Political Exclusive News: ਸਿਆਸੀ ਭਜਨ ਬੰਦਗੀ ਤੋਂ ਵਾਂਝਾ ਰਿਹਾ ਭਜਨ ਲਾਲ ਦਾ ਕਿਲਾ ਆਦਮਪੁਰ
ਅਸ਼ੋਕ ਵਰਮਾ
ਚੰਡੀਗੜ੍ਹ, 21 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਦੀਆਂ ਤਾਜਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ 56 ਸਾਲ ਬਾਅਦ ਰਾਜਨੀਤੀ ’ਚ ਆਇਆ ਰਾਮ ਗਿਆ ਰਾਮ ਦੀ ਵੱਡੀ ਇਬਾਰਤ ਲਿਖਣ ਵਾਲੇ ਚੌਧਰੀ ਭਜਨ ਲਾਲ ਦਾ ਹੁਣ ਤੱਕ ਅਭੇਦ ਰਿਹਾ ਸਿਆਸੀ ਕਿਲਾ ਆਦਮਪੁਰ ਢਾਹੁਣ ’ਚ ਸਫਲ ਹੋਈ ਹੈ। ਇਸ ਤੋਂ ਪਹਿਲਾਂ ਹਾਲਾਤ ਕਿਹੋ ਜਿਹੇ ਵੀ ਰਹੇ ਹੋਣ ਇਸ ਹਲਕੇ ’ਚ ਚੌਧਰੀ ਭਜਨ ਲਾਲ ਜਾਂ ਉਨ੍ਹਾਂ ਦੇ ਪ੍ਰੀਵਾਰ ਦੀ ਤੂਤੀ ਬੋਲਦੀ ਆ ਰਹੀ ਸੀ।
ਹਰਿਆਣਾ ਦੀ ਰਾਜਨੀਤੀ ’ਚ ਇਕਲੌਤਾ ਆਦਮਪੁਰ ਵਿਧਾਨ ਸਭਾ ਹਲਕਾ ਅਜਿਹਾ ਹੈ ਜਿੱਥੇ ਭਜਨ ਲਾਲ ਪ੍ਰੀਵਾਰ ਦੇ 4 ਮੈਂਬਰ 16 ਵਾਰ ਵਿਧਾਇਕ ਬਣਨ ’ਚ ਸਫਲ ਹੋਏ ਸਨ ਜੋਕਿ ਆਪਣੇ ਆਪ ’ਚ ਇੱਕ ਰਿਕਾਰਡ ਹੈ। ਇੱਥੋਂ ਤੱਕ ਕਿ 1987 ’ਚ ਚੌਧਰੀ ਦੇਵੀ ਲਾਲ ਦੇ ਹੱਕ ’ਚ ਚੱਲੀ ਜਬਰਦਸਤ ਲਹਿਰ ਦੌਰਾਨ ਕਾਂਗਰਸ ਨੂੰ 90 ਸੀਟਾਂ ਚੋਂ ਸਿਰਫ ਪੰਜ ’ਚ ਹੀ ਜਿੱਤ ਹਾਸਲ ਹੋਈ ਸੀ ਪਰ ਉਸ ਵਕਤ ਭਜਨ ਲਾਲ ਆਪਣਾ ਸਿਆਸੀ ਗੜ੍ਹ ਆਦਮਪੁਰ ਬਚਾਉਣ ’ਚ ਸਫਲ ਰਹੇ ਸਨ।
ਇਸ ਲੰਮੇ ਅਰਸੇ ਦੌਰਾਨ ਭਜਨ ਲਾਲ ਦੀ ਪਤਨੀ ਜਸਮਾਂ ਦੇਵੀ ਵੀ ਆਦਮਪੁਰ ਤੋਂ ਵਿਧਾਇਕ ਚੁਣੀ ਗਈ ਸੀ। ਹੁਣ 56 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਸਾਲ 2024 ’ਚ ਭਜਨ ਲਾਲ ਦੇ ਪ੍ਰੀਵਾਰ ਨੂੰ ਆਪਣੇ ਹੀ ਗੜ੍ਹ ਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇੰਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਦਰ ਪ੍ਰਕਾਸ਼ ਨੇ ਭਜਨ ਲਾਲ ਦੇ ਪੋਤਰੇ ਅਤੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਾਰਤ ਜੰਤਾ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਭਵਿਆ ਬਿਸ਼ਨੋਈ ਨੂੰ 1268 ਵੋਟਾਂ ਦੇ ਫਰਕ ਨਾਲ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈ। ਮਾਮੂਲੀ ਜਿਹੀਆਂ ਵੋਟਾਂ ਦੇ ਫਰਕ ਨਾਲ ਹੋਈ ਹਾਰ ਨੂੰ ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੇ ਪ੍ਰੀਵਾਰ ਲਈ ਵੱਡਾ ਸਿਆਸੀ ਸਦਮਾ ਮੰਨਿਆ ਜਾ ਰਿਹਾ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਸਾਲ 2022 ’ਚ ਭਵਿਆ ਬਿਸ਼ਨੋਈ ਨੇ ਇਸ ਹਲਕੇ ਤੋਂ ਚੰਦਰ ਪ੍ਰਕਾਸ਼ ਨੂੰ 15 ਹਜ਼ਾਰ 740 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਹਰਿਆਣਾ ਦਾ ਇਹ ਇਕੱਲਾ ਹਲਕਾ ਹੈ ਜਿੱਥੋਂ ਭਜਨ ਲਾਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਮਾਂ ਦੇਵੀ, ਪੁੱਤਰ ਕੁਲਦੀਪ ਬਿਸ਼ਨੋਈ, ਨੂੰਹ ਰੇਣੂਕਾ ਬਿਸ਼ਨੋਈ ਅਤੇ ਪੋਤਰਾ ਭਵਿਆ ਬਿਸ਼ਨੋਈ ਵਿਧਾਇਕ ਚੁਣੇ ਗਏ ਸਨ। ਦੱਸਣਯੋਗ ਹੈ ਕਿ ਚੌਧਰੀ ਭਜਨ ਲਾਲ ਸਾਲ 1968 ’ਚ ਆਦਮਪੁਰ ਹਲਕੇ ਤੋਂ ਵਿਧਾਇਕ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ1972,1977,1982,1991,1996,2000,2005 ਤੋਂ ਇਲਾਵਾ 2008 ਦੀ ਜਿਮਨੀ ਚੋਣ ਦੌਰਾਨ 71 ਹਜ਼ਾਰ 81 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਸਾਲ 1987 ਦੌਰਾਨ ਲੋਕ ਦਲ ਦੀ ਲਹਿਰ ਦੌਰਾਨ ਆਦਮਪੁਰ ਹਲਕੇ ਤੋਂ ਭਜਨ ਲਾਲ ਦੀ ਧਰਮਪਤਨੀ ਜਸਮਾਂ ਦੇਵੀ ਵਿਧਾਇਕ ਬਣਨ ’ਚ ਸਫਲ ਹੋਈ ਸੀ। ਸਾਲ 1998 ਦੀ ਜਿਮਨੀ ਚੋਣ ਮੌਕੇ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਵਿਧਾਨ ਸਭਾ ’ਚ ਦਾਖਲ ਹੋਇਆ ਜਦੋਂਕਿ ਸਾਲ 2009 ’ਚ ਹਰਿਆਣਾ ਜਨਹਿੱਤ ਕਾਂਗਰਸ ਦੀ ਟਿਕਟ ਤੇ ਕਾਂਗਰਸ ਦੇ ਜੈਪ੍ਰਕਾਸ਼ ਨੂੰ ਹਰਾਇਆ।ਸਾਲ 2014 ’ਚ ਇੰਡੀਅਨ ਲੋਕ ਦਲ ਦੇ ਉਮੀਦਵਾਰ ਕੁਲਦੀਪ ਬੈਨੀਵਾਲ ਅਤੇ ਸਾਲ 2019 ’ਚ ਭਾਜਪਾ ਉਮੀਦਵਾਰ ਸੋਨਾਲੀ ਫੌਗਾਟ ਨੂੰ ਚਿੱਤ ਕੀਤਾ।
ਜਿਮਨੀ ਚੋਣਾਂ ’ਚ ਲੱਗੀ ਲਾਟਰੀ
ਆਦਮਪੁਰ ਵਿਧਾਨ ਸਭਾ ਹਲਕੇ ਦੀਆਂ ਜਿਮਨੀ ਚੋਣਾਂ ਵੀ ਭਜਨ ਲਾਲ ਪ੍ਰੀਵਾਰ ਲਈ ਸਫਲਤਾ ਦੇ ਦਰਵਾਜੇ ਖੋਹਲਣ ਵਾਲੀਆਂ ਸਾਬਤ ਹੋਈਆਂ ਹਨ। ਸਾਲ 1998 ’ਚ ਹੋਈ ਜਿਮਨੀ ਚੋਣ ਕੁਲਦੀਪ ਬਿਸ਼ਨੋਈ ਲਈ ਭਾਗਾਂ ਵਾਲੀ ਸਾਬਤ ਹੋਈ ਜਦੋਂ ਉਹ ਪਹਿਲੀ ਵਾਰ ਵਿਧਾਇਕ ਬਣਿਆ । ਸਾਲ 2011 ਦੀ ਜਿਮਨੀ ਚੋਣ ਸਹਾਰੇ ਕੁਲਦੀਪ ਬਿਸ਼ਨੋਈ ਦੀ ਪਤਨੀ ਰੇਣੂਕਾ ਬਿਸ਼ਨੋਈ ਰਾਜਨੀਤੀ ’ਚ ਦਾਖਲ ਹੋਈ ਅਤੇ ਕਿਸਮਤ ਨਾਲ ਵਿਧਾਇਕ ਚੁਣੀ ਗਈ। ਇਸ ਵਾਰ ਦੀਆਂ ਚੋਣਾਂ ਦੌਰਾਨ ਹਾਰਨ ਵਾਲਾ ਕੁਲਦੀਪ ਬਿਸ਼ਨੋਈ ਦਾ ਲੜਕਾ ਭਵਿਆ ਬਿਸ਼ਨੋਈ ਵੀ ਰਾਜਨੀਤੀ ’ਚ ਸਾਲ 2022 ਦੀ ਜਿਮਨੀ ਚੋਣ ਦੌਰਾਨ ਦਾਖਲ ਹੋਇਆ ਸੀ ਪਰ ਸਾਲ 2024 ਦੀਆਂ ਆਮ ਚੋਣਾਂ ਦੌਰਾਨ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਭਤੀਜਾ ਹਾਰਿਆ ਤਾਇਆ ਜਿੱਤਿਆ
ਸਾਲ 2024 ’ਚ ਭਰਨ ਲਾਲ ਦਾ ਪੋਤਰਾ ਭਵਿਆ ਬਿਸ਼ਨੋਈ ਆਦਮਪੁਰ ਤੋਂ ਚੋਣ ਹਾਰਿਆ ਹੈ ਜਦੋਂਕਿ ਭਜਨ ਲਾਲ ਦੇ ਵੱਡੇ ਲੜਕੇ ਚੰਦਰਮੋਹਨ ਬਿਸ਼ਨੋਈ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਚੰਦਰਮੋਹਨ ਨੇ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਨੂੰ ਜਬਰਦਸਤ ਸਿਆਸੀ ਮੁਕਾਬਲੇ ਦੌਰਾਨ 1900 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਚੰਦਰਮੋਹਨ 1996,2000 ਅਤੇ 2005 ’ਚ ਕਾਲਾਕਾ ਤੋਂ ਵਿਧਾਇਕ ਬਣੇ ਸਨ। ਸਾਲ 2005 ਤੋਂ ਸਾਲ 2008 ਤੱਕ ਕਾਂਗਰਸ ਦੀ ਸਰਕਾਰ ’ਚ ਡਿਪਟੀ ਮੁੱਖ ਮੰਤਰੀ ਵੀ ਰਹੇ ਹਨ। ਸਾਲ 2008 ਤੋਂ ਬਾਅਦ ਚੰਦਰਮੋਹਨ ਨਾਲ ਕਈ ਵਿਵਾਦਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣਿਆ ਸੀ।