ਪੰਜਾਬ ਦੇ ਸਾਲਾਨਾ ਫਸਲੀ ਚੱਕਰ ਵਿੱਚ ਕਣਕ ਝੋਨੇ ਦੀ ਅਹਿਮ ਭੂਮਿਕਾ ਹੈ। ਮਸ਼ੀਨੀਕਰਨ ਯੁੱਗ ਵਿੱਚ ਇਹਨਾਂ ਫਸਲਾਂ ਦੀ ਵਾਢੀ ਦਾ ਕੰਮ ਵੀ ਆਧੁਨਿਕ ਕੰਬਾਈਨਾਂ ਰਾਹੀਂ ਹੀ ਕੀਤਾ ਜਾਂਦਾ ਹੈ। ਜਿਸ ਨਾਲ ਹਰ ਸਾਲ ਕ੍ਰਮਵਾਰ ਲਗਭਗ ਮਿਲੀਅਨ ਟਨ ਫਸਲੀ ਰਹਿੰਦ ਖੂਹੰਦ ਪੈਦਾ ਹੁੰਦੀ ਹੈ। ਜਿਥੇ ਕਣਕ ਦੇ ਨਾੜ ਦਾ ਲਗਭਗ 90% ਹਿੱਸਾ ਤੂੜੀ ਬਣਾ ਕੇ ਪਸ਼ੂਆ ਦੇ ਚਾਰੇ ਲਈ ਵਰਤ ਲਿਆ ਜਾਂਦਾ ਹੈ ਉਥੇ ਝੋਨੇ ਦੀ ਪਰਾਲੀ ਦੀ ਸੰਭਾਲ ਅੱਜ ਵੀ ਸਾਡੇ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਪਰਾਲੀ ਨੂੰ ਖੇਤ ਦੇ ਵਿੱਚ ਹੀ ਵਾਹੁਣ ਨਾਲ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਹੈ। ਭੂਮੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵੱਧਦੀ ਹੈ ਅਤੇ ਆਉਣ ਵਾਲੀ ਫਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
10 ਕੁਇੰਟਲ ਪਰਾਲੀ ਵਿੱਚ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ 1.2 ਕਿਲੋ ਗੰਧਕ, 3-4 ਕਿਲੋ ਕੈਲਸ਼ੀਅਮ, 1-3 ਕਿਲੋ ਮੈਗਨੀਸ਼ੀਅਮ ਅਤੇ 40-70 ਕਿਲੋ ਸਿਲੀਕੋਨ ਦੀ ਮਾਤਰਾ ਹੂੰਦੀ ਹੈ।
ਪਰਾਲੀ, ਧਰਤੀ ਵਿੱਚ ਬਹੁਤ ਸਾਰੇ ਸੂਖਮ ਜੀਵਾਣੂੰਆਂ ਲਈ ਭੋਜਨ ਦਾ ਕੰਮ ਕਰਦੀ ਹੈ। ਸੂਖਮ ਜੀਵ ਹੋਲੀ ਹੋਲੀ ਪਰਾਲੀ ਨੂੰ ਗਾਲ ਕੇ ਖਾਦ ਤਿਆਰ ਕਰਦੇ ਹਨ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਇਹ ਧਰਤੀ ਦੀ ਭੋਤਿਕ, ਸਥਿਤੀ ਵਿੱਚ ਵੀ ਬਹੁਤ ਸੁਧਾਰ ਕਰਦੇ ਹਨ। ਇਸ ਦੇ ਨਾਲ ਨਾਲ ਧਰਤੀ ਦੀ ਪਾਣੀ ਜੀਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ।
ਧਰਤੀ ਦੀ ਸਤ੍ਹਾ ਉੱਪਰ ਵਿਛੀ ਪਰਾਲੀ ਦੀ ਤਹਿ ਅਤੇ ਸੂਖਮ ਜੀਵਾਂ ਦੁਆਰਾ ਮਿੱਟੀ ਦੇ ਬਾਰੀਕ ਕਣਾਂ ਨੂੰ ਇੱਕ ਦੂਜੇ ਨਾਲ ਜੋੜਣ ਦੀ ਪ੍ਰਕ੍ਰਿਆ ਇਸਨੂੰ ਖੁਰਨ ਤੋਂ ਬਚਾਉਂਦੀ ਹੈ। ਦਸੰਬਰ ਜਨਵਰੀ ਵਰਗੇ ਮਹੀਨਿਆਂ ਵਿੱਚ ਵੀ ਸਤਹਿ ਦਾ ਤਾਪਮਾਨ ਫਸਲ ਦੇ ਅਨੂਕੂਲ ਰੱਖਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਨਦੀਨਾਂ ਦੇ ਜੰਮ ਅਤੇ ਵਾਧੇ ਨੂੰ ਕਾਬੂ ਕਰਕੇ ਖੇਤੀ ਖਰਚਿਆਂ ਨੂੰ ਘੱਟ ਕਰਦੀ ਹੈ।
ਲਗਾਤਾਰ ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਜਮੀਨ ਪੋਲੀ ਹੁੰਦੀ ਹੈ, ਉਪਜਾਊ ਸ਼ਕਤੀ ਵੱਧਦੀ ਹੈ ਜਿਸ ਨਾਲ ਫਸਲ ਦੀ ਜੜ੍ਹ ਡੂੰਘੀ ਜਾਂਦੀ ਹੈ ਅਤੇ ਪੱਕਣ ਸਮੇਂ ਡਿੱਗਣ ਦਾ ਖਤਰਾ ਘੱਟ ਜਾਂਦਾ ਹੈ। ਫਲਸਰੂਪ ਝਾੜ ਵਿੱਚ ਵਾਧਾ ਹੁੰਦਾ ਹੈ।
ਕਣਕ ਦੀ ਫਸਲ ਦੇ ਪੱਕਣ ਸਮੇਂ ਮਾਰਚ ਅਪ੍ਰੈਲ ਦੇ ਮਹੀਨਿਆਂ ਵਿੱਚ ਤਾਪਮਾਨ ਇੱਕ ਦਮ ਵੱਧਣ ਨਾਲ ਝਾੜ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ ਪਰ ਇਹ ਦੇਖਿਆ ਗਿਆ ਹੈ ਕਿ ਪਰਾਲੀ ਵਾਲੇ ਖੇਤਾਂ ਵਿੱਚ ਲੰਬਾ ਸਮਾਂ ਸਿੱਲ ਬਰਕਰਾਰ ਰਹਿੰਦੀ ਹੈ ਜਿਸ ਕਰਕੇ ਝਾੜ ਵਿੱਚ ਘਾਟਾ ਨਹੀ ਪੈਂਦਾ।
ਝੋਨੇ ਦੀ ਪਰਾਲੀ ਵਿੱਚ ਕਣਕ ਦੀ ਸੁੱਚਜੀ ਬਿਜਾਈ
• ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਵਾਢੀ ਕੰਬਾਈਨ ਨਾਲ ਕੀਤੀ ਗਈ ਹੋਵੇ ਉਹਨਾਂ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਣਕ ਦੀ ਬਿਜਾਈ ਕਰਨ ਵਾਸਤੇ ਹੈਪੀ ਸੀਡਰ, ਸਮਾਰਟ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਦੀ ਸਿਫਾਰਸ਼ ਕਰਦੀ ਹੈ। ਜਿਨ੍ਹਾਂ ਖੇਤਾਂ ਵਿੱਚ ਸਮਰਾਟ ਸੀਡਰ ਜਾਂ ਸੁਪਰ ਸੀਡਰ ਵਰਤਣਾ ਹੋਵੇ ਉਥੇ ਮਲਚਰ ਵਰਤਣ ਦੀ ਲੋੜ ਨਹੀ। ਭਾਰੀਆਂ ਜਮੀਨਾਂ, ਜਿਹਨਾਂ ਵਿੱਚ ਪਰਾਲੀ ਦੀ ਮਾਤਰਾ ਜਿਆਦਾ ਹੋਵੇ ਉਥੇ ਹੈਪੀ ਸੀਡਰ ਨਾਲ ਕਣਕ ਬੀਜਣ ਤੋ ਪਹਿਲਾਂ ਵੀ ਮਲਚਰ ਵਰਤਣ ਦੀ ਲੋੜ ਨਹੀ।
• ਜਿਨਾਂ ਖੇਤਾਂ ਵਿੱਚ ਹੈਪੀ ਸੀਡਰ / ਸਮਾਰਟ ਸੀਡਰ / ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੋਵੇ ਉਥੇ ਝੋਨੇ ਦੇ ਖੇਤ ਨੂੰ ਆਖਰੀ ਪਾਣੀ ਇਸ ਤਰ੍ਹਾਂ ਲਗਾੳ ਕਿ ਖੇਤ ਵਿੱਚ ਤਰ-ਵੱਤਰ ਨਮੀ ਹੋਵੇ।
• ਹੈਪੀ ਸੀਡਰ/ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਦੀ ਡੂੰਘਾਈ 1.5 ਤੋ 2.0 ਇੰਚ ਰੱਖੋ।
• ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈ ਪੀ ਬੀ ਡਵਲਯੂ 869 ਤੋ ਬਿਨ੍ਹਾਂ ਬਾਕੀ ਕਿਸਮਾਂ ਲਈ ਬੀਜ ਦੀ ਮਾਤਰਾ ਆਮ ਵਹਾਈ ਲਈ ਸਿਫਾਰਸ਼ ਕੀਤੀ ਮਾਤਰਾ ਤੋ 5 ਕਿਲੋ ਪ੍ਰਤੀ ਏਕੜ ਵੱਧ ਰੱਖੋ।
• ਬਿਜਾਈ ਸਮੇਂ ਡੀ ਏ ਪੀ ਦੀ ਸਿਫਾਰਿਸ਼ ਕੀਤੀ ਮਾਤਰਾ 65 ਕਿਲੋ ਪ੍ਰਤੀ ਏਕੜ ਰੱਖੋ। ਇਸ ਤੋਂ ਉਪਰੰਤ ਯੂਰੀਆ ਖਾਦ ਨੂੰ ਦੋ ਬਰਾਬਰ ਕਿਸ਼ਤਾਂ ਵਿੱਚ 45 ਕਿਲੋ ਪ੍ਰਤੀ ਕਿਸ਼ਤ ਵੰਡ ਕੇ ਪਹਿਲੇ ਅਤੇ ਦੂਜੇ ਪਾਣੀ ਤੋ ਪਹਿਲਾ ਖੇਤ ਵਿੱਚ ਖਿਲਾਰ ਦਿਉ। ਭਾਰੀਆਂ ਜਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੀ ਸੰਭਾਵਨਾ ਹੋਣ ਤੇ 10% ਯੂਰੀਆਂ ਦੇ ਦੋ ਛਿੜਕਾਅ ਕਣਕ ਦੀ ਬਿਜਾਈ ਤੋ 42 ਅਤੇ 54 ਦਿਨ ਉਪਰੰਤ ਕਰੋ।
• ਹੈਪੀ ਸੀਡਰ / ਸਮਾਰਟ ਸੀਡਰ ਨਾਲ ਹਲਕੀਆਂ ਜਮੀਨਾਂ ਵਿੱਚ ਬੀਜੀ ਕਣਕ ਨੂੰ ਪਹਿਲਾਂ ਪਾਣੀ ਤਕਰੀਬਨ 25-30 ਦਿਨ ਅਤੇ ਦਰਮਿਆਨੀਆਂ ਤੋ ਭਾਰੀਆਂ ਜਮੀਨਾਂ ਵਿੱਚ 30-35 ਦਿਨਾਂ ਤੱਕ ਲਾਉ। ਪਰ ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਪਾਣੀ ਸਿਫਾਰਸ਼ ਅਨੁਸਾਰ ਲਾਉ। ਪਾਣੀ ਹਮੇਸ਼ਾ ਹਲਕਾ ਅਤੇ ਬਰਸਾਤ ਸਬੰਧੀ ਜਾਣਕਾਰੀ ਦੇ ਮੱਦੇ ਨਜ਼ਰ ਹੀ ਲਾਉ।ਪਾਣੀ ਹਮੇਸ਼ਾ ਦਿਨ ਸਮੇਂ ਲਾਉ ਤਾਂ ਕਿ ਪੰਛੀ ਵੱਧ ਤੋ ਵੱਧ ਸੁੰਡੀਆ ਦਾ ਸ਼ਿਕਾਰ ਕਰ ਸਕਣ ਅਤੇ ਪਾਣੀ ਇਕਸਾਰ ਅਤੇ ਹਲਕਾ ਰੱਖੋ।
• ਬਿਜਾਈ ਵੇਲੇ ਖੇਤ ਵਿੱਚ ਸਿੱਲ ਜਿਆਦਾ ਹੋਣ ਕਾਰਨ ਕਈ ਵਾਰ ਹੈਪੀ ਸੀਡਰ/ਸਮਾਰਟ ਸੀਡਰ / ਸੁਪਰ ਸੀਡਰ ਦੀਆਂ ਬੀਜ ਅਤੇ ਖਾਦ ਵਾਲੀਆਂ ਪਾਈਪਾਂ ਬੰਦ ਹੋ ਜਾਂਦੀਆਂ ਹਨ ਸੋ ਇਹਨਾਂ ਨੂੰ ਸਮੇਂ ਸਮੇਂ ਤੇ ਸੋਟੀ ਨਾਲ ਹਿਲਾ ਕੇ ਖੋਲਦੇ ਰਹੋ।
• ਸਤੰਬਰ – ਅਕਤੂਬਰ ਮਹੀਨੇ ਵਿੱਚ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹੋ। ਜੇਕਰ ਝੋਨੇ ਵਿੱਚ ਮੁੰਜਰਾਂ ਕੱਟਣ ਵਾਲੀ ਸੁੰਡੀ (ਕਣਕ ਦੀ ਸੈਨਿਕ ਸੂੰਡੀ) ਜਾਂ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਉਸਦੀ ਤੁਰੰਤ ਸਿਫਾਰਸ਼ ਮੁਤਾਬਕ ਰੋਕਥਾਮ ਕਰੋ ਤਾਂ ਜੋ ਇਹ ਕੀੜੇ ਪਰਾਲੀ ਰਾਹੀਂ ਕਣਕ ਦੀ ਫਸਲ ਤੇ ਹਮਲਾ ਨਾ ਕਰਨ।
• ਨਵੰਬਰ ਦਸੰਬਰ ਦੇ ਮਹੀਨੇ ਪਰਾਲੀ ਵਾਲੇ ਕਣਕ ਦੇ ਖੇਤਾਂ ਵਿੱਚ ਕੀੜੇ ਮਕੋੜੇ ਬਿਮਾਰੀ ਅਤੇ ਚੂਹਿਆਂ ਦੇ ਹਮਲੇ ਨੂੰ ਜਾਨਣ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਤਾਂ ਜੋ ਵੇਲੇ ਧਿਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
• ਸਿਉਂਕ ਦੇ ਹਮਲੇ ਨੂੰ ਰੋਕਣ ਲਈ ਬੀਜ ਸੋਧ ਜਰੂਰ ਕਰੋ।
-
ਜਏਸ਼ ਸਿੰਘ, ਸੁਰਜੀਤ ਸਿੰਘ ਮਨਹਾਸ ਅਤੇ ਅਮਨ ਪ੍ਰੀਤ, ਪਲਾਂਟ ਬਰੀਡਿੰਗ ਅਤੇ ਜੈਨਿਟੀਕਸ ਵਿਭਾਗ, ਪੀ. ਏ. ਯੂ. ਲੁਧਿਆਣਾ
pauldh
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.