ਖ਼ਬਰ ਹੈ ਕਿ ਐਨ.ਆਰ.ਆਈ ਨੂੰ ਆਪਣੇ ਹੱਕ 'ਚ ਕਰਨ ਗਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦਾ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ ਇੱਕ ਪ੍ਰੋਗਰਾਮ ਦੇ ਬਾਅਦ ਕੁਝ ਕੱਟੜ ਪੰਥੀਆਂ ਨੇ ਵਿਰੋਧ ਕੀਤਾ। ਉਨਾਂ ਦੀ ਕਾਰ ਉਤੇ ਪਾਣੀ ਦੀਆਂ ਬੋਤਲਾਂ ਸੁਟੀਆਂ ਗਈਆਂ, ਪੱਥਰ ਮਾਰੇ ਗਏ। ਜਾਣਕਾਰੀ ਦੇ ਮੁਤਾਬਿਕ ਪ੍ਰੋਗਰਾਮ ਦੇ ਦੌਰਾਨ 1984 ਦੇ ਸਿੱਖ ਕਤਲੇਆਮ ਸਮੇਂ ਸ਼ਿਕਾਰ ਇੱਕ ਵਿਅਕਤੀ ਦੇ ਸਬੰਧੀ ਨੇ ਜਗਦੀਸ਼ ਟਾਈਟਲਰ ਦੀ ਭੂਮਿਕਾ ਬਾਰੇ ਸਵਾਲ ਕੀਤਾ, ਪਰ ਉਸਨੂੰ ਜਵਾਬ ਨਹੀਂ ਮਿਲਿਆ ਤਾਂ ਉਥੇ ਮੌਜੂਦ ਕਟੜ ਪੰਥੀ ਨਰਾਜ਼ ਹੋ ਗਏ। ਸੰਸਥਾ ਸਿੱਖ ਫਾਰ ਜਸਟਿਸ ਵਲੋਂ ਕੈਪਟਨ ਦੇ ਵਿਰੋਧ ਵਿੱਚ ਦਾਇਰ ਅਦਾਲਤ ਵਿੱਚ ਅਪੀਲ ਦੇ ਚਲਦਿਆਂ ਉਨਾਂ ਦਾ ਕੈਨੇਡਾ ਦੌਰਾ ਵੀ ਮੁਲਤਵੀ ਕੀਤਾ ਗਿਆ ਸੀ। ਉਧਰ ਕਿਸਾਨਾਂ ਦੀਆਂ ਅਦਾਇਗੀਆਂ ਨੂੰ ਲੈਕੇ ਮੁਖਮੰਤਰੀ ਬਾਦਲ ਦੀ ਚੰਡੀਗੜ ਰਿਹਾਇਸ਼ ਨੂੰ ਘੇਰਨ ਜਾਂਦੇ ਕਾਂਗਰਸੀ ਵਰਕਰਾਂ 'ਤੇ ਚੰਡੀਗੜ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ ਤੇ ਪੁਲਿਸ ਨੇ ਕਾਂਗਰਸੀ ਭਜਾ-ਭਜਾ ਕੇ ਕੁੱਟੇ।
ਕੇਹਾ ਸਮਾਂ ਆ ਗਿਆ ਕਾਂਗਰਸ ਦਾ? ਉਹ ਵੀ ਦਿਨ ਸਨ ਜਦੋਂ ਇਸ ਪਾਰਟੀ ਦਾ ਡੰਕਾ ਵਜਦਾ ਸੀ ਦੇਸ਼ ਵਿਦੇਸ਼। ਨੇਤਾਵਾਂ ਦੇ ਗਲ ਪੈਂਦੇ ਸੀ ਹਾਰ ਅਤੇ ਨਾਲੋ-ਨਾਲ ਮਿਲਦੇ ਸੀ ਨੋਟ। ਜਿਧਰ ਵੀ ਜਾਂਦੇ ਹੱਥੀਂ ਛਾਵਾਂ ਹੁੰਦੀਆਂ। ਗਾਂਧੀ ਜ਼ਿੰਦਾਬਾਦ, ਨਹਿਰੂ ਜ਼ਿੰਦਾਬਾਦ, ਇੰਦਰਾ ਜਿੰਦਾਬਾਦ, ਤੇ ਕਾਂਗਰਸ ਜਿੰਦਾਬਾਦ ਹੁੰਦੀ! ਐਸਾ ਤਾਕਤ ਦਾ ਭੂਤ ਸਵਾਰ ਹੋਇਆ ਕਾਂਗਰਸੀਆਂ ਉਤੇ ਕਿ ਜਿਹੜਾ ਵੀ ਵਿਰੋਧੀ ਟੱਕਰਿਆ, ਚਲ ਹਵਾਲਾਤੇ। ਜਿਸ ਨੇ ਵੀ ਖੰਗੂਰਾ ਮਾਰਿਆ, ਚਲ ਹਵਾਲਾਤੇ। ਜਿਸ ਨੇ ਵੀ ਬਹੁਤੀ ਹੂੰ ਹਾਂ ਕੀਤੀ, ਚਲ ਜੇਲੀਂ। ਐਮਰਜੈਂਸੀ ਲਾਈ, ਇੰਦਰ ਤੁਰ ਜਾਣ 'ਤੇ ਸਿੱਖਾਂ ਦੇ ਕਤਲੇਆਮ ਦਾ ਕਲੰਕ ਸਿਰ ਲੁਆਇਆ ਅਤੇ ਮੁੜ ਇਹੋ ਜਿਹੇ ਰਾਹੀਂ ਪਈ ਕਿ ਰਾਜ ਤਾਂ ਦਸ ਸਾਲ ਵੀਹ ਸਾਲ ਹੋਰ ਕਰ ਲਿਆ, ਪਰ ਹੁਣ ਤਾਂ ਭਾਈ ਦੇਸ਼ 'ਚ ਕਿਤੇ-ਕਿਤੇ ਹੀ ਲੱਭਦੀ ਆ ਕਾਂਗਰਸ, ਦਾਲ 'ਚ ਕੋਕੜੂ ਵਾਂਗਰ। ਆਹ ਵੇਖ ਲਉ, ਪੰਜਾਬ ਦਾ ਜਰਨੈਲ, ਜਿਧਰ ਜਾਂਦਾ ਪੱਥਰ ਖਾਂਦਾ, ਮੁੜਦਾ ਪੈਰੀਂ ਜੁੱਤੀ ਨਹੀਂ ਪਾਉਂਦਾ ਤੇ ਵਿਚਾਰੇ ਕਾਂਗਰਸੀ ਕੁਰਸੀ ਦੀ ਭਾਲ 'ਚ ਬਾਦਲਾਂ ਤੋਂ ਡੰਡੇ ਖਾਣ ਜੋਗੇ ਰਹਿ ਗਏ ਆ। ਸਰਕਾਰ ਜਿਥੇ ਦੇਖਦੇ ਆ ਕਾਂਗਰਸੀਆਂ ਨੂੰ, ਉਥੇ ਹੀ ਨੱਪ ਲੈਂਦੀ ਆ। ਹਾਲਤ ਐਨੀ ਪਤਲੀ ਹੋਈ ਪਈ ਆ, ਉਧਰ ਮਾਂ ਪੁਤ ਨੂੰ ਮੋਦੀ ਨੀ ਜੀਣ ਦਿੰਦਾ, ਨਿੱਤ ਤੋਹਮਤਾਂ ਲਾਉਂਦਾ, ਇਧਰ ਪੰਜਾਬ ਤੇ ਵਲੈਤੀ ਧਰਤੀ 'ਤੇ ਪੰਜਾਬੀ ਕੈਪਟਨ ਲਈ।ਪੱਲਾ ਘੁੱਟੀ ਬੈਠੇ ਆ ਅਤੇ ਵਿਚਾਰਾ ਪੰਜਾਬ ਦਾ ਅਗਲਾ ਕੈਪਟਨ ਲੋਕਾਂ ਦੇ ਵਿਵਹਾਰ ਨੂੰ ਵੇਖ ਕਿਸੇ ਸ਼ਇਰ ਦੀਆਂ ਇਹ ਸਤਰਾਂ ਗਾਉਣ ਜੋਗਾ ਹੀ ਰਹਿ ਗਿਆ, “ਇਉਂ ਨਾ ਤੂੰ ਫੇਰ ਅੱਖੀਆਂ, ਇਉਂ ਨਾ ਨਕਾਰ ਮੈਨੂੰ। ਕਵਿਤਾ ਜਰਾ ਮੈ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ”।
ਵੇ ਮੈਂ ਖੜੀ ਸੱਜਨ ਤੇਰੇ ਦੁਆਰ
ਖ਼ਬਰ ਹੈ ਕਿ ਇੱਕ ਦੂਜੇ ਉੱਤੇ ਤਿੱਖਾ ਸਿਆਸੀ ਹਮਲਾ ਬੋਲਣ ਵਾਲੇ ਬਾਬਾ ਰਾਮਦੇਵ ਅਤੇ ਲਾਲੂ ਪ੍ਰਸ਼ਾਦ ਯਾਦਵ, ਲੰਮੇ ਸਮੇਂ ਤੋਂ ਵਿੱਛੜੇ ਹੋਏ ਕਿਸੇ ਜਿਗਰੀ ਦੋਸਤ ਦੀ ਤਰਾਂ ਆਪਸ ਵਿੱਚ ਮਿਲੇ। ਇਸੇ ਦੌਰਾਨ ਦੋਨਾਂ ਦੇ ਵਿੱਚ ਹੱਸਣ ਹਸਾਉਣ ਤੇ ਸ਼ੂਗਲ ਕਰਨ ਤੋਂ ਇਹ ਬਿਲਕੁਲ ਵੀ ਨਹੀਂ ਸੀ ਲੱਗਾ ਰਿਹਾ ਸੀ ਕਿ ਦੋਨਾਂ ਦਰਮਿਆਨ ਕਦੇ ਛੱਤੀ ਦਾ ਅੰਕੜਾ ਸੀ। ਬਾਬਾ ਜੋਗੀ ਨੇ ਲਾਲੂ ਨੂੰ ਯੋਗ ਦੇ ਕੁਝ ਟਿਪਸ ਦਿਤੇ, ਉਨਾਂ ਦੀਆਂ ਗੱਲਾਂ ਉਤੇ ਕਰੀਮ ਲਗਾਈ ਤੇ ਕਿਹਾ ਕਿ ਉਹ ਉਨਾਂ ਨੂੰ ਬੁੱਢਾ ਨਹੀਂ ਹੋਣ ਦੇਣਗੇ। ਲਾਲੂ ਨੇ ਜਵਾਬ'ਚ ਕਿਹਾ ਕਿ ਲਾਲੂ ਦੀਆ ਗੱਲਾਂ ਤਾਂ ਪਹਿਲਾਂ ਹੀ ਲਾਲ ਹਨ। ਰਾਮਦੇਵ ਨੇ ਲਾਲੂ ਨੂੰ ਪਤੰਜਲੀ ਦੇ ਕਈ ਉਤਪਾਦਨਾਂ ਦਾ ਸੁਆਦ ਦਿਖਾਇਆ।
ਲਉ ਜੀ, ਦੇਖ ਲਉ, ਸਿਆਸਤ ਦੇ ਰੰਗ! 'ਚਾਰਾ ਘੁਟਾਲਾ' ਅਤੇ 'ਗੜਬੜ ਘੁਟਾਲਾ' ਹੋ ਗਏ ਇੱਕ! ਨਾ ਹੀ 'ਭਾਊ ਲਾਲੂ' ਕਿਸੇ ਤੋਂ ਡਰਦਾ, ਅਤੇ ਨਾ ਹੀ ਕੋਈ ਡਰ ਭੌਅ ਆ ਭਾਊ ਰਾਮਦੇਵ ਨੂੰ। ਦੋਵੇਂ ਨੰਗੇ ਧੜ ਸਿਆਸਤ ਕਰਨ ਵਾਲੇ ਆ। ਇੱਕ ਮੋਦੀ ਦਾ ਗੁਰੂ ਆ, ਦੂਜਾ ਮੋਦੀ ਦਾ ਵੈਰੀ। ਪਰ ਵਿਰੋਧੀ ਲਾਡਲਾ ਕਦੋਂ ਬਣ ਜਾਏ, ਇਹ ਲਾਲੂ ਤੋਂ ਵੱਧ ਹੋਰ ਕੌਣ ਜਾਣ ਸਕਦਾ, ਜਿਹੜਾ ਆਪਣੇ “ਨਤੀਸ਼” ਦਾ ਸੀ ਵੈਰੀ, ਉਹਦੇ ਨਾਲ ਜੱਫੀਆਂ ਪਾ ਬੈਠਾ ਆ ਤੇ ਹੁਣ ਭਾਈ ਕਿਤੇ'ਗੜਬੜ ਘੁਟਾਲੇ' ਦੀਆਂ ਔਸ਼ਧੀਆਂ ਖਾ ਕੇ ਮੋਦੀ ਦੇ ਗੁਣ ਨਾ ਗਾਉਣ ਲੱਗ ਜਾਏ ਲਾਲੂ! ਕਿਉਂਕਿ ਮੋਦੀ ਤਾਂ ਕਈ ਵੇਰ ਸੈਨਤਾਂ ਨਾਲ ਲਾਲੂ ਨੂੰ ਕਹਿ ਬੈਠਾ ਆ, “ਅੜੀ ਵੇ ਅੜੀ ਦੁੱਧ ਪੀ ਲੈ ਜਾਲਮਾਂ, ਮੈਂ ਤਾਂ ਕਦੋਂ ਦੀ ਖੜੀ” ।ਅਤੇ ਆਪਣਾ ਬਾਬਾ ਰਾਮਦੇਵ ਲਾਲੂ ਜੀ ਨੂੰ ਆਪਣੀ ਬਗਲ 'ਚ ਲੈਕੇ ਉਹਨੂੰ ਜਨਮ ਜਾਤ ਜੋਗੀ ਦਾ ਖਿਤਾਬ ਦੇਕੇ ਆਪਣੀ ਸ਼ਰਨ 'ਚ ਆਉਣ ਦਾ ਇਹ ਕਹਿਕੇ ਇੱਕ ਕਵੀ ਦੀਆਂ ਸੱਤਰਾਂ ਗਾਕੇ ਸੰਦੇਸ਼ਾ ਦੇ ਗਿਆ, “ਵੇ ਮੈਂ ਖੜੀ ਸਜਨ ਤੇਰੇ ਦੁਆਰ, ਝੋਲ ਤਕਦੀਰਾਂ। ਮੈਂ ਭਰੀ ਸੁੰਗਧੀਆਂ ਪੌਣ ਸਜਨ ਤੇਰੇ ਬੂਹੇ। ਵੇ ਤੂੰ ਇੱਕ ਵੇਰ ਤੱਕ ਲੈ ਕੌਣ ਸਜਨ ਤੇਰੇ ਬੂਹੇ” । ਲਾਲੂ, ਕਦੋਂ, ਬਾਬੇ ਰਾਮਦੇਵ ਦਾ ਪਾਵਰ ਵੀਟਾ ਪੀਕੇ ਅਤੇ ਕੁਸ਼ਤੇ ਖਾਕੇ “ਨਤੀਸ਼”ਨੂੰ ਧੋਬੀ ਪਟੜਾ ਮਾਰਦਾ ਆ, ਇਹਦਾ ਗਿਆਨ ਤਾਂ ਖੁਦ ਲਾਲੂ ਨੂੰ ਵੀ ਨਹੀਂ, ਉਂਜ ਭਾਈ ਲਾਲੂ ਦੇ ਪੁਰਾਣੇ “ਆਕਾ”ਮਾਂ ਪੁੱਤ ਸੋਨੀਆ ਰਾਹੁਲ ਗਾਂਧੀ ਲਾਲੂ ਦੀਆਂ ਕਰਮਾਤਾਂ ਤੋਂ ਹੱਕੇ ਬੱਕੇ ਜਿਹੇ ਰਹਿ ਗਏ ਆ” ।
ਕਿਥੋਂ ਵਿਹਲ ਆ ਜੀ ਸਾਨੂੰ ?
ਖਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਸਾਂਸਦਾਂ ਨੂੰ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਨੂੰ ਜੰਗੀ ਪੱਧਰ ਉਤੇ ਲੋਕਾਂ ਤੱਕ ਪਹੁੰਚਾਉਣ ਦਾ ਹੁਕਮ ਦਿੰਦਿਆਂ ਪੁਛਿਆ ਕਿ ਕੀ ਉਹ ਆਪੋ ਆਪਣੇ ਲੋਕ ਸਭਾ ਖੇਤਰਾਂ 'ਚ ਜਾਂਦੇ ਹਨ, ਲੋਕਾਂ ਨੂੰ ਮਿਲਦੇ ਹਨ ? ਮੋਦੀ ਨੇ ਕਿਹਾ ਕਿ ਗਰੀਬ ਲੋਕਾਂ ਦੇ ਵਿਕਾਸ ਕਰਨ ਅਤੇ ਉਨਾਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਕਈ ਯੋਜਨਾਵਾਂ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਹਨ। ਉਨਾਂ ਖਾਸ ਤੌਰ ਤੇ ਲੱਖਾਂ ਪ੍ਰੀਵਾਰਾਂ ਲਈ ਗੈਸ ਕੁਨੈਕਸ਼ਨ, ਬੇਟੀ ਪੜ•ਾਓ, ਸਵੱਛ ਭਾਰਤ ਜਿਹੇ ਸਫਲ ਅਭਿਆਨ ਚਾਲੂ ਕੀਤੇ ਜਾਣ ਦੀ ਚਰਚਾ ਕੀਤੀ।
'ਗੁਰੂ ਜੀਹਨਾ ਦੇ ਟੱਪਣੇ ਚੇਲੇ ਜਾਣ ਛੜੱਪ' ਦਾ ਪਾਠ ਪੜ ਚੁਕੇ ਭਾਜਪਾ ਸਾਂਸਦ ਭਾਈ ਜਾਣਦੇ ਆ ਕਿ ਮੋਦੀ ਭਾਈ ਬਾਹਲੇ ਹੀ ਤਿਕੜਮਬਾਜ਼ ਆ! ਨਿੱਤ ਨਵੀਂ ਸਕੀਮ ਆਪਣੇ ਝੋਲੇ'ਚੋਂ ਬਾਹਰ ਕੱਢਦੇ ਆ,ਉਹਦੀ ਰੱਤੀ ਮਾਸਾ ਪ੍ਰਚਾਰ, ਬੱਸ 'ਚ ਖਿਡੋਣੇ ਵੇਚਣ ਵਾਲਿਆਂ ਵਾਂਗਰ ਕਰਦੇ ਆ ਅਤੇ ਫਿਰ ਚੁੱਪ ਸਮਾਧੀ। ਅਗਲਾ ਖਿਡੋਣਾ ਵੇਚਣ ਲਈ ਪਹਿਲਾ ਸਬਰ ਸੰਤੋਖ, ਅਤੇ ਫਿਰ ਕਾਰਵਾਈਆਂ ਆਰੰਭ! ਇਵੇਂ ਹੀ ਭਾਈ ਕਰਦੇ ਆ ਭਾਜਪਾ ਸਾਂਸਦ, ਪੰਜ ਸਾਲਾਂ 'ਚ ਪੰਜ ਵੇਰ ਉਨਾਂ ਜਾਣਾ ਮਿਥਿਆ, ਆਪਣੇ ਹਲਕੇ 'ਚ ਸੰਸਦ ਬਨਣ ਤੋਂ ਬਾਅਦ! ਬਾਕੀ ਦਿਨ ਤਾਂ ਲੋਕਾਂ ਉਤੇ ਝੂਠੇ ਪਰਚੇ ਕਰਾਉਣ ਜਾਂ ਆਪਣੇ ਵਿਰੋਧੀਆਂ ਨੂੰ ਪਰਚਾਉਣ, ਮਿਲਦੀ ਗ੍ਰਾਂਟ ਨੂੰ ਹਜ਼ਮ ਕਰਨ ਲਈ 'ਮਾਹਰ' ਲੱਭਣ, ਪਰਿਵਾਰਾਂ ਦੋਸਤਾਂ ਸਮੇਤ ਪਹਾੜਾਂ ਦੀ ਸੈਰ ਕਰਨ, ਆਪਣਿਆਂ ਨਾਲ ਮਹਿਫਲ ਸਜਾਉਣ, ਲੱਠ-ਮਾਰਾਂ ਨਾਲ ਮੀਟਿੰਗਾਂ ਕਰਨ ਨੂੰ ਲੱਗ ਜਾਂਦਾ ਆ। ਤਦੋਂ ਤੱਕ ਚੋਣਾਂ ਆ ਜਾਦੀਆਂ ਆਂ। ਬਥੇਰਾ ਉਹ ਯਤਨ ਕਰਦੇ ਆ ਕਿ ਲੋਕਾਂ ਨੂੰ ਮਿਲਣ, ਉਨਾਂ ਨਾਲ ਗੱਲਾਂ ਕਰਨ, ਉਨਾਂ ਦੇ ਦੁੱਖ ਸੁਨਣ, ਪਰ ਕਿਥੋਂ ਵਿਹਲ ਆ ਜੀ ਉਨਾਂ ਨੂੰ। ਰਹਿੰਦੀ ਖੂੰਹਦੀ ਮੋਦੀ ਜੀ ਹੀ ਵਿਹਲ ਨਹੀਂ ਲੱਗਣ ਦਿੰਦੇ, ਅਖੇ ਪੜੋ,“ਸਵੱਛ ਭਾਰਤ ਕੀ ਆ ? ਮੇਕ ਇਨ ਇੰਡੀਆ ਕਿਹੜੀ ਬਲਾ ਆ ? ਸਮਾਰਟ ਸਿਟੀ ਕੀਹਨੂੰ ਆਂਹਦੇ ਆ ? ਡਿਜ਼ਟਲ ਇੰਡੀਆ ਸਾਡਾ ਕੀ ਸਵਾਰੂ ?” ਸਾਂਸਦਾਂ ਦੀਆਂ ਤਾਂ ਅੱਖਾਂ ਪੱਕ ਗਈਆਂ, ਕੰਨ ਬੋਲੇ ਹੋ ਗਏ ਆ ਗੁਰੁ ਮੋਦੀ ਦੀਆਂ ਗੱਲਾਂ ਸੁਣਦਿਆਂ ਪੜਦਿਆਂ, ਉਹ ਆਪ ਤਾਂ ਛੜੇ ਛਟਾਂਕ ਆ, ਨਾ ਦਿਨੇ ਸੌਂਦੇ ਆ ਨਾ ਰਾਤ। ਸੰਸਦ ਤਾਂ ਟੱਬਰਾਂ ਟੀਹਰਾਂ ਵਾਲੇ ਆ ਰੋਟੀ ਟੁੱਕ, ਟੱਬਰਾਂ ਦਾ ਲਾਡ ਮਲਾਰ ਵੀ ਕਰਨਾ ਹੋਇਆ, ਤਦੇ ਆਖ ਦਿੰਦੇ ਆ, ਕਿਥੋਂ ਵਿਹਲ ਆ ਜੀ ਸਾਨੂੰ ?
ਨਹੀਂ ਰੀਸਾਂ, ਬਈ ਨਹੀਂ ਰੀਸਾਂ
ਖ਼ਬਰ ਹੈ ਕਿ ਸਾਲ 2012 ਤੋਂ ਫਰਵਰੀ 2016 ਤੱਕ ਦੇ ਚਾਰ ਵਰਿਆਂ ਵਿੱਚ ਪੰਜਾਬ ਸਰਕਾਰ ਦਾ ਹਵਾਈ ਯਾਤਰਾਵਾਂ ਦਾ ਖਰਚ ਲਗਭਗ 50 ਕਰੋੜ ਬਣਦਾ ਹੈ। ਪੰਜਾਬ ਸਰਕਾਰ ਨੇ ਆਪਣਾ ਇੱਕ ਹੈਲੀਕਾਪਟਰ 38 ਕਰੋੜ 'ਚ ਖਰੀਦਿਆ, ਜੋ ਇਸ 50 ਕਰੋੜ ਖਰਚੇ ਤੋਂ ਵੱਖਰਾ ਹੈ। ਆਰ ਟੀ ਆਈ ਸੂਚਨਾ ਤਹਿਤ ਮੁਖਮੰਤਰੀ, ਉਪ ਮੁਖਮੰਤਰੀ, ਤੋਂ ਬਿਨਾਂ ਪੰਜਾਬ ਦੇ ਮੰਤਰੀਆਂ ਵਿਚੋਂ ਸਰਕਾਰੀ ਝੂਟੇ ਲੈਣ ਵਿਚ ਆਦੇਸ਼ ਪ੍ਰਤਾਪ ਸਿੰਘ, ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਵੀ ਸ਼ਾਮਲ ਹਨ। ਜੇਤਲੀ ਤੇ ਹੋਰ ਕੇਂਦਰੀ ਮੰਤਰੀ ਨਿੱਜੀ ਸਫਰ ਪੰਜਾਬ ਸਰਕਾਰ ਦੇ ਹਵਾਈ ਜਹਾਜ਼ ਤੇ ਕਰਦੇ ਰਹੇ। ਇਹ ਖਰਚਾ ਪ੍ਰਤੀ ਮਹੀਨਾ ਇੱਕ ਕਰੋੜ ਬਣਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਸੰਸਦੀ ਸਕੱਤਰਾਂ ਦੀਆਂ ਕਾਰਾਂ ਦਾ ਕੁਲ ਤੇਲ ਖਰਚਾ ਵੀ ਪ੍ਰਤੀ ਮਹੀਨਾ ਲਗਭਗ ਇੱਕ ਕਰੋੜ ਬਣਦਾ ਹੈ।
ਵੇਖੋ ਨਾ ਜੀ, ਪੰਜਾਬ ਲਈ ਸਾਰਾ ਸਾਰਾ ਦਿਨ, ਸਾਰੀ ਸਾਰੀ ਰਾਤ ਕੰਮ ਕਰਦੇ ਆ, ਮੰਤਰੀ! ਜ਼ਹਾਜ਼ ਉਤੇ ਚਾਰ ਝੂਟੇ-ਹੂਟੇ ਲੈ ਲਏ ਤਾਂ ਕਿਹੜੀ ਗੱਲ ਆ? ਨਹੀਂ ਟਿੱਕਣ ਦਿੰਦੇ ਲੋਕ? ਐਂਵੇ ਮੰਤਰੀਆਂ, ਨੇਤਾਵਾਂ ਨੂੰ ਬਦਨਾਮ ਕਰੀ ਜਾਂਦੇ ਆ। ਕੀ ਕਰਨ ਵਿਚਾਰੇ ਮੰਤਰੀ, ਨੇਤਾ, ਖਰਚੇ ਹੀ ਬਹੁਤ ਵੱਧ ਗਏ ਆ। ਟੱਬਰਾਂ ਦਾ ਟੌਹਰ-ਸ਼ੌਹਰ, ਟਸ਼ਨ-ਮਸ਼ਨ ਕਾਇਮ ਰੱਖਣਾ ਹੋਇਆ। ਸੂਬੇ, ਹਲਕੇ ਦੇ ਗੇੜੇ-ਛੇੜੇ ਲਾਉਣੇ ਹੋਏ, ਕੰਮ ਤਾਂ ਮੰਤਰੀਆਂ ਜਾਂ ਪਾਰਲੀਮਾਨੀ ਸਕੱਤਰਾਂ ਕੋਲ ਹੈ ਕੋਈ ਨਹੀਂ; ਫਿਰ ਵੀ ਭਾਈ ਹਮਾਇਤੀਆਂ ਨੂੰ ਤਾਂ ਦੱਸਣਾ ਹੀ ਹੋਇਆ ਕਿ ਭਾਈ ਸਾਡੀ ਚਲਦੀ ਬਹੁਤ ਆ। ਮੁਖਮੰਤਰੀ, ਉਪ-ਮੁਖਮੰਤਰੀ ਉਨਾਂ ਨੂੰ ਪੁੱਛੇ ਬਿਨਾਂ ਪੈਰ ਨਹੀਉਂ ਪੁੱਟਦੇ। ਨਹੀਂ ਤਾਂ ਅਗਲੀ ਚੋਣ ਕਿਵੇਂ ਜਿੱਤਣੀ ਆਂ? ਸਾਰੇ ਹਾਕੀ ਸਟਿੱਕ ਵਾਲੇ ਪ੍ਰਗਟ ਸਿੰਘ ਵਰਗੇ ਤਾਂ ਹੈ ਨਹੀਂ; ਜਿਹੜਾ ਕੁਰਸੀ ਨੂੰ ਵੀ ਹਿੱਟ ਕਰਦਾ ਤੁਰਿਆ ਜਾ ਰਿਹਾ, ਉਹਨੂੰ ਪੁੱਛੇ ਕੋਈ ਭਲੇਮਾਣਸ ਨੂੰ ਬਈ ਕੁਰਸੀ ਲੈ ਲਾ, ਬਹਿਕੇ ਉਹਦੇ ਉਤੇ ਲਾ ਜ਼ੋਰ ਨਾਲ ਹਿੱਟ ਸਟਿੱਕ ਨਾਲ ਤੇ ਕਰਦੇ ਗੋਲ ਸਿੱਧਾ ਮੁਖਮੰਤਰੀ ਦੇ ਗੋਲਾਂ 'ਚ! ਪਰ ਅੱਥਰਾ ਆ, ਕਾਹਨੂੰ ਮੰਨਦਾ! ਬਾਕੀ ਭਾਈ ਨਹੀਂ ਰੀਸਾਂ ਸਾਡੇ ਮੰਤਰੀਆਂ ਦੀਆਂ। ਸ਼ਹਿਨਸ਼ਾਹ ਆ, ਸ਼ਹਿਨਸ਼ਾਹ ਵਰਗੇ ਖਰਚੇ ਆ, ਵੱਡਿਆਂ ਦੀਆਂ ਭਾਈ ਵੱਡੀਆਂ ਗੱਲਾਂ, ਨਹੀਂ ਰੀਸਾਂ ਭਾਈ ਨਹੀਂ ਰੀਸਾਂ। ਨੇਤਾ ਤਾਂ ਮੂੰਹ 'ਚ ਸੋਨੇ ਦਾ ਚਮਚਾ ਲੈ ਕੇ ਜੰਮਦੇ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ !
ਸਾਡੇ ਦੇਸ਼ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ ਪਰ ਪਿਛਲੇ ਦਸ ਸਾਲਾਂ ਵਿੱਚ 60 ਸਾਲ ਦੀ ਉਮਰ ਤੋਂ ਵੱਡੇ ਬਜੁਰਗਾਂ ਦੀ ਗਿਣਤੀ 'ਚ 35% ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਦਹਾਕੇ 'ਚ 2.7 ਕਰੋੜ ਬਜ਼ੁਰਗ ਦੇਸ਼ ਦੀ ਜਨਸੰਖਿਆ ਵਿਚ ਵਧੇ।.
ਦੇਸ਼ ਦੇ ਸਿਰਫ 3.8% ਲੋਕ ਹੀ ਆਪਣੀ ਆਮਦਨ ਉਤੇ ਟੈਕਸ ਦਿੰਦੇ ਹਨ। ਦੇਸ਼ ਦੇ ਕੁਲ 4.8 ਕਰੋੜ ਲੋਕਾਂ ਨੇ ਅਸੈਸਮੈਂਟ ਸਾਲ 2014-15 ਵਿਚ ਆਮਦਨ ਟੈਕਸ ਦਿਤਾ।.
ਇੱਕ ਵਿਚਾਰ
ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਨਸ਼ਟ ਕਰ ਲਿਆ ਤਾਂ ਸਾਡੇ ਕੋਲ ਕੋਈ ਸਮਾਜ ਨਹੀਂ ਬਚੇਗਾ।
[ਮਾਰਗਰੇਟ ਮੀਡ]
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.