.ਜੋਗਿੰਦਰ ਸਿੰਘ ਪੁਆਰ ਦਾ ਪਰਿਵਾਰ ਦੇਸ਼ ਦੀ ਵੰਡ ਸਮੇਂ ਜਲੰਧਰ ਕੋਲ ਲੱਧੇਵਾਲੀ ਪਿੰਡ ਆ ਕੇ ਵਸ ਗਿਆ।
ਪੁਆਰ ਨੇ ਸਕੂਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਚ ਪੜ੍ਹਾਈ ਲਈ ਬਰਤਾਨੀਆਂ ਚਲਾ ਗਿਆ। ਉਥੇ ਬਹੁਤ ਮਿਹਨਤ ਕੀਤੀ, ਭੱਠੇ ‘ਤੇ ਮਜ਼ਦੂਰੀ ਕਰਦਾ ਰਿਹਾ ਅਤੇ ਨਾਲ ਹੀ ਪੜ੍ਹਦਾ ਰਿਹਾ। ਬਰਤਾਨੀਆਂ ਤੋਂ ਆਪਣੀ ਵਿਰਾਸਤ ਦਾ ਹੇਜ ਉਸ ਨੂੰ ਮੁੜ ਪੰਜਾਬ ਲੈ ਆਇਆ। ਇਥੇ ਆ ਕੇ ਪੀ.ਐਚ.ਡੀ.ਭਾਸ਼ਾ ਵਿਗਿਆਨ ਵਿੱਚ ਕੀਤੀ ਅਤੇ 1972 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਲੱਗ ਗਿਆ ਤੇ ਫਿਰ ਰੀਡਰ ਬਣ ਗਿਆ। 1986 ਵਿੱਚ ਪ੍ਰੋਫ਼ੈਸਰ ਬਣਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚਲਾ ਗਿਆ। 1993 ਵਿੱਚ ਵਾਈਸ ਚਾਂਸਲਰ ਬਣਕੇ ਪੰਜਾਬੀ ਯੂਨੀਵਰਸਿਟੀ ਵਿੱਚ ਆ ਗਿਆ। 1996 ਵਿੱਚ ਉਸ ਦੇ ਅਹੁਦੇ ਦੀ ਮਿਆਦ ਖ਼ਤਮ ਹੋ ਗਈ। ਸ੍ਰ.ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ।
ਹਰਕਿਸ਼ਨ ਸਿੰਘ ਸੁਰਜੀਤ ਨੇ ਉਨ੍ਹਾਂ ਨੂੰ ਐਕਟੈਨਸ਼ਨ ਦੇਣ ਲਈ ਸਿਫਾਰਸ਼ ਕੀਤੀ। ਹਰਚਰਨ ਸਿੰਘ ਬਰਾੜ ਨੇ ਫਾਈਲ ‘ਤੇ ਇਕ ਸਾਲ ਦੀ ਐਕਸਟੈਨਸ਼ਨ ਦੇ ਦਿੱਤੀ ਪ੍ਰੰਤੂ ਡਾ.ਪੁਆਰ ਨੇ ਇਕ ਸਾਲ ਦੀ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਦੁਬਾਰਾ ਫਾਈਲ ਮੁੱਖ ਮੰਤਰੀ ਨੇ ਮੰਗਵਾ ਕੇ ਐਕਸਟੈਨਸ਼ਨ ਦਿੱਤੀ। ਉਹ 1999 ਤੱਕ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ। ਡਾ.ਜੋਗਿੰਦਰ ਸਿੰਘ ਪੁਆਰ ਦਲੇਰ, ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ ਜਿੱਦੀ ਕਿਸਮ ਦੇ ਇਨਸਾਨ ਸਨ। ਉਹ ਜੋ ਫ਼ੈਸਲਾ ਕਰ ਲੈਂਦੇ ਕਦੇ ਵੀ ਪਿੱਛੇ ਨਹੀਂ ਹੱਟਦੇ ਸਨ, ਭਾਵੇਂ ਉਸ ਦੇ ਦੋਸਤ ਮਿੱਤਰ ਵੀ ਨਰਾਜ਼ ਹੋ ਜਾਣ। ਫਿਰ ਵੀ ਉਹ ਯਾਰਾਂ ਦੇ ਯਾਰ ਸਨ। ਉਪ ਕੁਲਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਰੋਜ਼ਾਨਾ ਦੇਸ਼ ਸੇਵਕ ਅਖ਼ਬਾਰ ਚੰਡੀਗੜ੍ਹ ਦੇ ਸੰਪਾਦਕ ਰਹੇ। ਉਨ੍ਹਾਂ ਦਾ ਜਨਮ 12 ਨਵੰਬਰ 1934 ਨੂੰ ਹੋਇਆ। ਡਾ.ਜੋਗਿੰਦਰ ਸਿੰਘ ਪੁਆਰ 87 ਸਾਲ ਦੀ ਉਮਰ ਵਿੱਚ 14 ਅਕਤੂਬਰ 2020 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦੀ ਪਤਨੀ ਡਾ.ਰਤਨੇਸ਼ ਪੁਆਰ ਅਤੇ ਲੜਕੀ ਮਨਿੰਦਰ ਪੁਆਰ ਪਿੰਡ ਲੱਧੇਵਾਲੀ ਜਲੰਧਰ ਰਹਿ ਰਹੇ ਹਨ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.