ਕਦੋਂ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ’ਚ ਮਿਲਣੀ ਤੇ ਸੁਲ੍ਹਾ-ਸਫਾਈ ?
ਚੰਡੀਗੜ੍ਹ, 20 ਜੁਲਾਈ, 2021: ਕਾਂਗਰਸ ਹਾਈ ਕਮਾਂਡ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੁੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੇ ਜਾਣ ਤੋਂ ਦੋ ਦਿਨ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਸੁਲ੍ਹਾ ਸਫਾਈ ਜਾਂ ਸਮਝੌਤੇ ਦੀ ਕੋਈ ਖਬਰ ਨਹੀਂ ਹੈ ।
ਮੁੱਖ ਮੰਤਰੀ, ਘੱਟ ਤੋਂ ਘੱਟ 10 ਕੈਬਨਿਟ ਮੰਤਰੀਆਂ ਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਤੋਂ ਇਲਾਵਾ ਅੱਧੇ ਵਿਧਾਇਕਾਂ ਨੇ ਹਾਲੇ ਤੱਕ ਨਵਜੋਤ ਸਿੱਧੂ ਨੁੰ ਪ੍ਰਧਾਨ ਬਣਨ ’ਤੇ ਵਧਾਈ ਤੱਕ ਨਹੀਂ ਦਿੱਤੀ। ਜਿਥੇ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਖਿਲਾਫ ਆਪਣੇ ਸਟੈਂਡ ’ਤੇ ਕਾਇਮ ਹਨ, ਉਥੇ ਹੀ ਨਵਜੋਤ ਸਿੱਧੂ ਨੇ ਵੀ ਹਾਲੇ ਤੱਕ ਇਸ ਮਾਮਲੇ ਵਿਚ ਆਪਣੇ ਪੱਤੇ ਨਹੀਂ ਖੋਲ੍ਹੇ।
ਭਾਵੇਂ ਕਾਂਗਰਸ ਦੇ ਕੁਝ ਕੁ ਆਗੂ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਰਾਉਣ ਲਈ ਯਤਨ ਕਰ ਰਹੇ ਹਨ ਪਰ ਹਾਲ ਦੀ ਘੜੀ ਤੱਕ ਪੰਜਾਬ ਕਾਂਗਰਸ ਦਾ ਸੰਕਟ ਖਤਮ ਨਹੀਂ ਹੋਇਆ।
ਇਹ ਵੀ ਸਮਝਿਆ ਜਾਂ ਰਿਹਾ ਹੈ ਕੀ ਅੰਮ੍ਰਿਤਸਰ ਤੋਂ ਪਰਤ ਕੇ ਸ਼ਾਇਦ ਦੋਵਾਂ ਵਿਚਕਾਰ ਮਿਲਣੀ ਦਾ ਕੋਈ ਰਾਹ ਖੁੱਲ੍ਹੇ ।