ਸਬੂਤ ਵੀ ਜੋ ਵਫ਼ਾ ਨਾ ਹੋ ਸਕੇ
ਕਨੇਡਾ ‘ਚ ਵੱਧਦੇ ਗਰਮਖਿਆਲੀ ਪ੍ਰਭਾਵ ਨੇ ਭਾਰਤੀ ਸਬੰਧਾਂ ‘ਚ ਪਾਈਆਂ ਤਰੇੜਾਂ
ਵੱਡੀ ਗਿਣਤੀ ਵਿੱਚ ਇੱਕ ਦੂਜੇ ਦੇ ਰਾਜਦੂਤਾਂ ਨੂੰ ਕੱਢਣਾ-ਮੰਦਭਾਗਾ
ਦਿਲਜੀਤ ਸਿੰਘ ਬੇਦੀ
ਭਾਰਤ ਤੇ ਕੈਨੇਡਾ `ਚ ਤਣਾਅ ਦੇ ਚੱਲਦਿਆਂ ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਕੂਟਨੀਤਕਾਂ ਨੂੰ ਕੱਢ ਦਿੱਤਾ ਹੈ। ਇਨ੍ਹਾਂ ਖਬਰਾਂ ਨੇ ਕਨੇਡਾ ‘ਚ ਗਏ ਵਿਦਿਆਰਥੀਆਂ ਤੇ ਮਾਪਿਆਂ ਦੇ ਸਾਹ ਸੂਤ ਲਏ ਹਨ। ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੇ ਕੁਝ ਹੋਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਦੇ ਕੁਝ ਸਮੇਂ ਬਾਅਦ ਭਾਰਤ ਨੇ 6 ਕੈਨੇਡੀਅਨ ਰਾਜਦੂਤਾਂ ਨੂੰ ਵੀ ਕੱਢਣ ਦਾ ਹੁਕਮ ਸੁਣਾ ਦਿੱਤਾ। ਦੂਜੇ ਪਾਸੇ ਕੈਨੇਡੀਅਨ ਓਟਾਵਾ ਨੇ ਹਾਈ ਕਮਿਸ਼ਨਰ ਸਮੇਤ 6 ਭਾਰਤੀ ਰਾਜਦੂਤਾਂ ਨੂੰ ਕੱਢ ਦਿੱਤਾ ਹੈ। `ਗਲੋਬ ਐਂਡ ਮੇਲ ਡੇਲੀ` ਨੇ ਕੈਨੇਡੀਅਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ (ਆਰ ਸੀ.ਐਮ.ਪੀ.) ਕੋਲ ਸਬੂਤ ਹਨ ਕਿ 6 ਕੂਟਨੀਤਕ ਜੂਨ 2023 `ਚ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕਥਿਤ ਸਾਜਿਸ਼ `ਚ ਸ਼ਾਮਿਲ ਸਨ। ਨਿੱਝਰ ਦੀ ਪਿਛਲੇ ਸਾਲ ਜੂਨ `ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ `ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਰ.ਸੀ.ਐਮ.ਪੀ. ਕਮਿਸ਼ਨਰ ਮਾਈਕ ਡੂਹੇਮ ਨੇ ਵਿਆਪਕ ਹਿੰਸਾ, ਹੱਤਿਆਵਾਂ ਤੇ ਭਾਰਤ ਸਰਕਾਰ ਦੇ `ਏਜੰਟਾਂ` ਨਾਲ ਜੁੜੀ ਜਨਤਕ ਸੁਰੱਖਿਆ ਦੇ ਖਤਰੇ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ ਹਾਈ ਕਮਿਸ਼ਨਰ ਨੂੰ ਜੋੜਨ ਵਾਲੇ ਓਟਾਵਾ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਖਾਰਜ ਕਰਨ ਤੋਂ ਬਾਅਦ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਭਾਰਤ `ਚ ਕੈਨੇਡੀਅਨ ਰਾਜਦੂਤ ਨੂੰ ਤਲਬ ਕਰਨ ਤੋਂ ਤੁਰੰਤ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਭਾਰਤ `ਚ ਕੈਨੇਡੀਅਨ ਰਾਜਦੂਤ ਨੂੰ ਤਲਬ ਕੀਤਾ ਸੀ। ਕੈਨੇਡਾ `ਚ ਭਾਰਤੀ ਹਾਈ ਕਮਿਸ਼ਨਰ ਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਬੇਬੁਨਿਆਦ ਨਿਸ਼ਾਨਾ ਬਣਾਉਣਾ ਅਸਵੀਕਾਰਨਯੋਗ ਹੈ। ਕੱਟੜਵਾਦ ਤੇ ਹਿੰਸਾ ਦੇ ਮਾਹੌਲ `ਚ ਟਰੂਡੋ ਸਰਕਾਰ ਦੀਆਂ ਕਾਰਵਾਈਆਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ `ਚ ਪਾਇਆ ਹੈ। ਸਾਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੌਜੂਦਾ ਕੈਨੇਡੀਅਨ ਸਰਕਾਰ ਦੀ ਵਚਨਬੱਧਤਾ `ਤੇ ਕੋਈ ਭਰੋਸਾ ਨਹੀਂ ਹੈ ਦੇ ਸੰਕੇਤ ਦਿਤੇ ਹਨ। ਇਸ ਲਈ ਭਾਰਤ ਸਰਕਾਰ ਨੇ ਹਾਈ ਕਮਿਸ਼ਨਰ ਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।
ਕੈਨੇਡਾ ਤੇ ਭਾਰਤ ਦੇ ਕੂਟਨੀਤਕ ਸੰਬੰਧਾਂ ਵਿਚ ਖਿਚੋਤਾਨ ਨਿਵਾਣ ਬੀਤੇ ਸਾਲ ਸਤੰਬਰ ਤੋਂ ਸ਼ੁਰੂ ਹੋਈ ਸੀ ਜੋ ਦਿਨੋ ਦਿਨ ਤਖਦੀ ਜਾ ਰਹੀ ਹੈ। ਇਸ ਵਿਚ ਭਵਿੱਖ ਵਿਚ ਸੁਧਾਰ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ । 18 ਜੂਨ, 2023 ਦੀ ਸ਼ਾਮ ਨੂੰ ਸਰੀ ਵਿਖੇ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਕੇਸ ਦੀ ਜਾਂਚ ਕੈਨੇਡਾ ਵਿਚ ਚੱਲ ਰਹੀ ਹੈ ਜਿਸ ਵਿਚ ਕੁਝ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਦੀ ਸੰਸਦ ਵਿਚ ਕੀਤਾ ਸੀ । ਜਾਂਚ ਕਰ ਰਹੇ ਅਧਿਕਾਰੀਆਂ ਨੇ ਕੈਨੇਡਾ ਵਿਖੇ ਤਾਇਨਾਤ ਭਾਰਤ ਦੇ ਰਾਜਦੂਤ ਸੰਜੇ ਵਰਮਾ ਸਮੇਤ ਕੁਝ ਹੋਰ ਭਾਰਤੀ ਕੁਟਨੀਤਕਾਂ ਤੋਂ ਪੁੱਛਗਿੱਛ ਕਰਨ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਸੀ। ਭਾਰਤ ਵਲੋਂ ਕੈਨੇਡਾ ਦੇ ਇਸ ਰੁਖ਼ ਨੂੰ ਸਖ਼ਤੀ ਨਾਲ ਠੁਕਰਾਏ ਦਿੱਤਾ ਗਿਆ ਹੈ । ਭਾਰਤ ਦਾ ਤਰਕ ਹੈ ਕਿ ਟਰੂਡੋ ਸਰਕਾਰ ਵਲੋਂ ਆਪਣੇ ਰਾਜਨੀਤਕ ਫਾਇਦੇ (ਕੈਨੇਡਾ `ਚ ਸਿੱਖ ਵੋਟ) ਲਈ ਬਿਨਾਂ ਤੱਥਾਂ ਤੋਂ (ਵਧਾ-ਚੜਾ ਕੇ) ਦੋਸ਼ ਲਗਾਏ ਜਾ ਰਹੇ ਹਨ । ਵਿਦੇਸ਼ ਮੰਤਰਾਲੇ ਦੇ ਤਾਜ਼ਾ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡਾ ਵਿਰੁੱਧ ਸਖ਼ਤ ਫੈਸਲੇ ਕਰਨ ਦਾ ਹੱਕ ਰਾਖਵਾਂ ਹੈ । ਸ੍ਰੀ ਟਰੂਡੋ ਵਲੋਂ ਦੋਸ਼ ਲਗਾਏ ਜਾਣ `ਤੇ ਇਕ ਭਾਰਤੀ ਦੂਤ ਨੂੰ ਕੈਨੇਡਾ ਵਿਚੋਂ ਕੱਢੇ ਜਾਣ ਤੋਂ ਬਾਅਦ 2023 ਦੇ ਅਕਤੂਬਰ ਮਹੀਨੇ ਵਿਚ ਦਿੱਲੀ ਤੋਂ ਕੈਨੇਡਾ ਦੇ 40 ਦੂਤਾਵਾਸ ਅਧਿਕਾਰੀਆਂ ਨੂੰ ਭਾਰਤ ਛੱਡ ਕੇ ਜਾਣਾ ਪਿਆ ਸੀ । ਇਸਦੇ ਨਾਲ ਹੀ ਸਟਾਫ ਦੀ ਘਾਟ ਕਾਰਨ ਚੰਡੀਗੜ੍ਹ, ਮੁੰਬਈ ਤੇ ਬੈਂਗਲੁਰੂ ਵਿਖੇ ਕੈਨੇਡੀਅਨ ਕੌਂਸਲਖਾਨਿਆਂ ਦਾ ਕੰਮ ਠੱਪ ਹੋ ਗਿਆ ਸੀ । ਪਤਾ ਲੱਗਾ ਹੈ ਕਿ ਭਾਰਤ ਦੇ ਰਾਜਦੂਤ ਸ੍ਰੀ ਵਰਮਾ ਕੈਨੇਡਾ ਬੀਤੇ 36 ਸਾਲਾਂ ਤੋਂ ਕੂਟਨੀਤਕ ਅਧਿਕਾਰੀ ਹਨ ਤੇ ਕੈਨੇਡਾ ਤੋਂ ਪਹਿਲਾ ਉਹ ਸੂਡਾਨ, ਜਪਾਨ, ਤੁਰਕੀ ਤੇ ਵੀਅਤਨਾਮ ਵਿਚ ਤਾਇਨਾਤ ਰਹਿ ਚੁੱਕੇ ਹਨ । ਭਾਰਤ ਨੇ ਸ੍ਰੀ ਵਰਮਾ ਵਿਰੁੱਧ ਕੈਨੇਡਾ ਦੀ ਦੁਸ਼ਣਬਾਜ਼ੀ ਨੂੰ ਸਿਰੇ ਤੋਂ ਨਕਾਰਿਆ ਹੈ ਤੇ ਕੈਨੇਡਾ ਦੇ ਇਸ ਕਦਮ ਨੂੰ ਭਾਰਤ ਦਾ ਨਿਰਾਦਰ ਵੀ ਦੱਸਿਆ ਗਿਆ ਹੈ। ਇਹ ਵੀ ਕਿ ਦਿੱਲੀ ਵਿਖੇ ਭਾਰਤ ਦੇ ਦੂਤਾਵਾਸ ਵਲੋਂ ਟਰੂਡੋ ਸਰਕਾਰ ਦਾ ਰਾਜਨੀਤਕ ਏਜੰਡਾ ਅੱਗੇ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਭਾਰਤ ਵਲੋਂ ਕੈਨੇਡਾ `ਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਡਿਪਲੋਮੈਟ ਕਮਿਸ਼ਨਰ ਸਟੀਵਰਟ ਵੀਲਰ ਨੇ ਦਾਅਵਾ ਕੀਤਾ ਕਿ ਕੈਨੇਡਾ ਨੇ ਭਾਰਤ ਸਰਕਾਰ ਨੂੰ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਸਬੂਤ ਮੁਹੱਈਆ ਕਰਵਾਏ ਸਨ । ਹੁਣ ਭਾਰਤ ਨੂੰ ਆਪਣੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਦੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿਚ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡੀਅਨ ਸਫੀਰ ਨੂੰ ਤਲਬ ਕਰਦਿਆਂ ਕਿਹਾ ਸੀ ਕਿ ਭਾਰਤ ਨੂੰ ਟਰੂਡੋ ਸਰਕਾਰ `ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਕੈਨੇਡਾ ਸਰਕਾਰ ਵੋਟ ਰਾਜਨੀਤੀ ਤਹਿਤ ਇਹ ਸਭ ਕਰ ਰਹੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਲੋਂ ਐਤਵਾਰ ਨੂੰ ਲਾਏ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ, ਜਿਸ `ਚ ਕਿਹਾ ਗਿਆ ਕੈਨੇਡਾ `ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ `ਚ `ਨਿੱਜੀ ਹਿਤ ਰੱਖਣ ਵਾਲਾ ਵਿਅਕਤੀ ਕਰਾਰ ਦਿੱਤਾ। ਭਾਰਤ ਨੇ ਕੈਨੇਡਾ ਵਲੋਂ ਲਾਏ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਕੈਨੇਡਾ ਨੂੰ ਝਾੜ ਪਾਉਂਦਿਆਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਪਿੱਛੇ ਟਰੂਡੋ ਸਰਕਾਰ ਦਾ ਸਿਆਸੀ ਏਜੰਡਾ ਹੈ, ਜੋ ਕਿ ਵੋਟ ਬੈਂਕ ਦੀ ਸਿਆਸਤ ਤੋਂ ਪ੍ਰੇਰਿਤ ਹੈ। ਭਾਰਤ ਉੱਚਿਤ ਕਦਮ ਉਠਾਉਣ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਕੈਨੇਡਾ ਨੇ ਕਿਹਾ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਸਫਾਰਤੀ ਅਧਿਕਾਰੀਆਂ ਬਾਰੇ ਕਿਹਾ ਇਕ ਜਾਂਚ ਨਾਲ ਸੰਬੰਧਿਤ ਮਾਮਲੇ `ਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਹਨ। ਭਾਰਤ ਨੇ ਕਿਹਾ ਕਿ ਕੈਨੇਡਾ ਬਿਨਾਂ ਸਬੂਤ ਦੇ ਸਾਡੇ ਅਧਿਕਾਰੀਆਂ ਨੂੰ ਬਦਨਾਮ ਕਰ ਰਿਹਾ ਹੈ ਅਤੇ ਆਪਣੀ ਧਰਤੀ `ਤੇ ਖ਼ਾਲਿਸਤਾਨੀ ਸਮਰਥਕਾਂ ਨੂੰ ਰੋਕਣ ਦੀ ਆਪਣੀ ਨਾਕਾਮੀ ਨੂੰ ਸਹੀ ਠਹਿਰਾਉਣ ਲਈ ਬੇਬੁਨਿਆਦ ਦਾਅਵੇ ਕਰ ਰਿਹਾ ਹੈ। ਭਾਰਤੀ ਮੰਤਰਾਲੇ ਨੇ ਕੈਨੇਡਾ ਵਲੋਂ ਲਾਏ ਦੋਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਸਫਾਰਤੀ ਅਧਿਕਾਰੀਆਂ ਨੂੰ ਜਾਂਚ ਦੇ ਨਾਂਅ `ਤੇ ਫਸਾਉਣ ਦਾ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਸਤੰਬਰ, 2023 `ਚ ਕੁਝ ਦੋਸ਼ ਲਾਏ ਸਨ। ਸਾਡੇ ਵਲੋਂ ਕਈ ਵਾਰ ਕਈ ਅਪੀਲਾਂ ਦੇ ਬਾਵਜੂਦ ਕੈਨੇਡੀਆ ਸਰਕਾਰ ਨੇ ਭਾਰਤ ਸਰਕਾਰ ਨਾਲ ਕੁਝ ਵੀ ਸਾਂਝਾ ਨਹੀਂ ਕੀਤਾ। ਇਸ `ਚ ਕੋਈ ਸ਼ੱਕ ਨਹੀਂ ਹੈ ਕਿ ਜਾਂਚ ਦੇ ਬਹਾਨੇ ਸਿਆਸੀ ਫ਼ਾਇਦਾ ਲੈਣ ਲਈ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੂਡੋ ਸਰਕਾਰ ਨੇ ਜਾਣਨ ਦੇ ਬਾਵਜੂਦ ਕੈਨੇਡਾ `ਚ ਭਾਰਤੀ ਸਫਾਰਤੀ ਅਧਿਕਾਰੀਆਂ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਧਮਕਾਉਣ ਅਤੇ ਡਰਾਉਣ ਵਾਲੇ . ਹਿੰਸਕ ਕੱਟੜਪੰਥੀਆਂ ਅਤੇ ਅੱਤਵਾਦੀਆਂ ਨੂੰ ਥਾਂ ਦਿੱਤੀ ਹੈ। ਇਸ `ਚ ਅਧਿਕਾਰੀਆਂ ਅਤੇ ਭਾਰਤੀ ਨੇਤਾਵਾਂ ਨੂੰ ਮੌਤ ਦੀਆਂ ਧਮਕੀਆਂ ਤੱਕ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਕਾਰਵਾਈਆਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਦੇ ਨਾਂਅ `ਤੇ ਉੱਚਿਤ ਕਰਾਰ ਦਿੱਤਾ ਜਾਂਦਾ ਰਿਹਾ। ਕੁਝ ਵਿਅਕਤੀ, ਜੋ ਗ਼ੈਰ-ਕਾਨੂੰਨੀ ਤੌਰ `ਤੇ ਕੈਨੇਡਾ `ਚ ਦਾਖ਼ਲ ਹੋਏ, ਉਨ੍ਹਾਂ ਨੂੰ ਛੇਤੀ ਨਾਗਰਿਕਤਾ ਦਿੱਤੀ ਗਈ। ਭਾਰਤ ਸਰਕਾਰ ਵਲੋਂ ਕੈਨੇਡਾ ਤੋਂ ਅੱਤਵਾਦੀਆਂ ਅਤੇ ਸੰਗਠਿਤ ਅਪਰਾਧਿਕ ਆਗੂਆਂ ਨੂੰ ਭਾਰਤ ਦੇ ਸਪੁਰਦ ਕਰਨ ਦੇ ਕਈ ਦੋਸ਼ਾਂ ਨੂੰ ਵੀ ਨਾਕਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਵਿਰੋਧ ਕਾਫੀ ਪਹਿਲੇ ਸਾਬਿਤ ਹੋ ਚੁੱਕਾ ਹੈ। 2018 `ਚ ਆਪਣੇ ਭਾਰਤ ਦੌਰੇ `ਚ ਵੀ ਵੋਟ ਬੈਂਕ ਦੀ ਸਿਆਸਤ ਕਰਨ ਆਏ ਸੀ, ਪਰ ਉਨ੍ਹਾਂ ਦਾ ਇਹ ਦਾਅ ਉਲਟਾ ਪਿਆ। ਉਨ੍ਹਾਂ ਦੇ ਕੈਬਨਿਟ `ਚ ਕਈ ਅਜਿਹੇ ਲੋਕ ਸ਼ਾਮਿਲ ਹਨ ਜੋ ਕਿ ਭਾਰਤ ਦੇ ਖਿਲਾਫ਼ ਸਿੱਧੇ ਤੌਰ `ਤੇ ਕੱਟੜਵਾਦ ਅਤੇ ਵੱਖਵਾਦ ਨਾਲ ਜੁੜੇ ਹਨ। ਦਸੰਬਰ 2020 `ਚ ਭਾਰਤ ਦੀ ਅੰਦਰੂਨੀ ਸਿਆਸਤ `ਚ ਉਨ੍ਹਾਂ ਦੇ ਦਖ਼ਲ ਨੇ ਸਾਫ਼ ਵਿਖਾਇਆ ਕਿ ਉਹ ਇਨ੍ਹਾਂ ਮਾਮਲਿਆਂ ਤੋਂ ਕਿੰਨਾ ਦੂਰ ਤੱਕ ਜਾਣ ਦਾ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਸਰਕਾਰ ਇਕ ਸਿਆਸੀ ਪਾਰਟੀ `ਤੇ ਨਿਰਭਰ ਸੀ, ਜਿਸ ਦੇ ਨੇਤਾ ਖੁੱਲ੍ਹੇਆਮ ਭਾਰਤ ਦੇ ਸੰਬੰਧ `ਚ ਵੱਖਵਾਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ। ਅਜਿਹੇ `ਚ ਸਥਿਤੀ ਹੋਰ ਖ਼ਰਾਬ ਹੀ ਹੋਏਗੀ।
ਭਾਰਤ ਤੇ ਕੈਨੇਡਾ ਨੇ ਛੇ-ਛੇ ਕੂਟਨੀਤਕਾਂ ਨੂੰ ਕੱਢਣ `ਤੇ ਸਵਾਲ ੱਪੈਦਾ ਹੁੰਦਾ ਹੈ ਕਿ ਜੇਕਰ ਭਾਰਤ ਤੇ ਕੈਨੇਡਾ ਦਰਮਿਆਨ ਤਣਾਅ ਹੋਰ ਵਧਦਾ ਹੈ ਤਾਂ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਕਿਉਂਕਿ ਕੈਨੇਡਾ `ਚ ਵੱਡੀ ਸੰਖਿਆ `ਚ ਭਾਰਤੀ ਰਹਿੰਦੇ ਹਨ। ਹਰ ਸਾਲ ਹਜ਼ਾਰਾਂ ਵਿਦਿਆਰਥੀ ਕੈਨੇਡਾ `ਚ ਪੜ੍ਹਾਈ ਕਰਨ ਲਈ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਭਾਰਤ ਨਾਲ ਵਪਾਰਕ ਤੇ ਨਾਗਰਿਕ ਸੰਬੰਧਾਂ ਬਾਰੇ ਕਿਹਾ ਸੀ ਕਿ ਉਹ ਭਾਰਤ ਨਾਲ ਰਿਸ਼ਤਾ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ। ਭਾਰਤ ਤੇ ਕੈਨੇਡਾ ਦਰਮਿਆਨ ਕਿੰਨਾ ਵਪਾਰ ਹੈ, ਅੱਜ ਭਾਰਤ ਕੈਨੇਡਾ ਦਾ 10ਵਾਂ ਵੱਡਾ ਵਪਾਰਕ ਭਾਈਵਾਲ ਹੈ। 2021 ਦੇ ਸਰਕਾਰੀ ਅੰਕੜਿਆਂ ਅਨੁਸਾਰ ਦੋਵੇਂ ਦੇਸ਼ਾਂ ਵਿਚਕਾਰ 59 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਹੈ। 600 ਤੋਂ ਵੱਧ ਕੈਨੇਡੀਅਨ ਕੰਪਨੀਆਂ `ਤੇ ਉਨ੍ਹਾਂ ਦਾ ਸੰਗਠਨ ਭਾਰਤ `ਚ ਹਨ। ਭਾਰਤ ਤੋਂ 230,000 ਵਿਦਿਆਰਥੀ ਕੈਨੇਡਾ `ਚ ਪੜਾਈ ਕਰ ਰਹੇ ਹਨ। ਕੈਨੇਡਾ `ਚ ਵਿਦੇਸ਼ੀ ਵਿਦਿਆਰਥੀ ਕਮਾਈ ਦਾ ਵੱਡਾ ਸਰੋਤ ਹਨ। ਇਸ ਵੇਲੇ ਜੋ ਹਾਲਾਤ ਹਨ ਦੋਨਾਂ ਦੇਸ਼ਾਂ ਨੂੰ ਦਿੱਕਤਾ ਪੇਸ਼ ਆ ਸਕਦੀਆਂ ਹਨ ਕੈਨੇਡਾ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜਾ ਘੱਟ ਦਿੱਤਾ ਜਾ ਰਿਹਾ ਹੈ। ਕੈਨੇਡਾ `ਚ ਵੀਜਾ ਨਿਯਮਾਂ `ਚ ਤਬਦੀਲੀ ਦਾ ਅਸਰ ਭਾਰਤੀ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਵੇਖਣ ਨੂੰ ਮਿਲਿਆ ਹੈ। ਇੱਕ ਰਿਪੋਰਟ ਅਨੁਸਾਰ ਇਹ ਫ਼ੈਸਲਾ ਕੈਨੇਡਾ ਨੂੰ ਹੋਰ ਵੀ ਮੁਸ਼ਕਲ ਸਥਿਤੀ `ਚ ਪਾ ਸਕਦਾ ਹੈ। ਯੂਰਪੀ ਸੰਘ, ਅਮਰੀਕਾ, ਆਸਟਰੇਲੀਆ ਭਾਰਤ ਨਾਲ ਆਪਣੇ ਚੰਗੇ ਸੰਬੰਧ ਬਣਾ ਰਿਹਾ ਹੈ। ਦੋਹਾਂ ਦੇਸ਼ਾਂ ਦੇ ਵੱਧਦੇ ਤਨਾਅ ਨੇ ਭਾਰਤੀਆਂ ਅਤੇ ਪੰਜਾਬੀਆਂ ਦੇ ਸਾਹਸੂਤ ਲਏ ਹਨ-ਮਾਪੇ ਤੇ ਵਿਦਿਆਰਥੀ ਬੁਰੀ ਤਰ੍ਹਾਂ ਗਮਗੀਨ ਮਾਹੌਲ ‘ਚ ਗੁਜਰ ਰਹੇ ਹਨ ਤੇ ਅਰਦਾਸਾਂ ਕਰ ਕਰਾ ਰਹੇ ਹਨ ਕਿ ਮਾਹੌਲ ਸਾਂਤਮਈ ਤੇ ਸੁਖਦ ਰਹੇ।
-
ਦਿਲਜੀਤ ਸਿੰਘ ਬੇਦੀ, writer
diljitsinghbedi179@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.