ਨਾਟਿਅਮ ਥੀਏਟਰ ਫੈਸਟੀਵਲ: ਨਾਟਕ 'ਚਿੱਟਾ ਸਿੰਘ' ਦੀ ਪੇਸ਼ਕਾਰੀ ਰਾਹੀਂ ਸਿੱਖਿਆ ਪ੍ਰਬੰਧ 'ਤੇ ਕੀਤੀ ਚੋਟ
ਅਸ਼ੋਕ ਵਰਮਾ
ਬਠਿੰਡਾ, 20 ਨਵੰਬਰ 2024:ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਨਾਟਕ 'ਚਿੱਟਾ ਸਿੰਘ' ਪੇਸ਼ ਕੀਤਾ ਗਿਆ । ਕਹਾਣੀ 'ਦ ਰੀਫੰਡ' ਤੋਂ ਪ੍ਰੇਰਿਤ ਇਸ ਨਾਟਕ ਨੂੰ ਜੰਮੂ ਤੋਂ ਆਈ ਟੀਮ ਦ ਰਿਫਲੈਕਸ਼ਨ ਗਰੁੱਪ ਨੇ ਰਵਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡਿਆ। ਨਾਟਕ ਦੀ ਕਹਾਣੀ ਇੱਕ ਸਾਬਕਾ ਵਿਦਿਆਰਥੀ ਦੇ ਦੁਆਲੇ ਘੁੰਮਦੀ ਹੈ ਜੋ ਸਕੂਲ ਤੋਂ ਆਪਣੀ ਫੀਸ ਦਾ ਰਿਫੰਡ ਮੰਗਦਾ ਹੈ ਕਿਉਂਕਿ ਉਸਨੂੰ ਲਗਦਾ ਹੈ ਕਿ ਉਸਨੂੰ ਦਿੱਤੀ ਗਈ ਸਿੱਖਿਆ ਵਿਹਾਰਕ ਰੂਪ ਨਾਲ਼ ਜ਼ਿੰਦਗੀ ਵਿੱਚ ਲਾਗੂ ਨਹੀਂ ਹੁੰਦੀ।
ਅਧਿਆਪਕ ਵੀ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੇ ਚੱਕਰ ਵਿੱਚ ਵਿਦਿਆਰਥੀ ਐਸਾ ਪੇਪਰ ਪਾਉਂਦੇ ਹਨ ਤਾ ਕਿ ਉਹ ਪਾਸ ਨਾ ਹੋ ਸਕੇ। ਸਿੱਖਿਆ ਪ੍ਰਬੰਧ 'ਤੇ ਚੋਟ ਕਰਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਸਿੱਖਿਆ ਪ੍ਰਣਾਲੀ ਬਾਬਤ ਸੋਚਣ ਲਈ ਮਜਬੂਰ ਕਰ ਦਿੱਤਾ। ਨਾਟਕ ਮੇਲੇ ਦੇ ਛੇਵੇਂ ਦਿਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਆਈ.ਏ.ਐੱਸ ਪਹੁੰਚੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਸ਼ਿਵਪਾਲ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਨਵਜੋਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਲਈ ਇੱਕ ਵੱਡਮੁੱਲੀ ਸੌਗਾਤ ਹੈ ਅਤੇ ਸ਼ਹਿਰ ਨੂੰ ਸੱਭਿਆਚਾਰਕ ਹੱਬ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਇਹ ਇੱਕ ਮਿਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨਾਟਿਅਮ ਗਰੁੱਪ ਨੂੰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਹਰ ਤਰ੍ਹਾਂ ਦੇ ਸਾਥ ਦਾ ਵਿਸ਼ਵਾਸ ਦਿਵਾਇਆ। ਸ਼੍ਰੀ ਸ਼ਿਵਪਾਲ ਗੋਇਲ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਰੰਗਮੰਚ ਸਮਾਜ ਨੂੰ ਸੇਧ ਅਤੇ ਸਿੱਖਿਅਤ ਕਰਨ ਦਾ ਬਿਹਤਰੀਨ ਜ਼ਰੀਆ ਹੈ। 15 ਦਿਨਾਂ ਨਾਟ-ਉਤਸਵ ਦੇ ਹੰਭਲੇ ਲਈ ਉਨ੍ਹਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟ ਨਿਰਦੇਸ਼ਕ ਕੀਰਤੀ ਕਿਰਪਾਲ ਸਮੇਤ ਪੂਰੇ ਨਾਟਿਅਮ ਗਰੁੱਪ ਦੀ ਸ਼ਲਾਘਾ ਕੀਤੀ।
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸ. ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਮੇਲੇ ਤਾਂ ਹੀ ਸਫ਼ਲ ਸਮਝੇ ਜਾਣਗੇ ਜੇ ਵੱਡੀ ਗਿਣਤੀ ਵਿੱਚ ਨੌਜੁਆਨ ਪੀੜ੍ਹੀ ਰੋਜ਼ਾਨਾ ਹਾਜ਼ਰੀ ਲਵਾ ਕੇ ਇੰਨ੍ਹਾਂ ਤੋਂ ਸੇਧ ਲਵੇ।ਉਨ੍ਹਾਂ ਨਾਟ-ਮੇਲੇ ਲਈ ਵਿੱਤੀ ਸਹਾਇਤਾ ਦੇਣ ਵਾਲ਼ੇ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਕੀਤਾ।ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, , ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।