ਵਿਜੇ ਸਿੰਗਲਾ ਮਾਮਲਾ: ਹੱਟੀ ਭੱਠੀ ਤੇ ਚੱਲੀਆਂ ਮਾਮੇ ਭਾਣਜੇ ਦੀਆਂ ਗੱਲਾਂ
ਅਸ਼ੋਕ ਵਰਮਾ
ਬਠਿੰਡਾ,25ਮਈ2022:ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮਾਨਸਾ ਹਲਕੇ ਤੋਂ ਵਿਧਾਇਕ ਵਿਜੇ ਸਿੰਗਲਾ ਅਤੇ ਉਸ ਦੇ ਓ ਐਸ ਡੀ ਪ੍ਰਦੀਪ ਬਾਂਸਲ ਵਾਸੀ ਬਠਿੰਡਾ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਪ੍ਰਦੀਪ ਦੀ ਰਿਹਾਇਸ਼ ਤੇ ਹੀ ਨਹੀਂ ਬਲਕਿ ਉਸ ਦੇ ਘਰ ਦੇ ਆਲੇ ਦੁਆਲੇ ਵੀ ਭੇਦ ਭਰੀ ਚੁੱਪ ਦਾ ਪਸਾਰਾ ਹੈ। ਇਸ ਇਲਾਕੇ ’ਚ ਤਾਂ ਕੋਈ ਵੀ ਇਸ ਮਾਮਲੇ ਨੂੰ ਲੈਕੇ ਕੁੱਝ ਬੋਲਣ ਨੂੂੰ ਵੀ ਤਿਆਰ ਨਹੀਂ ਹੋਇਆ ਹੈ। ਇਸ ਭ੍ਰਿਸ਼ਟਾਚਾਰ ਕਾਂਡ ਨੂੰ ਲੈਕੇ ਬਠਿੰਡਾ ਦੇ ਵੱਖ ਵੱਖ ਹਲਕਿਆਂ ’ਚ ਭਾਂਤ ਭਾਂਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪ੍ਰਦੀਪ ਬਾਂਸਲ ਵਿਜੇ ਸਿੰਗਲਾ ਦਾ ਸਕਾ ਭਾਣਜਾ ਹੈ ਅਤੇ ਬਠਿੰਡਾ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ।
ਪ੍ਰਦੀਪ ਬਾਂਸਲ ਦੀ ਕਪਾਹ ਮੰਡੀ ਦੇ ਨਜ਼ਦੀਕ ਪਲਾਈ ਵੁੱਡ ਵਗੈਰਾ ਦੀ ਦੁਕਾਨ ਹੈ ਜੋ ਗ੍ਰਿਫਤਾਰੀ ਤੋਂ ਬਾਅਦ ਬੰਦ ਪਈ ਹੈ। ਸੂਤਰ ਦੱਸਦੇ ਹਨ ਕਿ ਪ੍ਰਦੀਪ ਯੂਨੀਕ ਆਈ ਟੀ ਆਈ ਵੀ ਚਲਾ ਰਿਹਾ ਹੈ ਜਿਸ ’ਚ ਉਹ ਸਾਈਲੈਂਟ ਪਾਰਟਨਰ ਹੈ। ਪ੍ਰਦੀਪ ਬਾਂਸਲ ਦਾ ਭਰਾ ਕੇਵਲ ਜਿੰਦਲ ਵੀ ਉਸ ਦੇ ਕਾਰੋਬਾਰ ਵਿੱਚ ਸਹਿਯੋਗੀ ਹੈ। ਪ੍ਰਦੀਪ ਬਾਂਸਲ ਦੀ ਦੁਕਾਨ ਪੀ ਐਮ ਇੰਟਰਪਰਾਈਜਜ਼ ਦੇ ਆਲੇ ਦੁਆਲੇ ਪੈਂਦੀਆਂ ਦੁਕਾਨਾਂ ਵਾਲੇ ਇਸ ਮੁੱਦੇ ਤੇ ਖੁਦ ਬਹੁਤੀ ਗੱਲ ਕਰਨ ਨੂੰ ਤਾਂ ਤਿਆਰ ਨਹੀਂ ਹੋਏ ਪਰ ਪੁੱਛਣ ’ਚ ਜਿਆਦਾ ਦਿਲਚਸਪੀ ਦਿਖਾਈ ਜਾ ਰਹੀ ਹੈ। ਕਾਫੀ ਜੋਰ ਪਾਉਣ ਤੋ ਬਾਅਦ ਇੱਕ ਦੁਕਾਨਦਾਰ ਨੇ ਦੱਸਿਆ ਕਿ ਪ੍ਰਦੀਪ ਬਾਂਸਲ ਆਮ ਕਾਰੋਬਾਰੀਆਂ ਵਾਂਗ ਦੁਕਾਨਦਾਰੀ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਮਾਮੇ ਸਿਹਤ ਮੰਤਰੀ ਨੇ ਉਸ ਨੂੰ ਆਪਣਾ ਓ ਐਸ ਡੀ ਬਣਾ ਲਿਆ ਜਿਸ ਤੋਂ ਬਾਅਦ ਉਸ ਦੇ ਰਹਿਣ ਸਹਿਣ ਦੇ ਢੰਗ ’ਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਿਜੇ ਸਿੰਗਲਾ ਨੂੰ ਵਜ਼ਾਰਤ ਵਿੱਚੋਂ ਹਟਾਉਣ ਤੋਂ ਬਾਅਦ ਹੋਈ ਮਾਮੇ ਭਾਣਜੇ ਦੀ ਗ੍ਰਿਫਤਾਰੀ ਮਗਰੋਂ ਦੁਕਾਨ ਬੰਦ ਪਈ ਹੈ। ਲੋਕ ਆਖਦੇ ਹਨ ਕਿ ਪਹਿਲਾਂ ਵਾਲੇ ਕਾਰ ਵਿਹਾਰ ਨੂੰ ਦੇਖਦਿਆਂ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਮਾਮੇ ਨਾਲ ਮਿਲਕੇ ਉਹ ਐਨਾ ਵੱਡਾ ਕਾਰਾ ਕਰ ਦੇਵੇਗਾ। ਹੋਰ ਵੀ ਕਈ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਜਾਹਰ ਕਰਨ ਤੋਂ ਪੂਰੀ ਤਰਾਂ ਗੁਰੇਜ਼ ਕੀਤਾ।
ਸਿਰਫ ਐਨਾ ਹੀ ਕਿਹਾ ਕਿ ਮੰਤਰੀ ਦਾ ਭਾਣਜਾ ਅਤੇ ਓਐਸਡੀ ਹੋਣ ਕਰਕੇ ਉਸ ਕੋਲ ਆਉਣ ਜਾਣ ਵਾਲਿਆਂ ਦੀ ਗਿਣਤੀ ਵਧ ਗਈ ਸੀ ਪਰ ਜਦੋਂ ਉਹ ਚੰਡੀਗੜ੍ਹ ਚਲਾ ਗਿਆ ਤਾਂ ਉਸ ਮਗਰੋਂ ਕੀ ਹੋਇਆ ਉਹ ਕੁੱਝ ਵੀ ਨਹੀਂ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਅਤੇ ਮਾਮੇ ਭਾਣਜੇ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਵੀ ਉਨ੍ਹਾਂ ਨੇ ਟੈਲੀਵਿਯਨ ਤੇ ਸੁਣੀਆਂ ਹਨ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਮੌਕੇ ਪ੍ਰਦੀਪ ਬਾਂਸਲ ਆਪਣੇ ਮਾਮੇ ਵਿਜੇ ਸਿੰਗਲਾ ਦੀ ਚੋਣ ਮੁਹਿੰਮ ਦੇਖਣ ਲਈ ਮਾਨਸਾ ਪੁੱਜਿਆ ਸੀ ਜਿੱਥੇ ਉਸ ਨੂੰ ਭੀਖੀ ਹਲਕੇ ਦਾ ਇੰਚਾਰਜ ਬਣਾ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੀ ਹਵਾ ਕਾਰਨ ਵਿਜੇ ਸਿੰਗਲਾ ਨੇ ਪੰਜਾਬ ’ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਜਦੋਂ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਦਾ ਅਹੁਦਾ ਮਿਲਿਆ ਤਾਂ ਪ੍ਰਦੀਪ ਬਾਂਸਲ ਨੂੰ ਉਸ ਨੇ ਆਪਣੇ ਓ ਐਸ ਡੀ ਬਣਾ ਲਿਆ। ਇਸ ਤੋਂ ਬਾਅਦ ਦੋਵੇਂ ਭਰਾ ਚੰਡੀਗੜ੍ਹ ਸ਼ਿਫਟ ਹੋ ਗਏ ਅਤੇ ਬਠਿੰਡਾ ’ਚ ਸਿਰਫ ਉਨ੍ਹਾਂ ਦੇ ਪ੍ਰੀਵਾਰਕ ਮੈਂਬਰ ਹੀ ਰਹਿੰਦੇ ਹਨ। ਦੱਸਣਯੋਗ ਹੈ ਕਿ ਵਿਜੇ ਸਿੰਗਲਾ ਦੇ ਦੋ ਭੈਣਾਂ ਹਨ ਜਿੰਨ੍ਹਾਂ ਵਿੱਚੋਂ ਦੂਸਰੀ ਭੈਣ ਦਾ ਲੜਕਾ ਗਰੀਸ਼ ਕੁਮਾਰ ਵੀ ਵਿਜੇ ਸਿੰਗਲਾ ਦਾ ਓ ਐਸ ਡੀ ਹੈ। ਡਾਕਟਰ ਗਰੀਸ਼ ਕੁਮਾਰ ਬਠਿੰਡਾ ’ਚ ਡੈਂਟਲ ਹੈਲਥ ਅਫਸਰ ਵਜੋਂ ਵੀ ਤਾਇਨਾਤ ਰਿਹਾ ਹੈ ਜੋ ਪਿੱਛੋਂ ਚੰਡੀਗੜ੍ਹ ਚਲਾ ਗਿਆ ਸੀ।
ਖੁਫੀਆ ਵਿੰਗ ਨੇ ਨਿਗਰਾਨੀ ਵਧਾਈ
ਭਾਵੇਂ ਪ੍ਰਦੀਪ ਬਾਂਸਲ ਆਪਣੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ ਪਰ ਉਸ ਦੇ ਪਿਛੋਕੜ ਜਾਂ ਫਿਰ ਨੇੜਲਿਆਂ ਦੀ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਦੇ ਖੁਫੀਆ ਵਿੰਗ ਨੇ ਨਿਗਰਾਨੀ ਵਧਾ ਦਿੱਤੀ ਹੈ। ਅੱਜ ਵੀ ਕੁੱਝ ਲੋਕਾਂ ਨੇ ਦੱਸਿਆ ਕਿ ਸਾਦੇ ਕੱਪੜਿਆਂ ’ਚ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਅੱਜ ਦੋ ਤਿੰਨ ਵਾਰ ਪ੍ਰਦੀਪ ਬਾਂਸਲ ਦੀ ਦੁਕਾਨ ਵਾਲੇ ਪਾਸੇ ਗੇੜਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦੇਖਣ ਨੂੰ ਤਾਂ ਪੁਲਿਸ ਵਾਲੇ ਹੀ ਜਾਪਦੇ ਸਨ ਅਤੇ ਉਨ੍ਹਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ।
ਫੇਸਬੁੱਕ ਤੇ ਛਾਇਆ ਮਾਮਾ ਭਾਣਜਾ
ਹਾਲਾਂਕਿ ਇਹ ਗੱਲ ਸਹੀ ਹੈ ਜਾਂ ਗਲ੍ਹਤ ਪਰ ਅਕਸਰ ਲੋਕ ਆਖਦੇ ਹਨ ਕਿ ਜੇਕਰ ਮੀਂਹ ਪਵੇ ਤਾਂ ਮਾਮਾ ਭਾਣਜਾ ਇਕੱਠੇ ਨਹੀਂ ਹੁੰਦੇ ਕਿਉਂਕਿ ਮਿੱਥ ਮੁਤਾਬਕ ਉਨ੍ਹਾਂ ਤੇ ਅਸਮਾਨੀ ਬਿਜਲੀ ਡਿੱਗ ਪੈਂਦੀ ਹੈ। ਇਨ੍ਹਾਂ ਤੱਥਾਂ ਨੂੰ ਲੈਕੈ ਫੇੇਸਬੁੱਕ ਮਾਮੇ ਅਤੇ ਭਾਣਜੇ ਦੇ ਰਿਸ਼ਤੇ ਸਬੰਧੀ ਅੱਜ ਵੱਡੀ ਪੱਧਰ ਤੇ ਚਰਚਾ ਦਾ ਅਖਾੜਾ ਬਣੀ ਹੋਈ ਹੈ। ਲੋਕ ਟਿੱਪਣੀਆਂ ਕਰ ਰਹੇ ਹਨ ਕਿ ਮਾਮਾ ਭਾਣਜਾ ਇਕੱਠੇ ਹੋਏ ਤਾਂ ਵਿਜੇ ਸਿੰਗਲਾ ਰਗੜਿਆ ਗਿਆ। ਇੱਕ ਸਾਬਕਾ ਰੇਲ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਾਣਜਿਆਂ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨ ਬਾਰੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ।