ਸਿਰ ਕੀ ਚੀਜ਼ ਹੈ ਇਹ ਸਿਰ ਜਿਸ ਨੂੰ ਹਰ ਕੋਈ ਮੋਢਿਆਂ ਤੇ ਚੁੱਕੀ ਫਿਰਦਾ ਹੈ। ਨਾਰੀਅਲ ਨਾਲ ਕਾਫੀ ਮਿਲਦੀ ਜੁਲਦੀ ਇਹਦੀ ਸ਼ਕਲ, ਬਾਹਰੋਂ ਵੀ ਤੇ ਅੰਦਰੋਂ ਵੀ। ਨਾਰੀਅਲ ਵਾਂਗੂੰ ਉੱਪਰ ਜੱਤ ਤੇ ਵਿੱਚੋਂ ਖਾਲੀ, ਨਾਰੀਅਲ ਦੀ ਤਰਾਂ ਅੰਦਰੋਂ ਪਾਣੀ ਨਾਲ ਭਰਿਆ। ਇਸ ਪਾਣੀ ਨੂੰ ਅੰਗਰੇਜ਼ੀ ਵਿੱਚ Synapses ਕਿਹਾ ਜਾਂਦਾ ਹੈ। ਇਹ ਇੱਕ ਤਰਾਂ ਨਾਲ ਛੱਪੜ ਹੁੰਦਾ ਹੈ। ਜਿਸ ਤਰਾਂ ਛੱਪੜ ਵਿੱਚ ਮੱਝਾਂ ਤਰਦੀਆਂ ਫਿਰਦੀਆਂ ਹਨ, ਸਿਰ ਵਿਚਕਾਰਲੇ ਛੱਪੜ ਵਿੱਚ ਵੀ ਕਈ ਜੀਵ ਤਰਦੇ ਫਿਰਦੇ ਰਹਿੰਦੇ ਹਨ, ਉਹਨਾਂ ਨੂੰ ਅੰਗਰੇਜ਼ੀ ਵਿੱਚ Seratonin ਕਿਹਾ ਜਾਂਦਾ ਹੈ। ਇਹਨਾ ਦਾ ਕੰਮ ਦਿਮਾਗ ਦੇ ਇੱਕ ਪਾਸਿਓਂ ਤਰ ਕੇ ਦਿਮਾਗ ਦੇ ਦੂਜੇ ਪਾਸੇ ਚੰਗੀ ਜਾਂ ਮੰਦੀ ਖਬਰ ਲੈ ਕੇ ਜਾਣਾ ਹੁੰਦਾ ਹੈ।
ਸਿਰ ਬੜੀ ਅੱਥਰੀ ਸ਼ੈਅ (ਚੀਜ ) ਹੈ ।ਪੁਆੜਿਆਂ ਦੀ ਜ੍ਹੜ। ਧਰਮ ਦਾ ਕੰਮ ਹੈ ਇਸ ਅੱਥਰੇ ਘੋੜੇ ਨੂੰ ਲਗਾਮ ਪਾਉਣੀ। ਗਿਆਨ ਦਾ ਸਮੁੰਦਰ ਹੈ ਸਿਰ। ਇਹਦੇ ਵਿੱਚ ਗਿਆਨ ਸਟੋਰ ਕਰਨ ਦਾ ਐਡਾ ਵੱਡਾ ਜਖੀਰਾ ਹੈ ਜੋ ਗਿਣਤੀ ਤੋਂ ਬਾਹਰ। ਸਿਰ ਵਿਚਲੇ ਦਿਮਾਗ ਦੇ ਛੋਟੇ ਤੋਂ ਛੋਟੇ ਹਿੱਸੇ ਵਿੱਚ ਬੇਅਥਾਹ ਗਿਆਨ ਇਕੱਠਾ ਕੀਤਾ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਰੇਤੇ ਦੇ ਕਿਣਕੇ ਜਿੰਨੇ ਥਾਂ ਵਿੱਚ 20 ਲੱਖ, ਕਰੋੜ ਜਿੰਨਾ ਗਿਆਨ ਸਟੋਰ ਕਰ ਸਕਦਾ ਹੈ। ਨਾਰਮਲ ਸਾਈਜ ਦਾ ਸਿਰ 15 ਕਰੋੜ ਕਿਤਾਬਾਂ ਨੂੰ ਯਾਦ ਰੱਖਣ ਦੀ ਸਮਰੱਥਾ ਰੱਖਦਾ ਹੈ। 24 ਘੰਟਿਆਂ ਵਿੱਚ ਦਿਮਾਗ ਵਿੱਚ 60000 ਖ਼ਿਆਲ ਆਉੰਦੇ ਹਨ, ਜਿਹਨਾਂ ਵਿੱਚੋਂ 45000 Negative (ਨਕਾਰਆਤਮਕ) ਹੁੰਦੇ ਹਨ। ਮਤਲੱਬ ਕਿ ਸਿਰ ਵਿੰਚ ਗਿਆਨ ਦਾ ਬੇਅੰਤ ਭੰਡਾਰ ਹੈ। ਇਹੀ ਗਿਆਨ ਹੈ ਜੋ ਆਦਮੀ ਨੂੰ ਟਿਕਣ ਨਹੀਂ ਦਿੰਦਾ। ਪਰ ਗੁਰਬਾਣੀ ਵਿੱਚ ਇਸ ਦਾ ਇਲਾਜ ਹੈ;
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰ ਧਰ ਤਲੀ ਗਲੀ ਮੋਰੀ ਆਉ ॥
ਹੁਣ ਗੱਲ ਕਰਦੇ ਹਾਂ ਪ੍ਰੇਮ ਦੀ। ਹਰ ਇੱਕ ਚੀਜ ਦੇ ਦੋ ਰੂਪ ਹੁੰਦੇ ਹਨ, ਇੱਕ ਸੂਖਮ ਤੇ ਦੂਜਾ ਸਥੂਲ। ਪਿਆਰ ਸਥੂਲ, ਪ੍ਰੇਮ ਸੂਖਮ। ਪਿਆਰ ਕਰਨ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਖ਼ੂਨ ਦਾ ਰਿਸ਼ਤਾ ਜਾਂ ਹੋਰ ਕੁੱਝ। ਮਿਸਾਲ ਦੇ ਤੌਰ ਤੇ, ਮਾਂ ਪੁੱਤ ਦਾ ਪਿਆਰ, ਭੈਣ ਭਰਾ ਦਾ ਪਿਆਰ, ਪਤੀ ਪਤਨੀ ਦਾ ਪਿਆਰ। ਤੇ ਪ੍ਰੇਮ ਕਿਸ ਨੂੰ ਕਹਿੰਦੇ ਹਨ, ਉਹ ਹੈ, ਬੰਦੇ ਬੰਦੇ, ਪੱਤੇ ਪੱਤੇ ਤੇ ਜਰੇ ਜਰੇ ਵਿੱਚੋਂ ਕਿਸੇ ਹਸਤੀ ਦਾ ਹੁਸਨ ਵੇਖ ਕੇ ਖੀਵੇ ਹੋਣਾ। ਉਸ ਹਸਤੀ ਦਾ ਹੁਸਨ ਕਿਸੇ ਭਗਤ ਨੂੰ ਉਹਦੇ ਗੁਰੂ ਵਿੱਚ ਦਿਖਾਈ ਦਿੰਦਾ ਹੈ। ਜਿਵੇਂ ਗੁਰੂ ਪਿਆਰਿਆਂ ਨੂੰ ਗੁਰੂ ਗਰੰਥ ਸਾਹਿਬ ਚੋਂ ਦਿਖਾਈ ਦਿੰਦਾ ਹੈ। ਪਰ ਜਦੋਂ ਭਗਤ ਦਾ ਸਿਰ ਗਿਆਨ ਨਾਲ ਲੱਥ ਪੱਥ ਹੋਵੇ, ਗੁਰੂ ਨਜ਼ਰ ਈ ਨਹੀਂ ਆਉੰਦਾ। ਇਸ ਲਈ ਗੁਰੂ ਮੰਗ ਕਰਦਾ ਹੈ ਕਿ ਜੇ ਪ੍ਰੇਮ ਦੀ ਖੇਡ ਖੇਡਣੀ ਹੈ ਤਾਂ ਗਿਆਨ ਤੋਂ ਮੁਕਤ ਹੋ ਕੇ ਆਉਣਾ। ਸਿਰ ਗਿਆਨ ਦਾ ਨਿਵਾਸ ਅਸਥਾਨ ਹੈ, ਉਹਤੋਂ ਅਲੱਗ ਹੋ ਕੇ ਆਉਣਾ। ਭਾਵ ਨਿਰ ਵਿਚਾਰ ਹੋ ਕੇ ਆਉਣਾ, ਗੁਰੂ ਦੇ ਦਰਬਾਰ।
ਇੱਕ ਹੋਰ ਗੱਲ, ਜਦੋਂ ਕੋਈ ਭਗਤ ਆਪਣੇ ਗੁਰੂ ਨੂੰ ਦਕਛਣਾ ਦੇਣ ਜਾਂਦਾ ਹੈ, ਆਪਣੇ ਨਾਲ ਇੱਕ ਨਾਰੀਅਲ ਲੈ ਕੇ ਜਾਂਦਾ ਹੈ, ਜਿਸ ਉੱਪਰ ਲਾਲ ਖੱਮਣੀ ਲਪੇਟੀ ਹੁੰਦੀ ਹੈ। ਨਾਰੀਅਲ ਸਿਰ ਦਾ ਪ੍ਰਤੀਕ ਤੇ ਖਮਣੀ ਪੱਗੜੀ ਦਾ ਪ੍ਰਤੀਕ। ਭਗਤ ਆਪਣੇ ਗੁਰੂ ਪਾਸ ਨੰਗੇ ਸਿਰ ਨਹੀਂ ਜਾਂਦਾ। ਗੁਰੂ ਦਾ ਪਿਆਰਾ ਜਦੋਂ ਗੁਰੂ ਦੇ ਦਰਬਾਰ ਵਿੱਚ ਜਾਂਦਾ ਹਾਂ, ਉਹ ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਸਿਰ ਟੇਕਦਾ ਹੈ। ਭਾਵ ਗਿਆਨ ਦੀ ਗੱਠੜੀ ਗੁਰੂ ਦੇ ਚਰਨਾ ਵਿੱਚ ਭੇਟ ਕਰ ਦਿੰਦਾ ਹੈ, ਅਤੇ ਇਹਦੇ ਬਦਲੇ ਗੁਰੂ ਉਹਨੂੰ ਗੁਰ-ਗਿਆਨ ਭਾਵ ਸਮੱਤ ਬਖਸ਼ਦਾ ਹੈ।
“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।”
-
ਮਲਕੀਤ ਸਿੰਘ ਸਿੱਧੂ ਸੇਖਾ ਕਨੇਡਾ, writer
malkit@gmail.c
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.