ਸਿੰਘ ਸਾਹਿਬਾਨ ਦੀ ਐਮਰਜੈਂਸੀ ਮੀਟਿੰਗ 'ਚ ਕੀ ਹੋਇਆ ਫੈਸਲਾ, ਪੜ੍ਹੋ ਵੇਰਵਾ (ਵੀਡੀਓ ਵੀ ਦੇਖੋ)
ਅੰਮ੍ਰਿਤਸਰ, 20 ਨਵੰਬਰ 2024: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੱਦੀ ਗਈ ਐਮਰਜੈਂਸੀ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਸੱਦੀ ਗਈ ਸੀ, ਜਿਸ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਪਹੁੰਚੇ ਹੋਏ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/watch/?v=1588228858462071&ref=sharing
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੱਕ ਰੁਟੀਨ ਮੀਟਿੰਗ ਸੀ, ਜਿਸ ਦੌਰਾਨ ਸ਼ਿਸ਼ਟਾਚਾਰ ਦੇ ਨਾਤੇ ਐਸਜੀਪੀਸੀ ਪ੍ਰਧਾਨ ਧਾਮੀ ਤੇ ਭੂੰਦੜ ਨਾਲ ਮੁਲਾਕਾਤ ਹੋਈ। ਉਨ੍ਹਾਂ ਇਸ ਮੌਕੇ ਮਹਾਰਾਸ਼ਟਰਾ 'ਚ ਹਰਨਾਮ ਸਿੰਘ ਧੁੰਮਾ ਵੱਲੋਂ ਭਾਜਪਾ ਨੂੰ ਦਿੱਤੇ ਸਮਰਥਨ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ਰਤ ਕਿਸੇ ਨੂੰ ਸਮਰਥਨ ਦੇਣਾ ਗਲਤ ਹੈ। ਹਾਲਾਂਕਿ ਜੇਕਰ ਕੋਈ ਉਨ੍ਹਾਂ ਦੇ ਮੁੱਦੇ ਹੱਲ ਕਰਨ ਦੀ ਗੱਲ ਕਰਦਾ ਹੈ ਤਾਂ ਹੀ ਕਿਸੇ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ।
ਐਡਵੋਕੇਟ ਧਾਮੀ ਨੇ ਕਿਹਾ -ਕਿਸੇ ਵੀ ਅਸਤੀਫ਼ੇ 'ਤੇ ਕੋਈ ਚਰਚਾ ਨਹੀਂ ਹੋਈ......
ਮੀਟਿੰਗ ਖਤਮ ਹੋਣ ਉਪਰੰਤ ਬਾਹਰ ਆਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਥੇ ਬਲਵੰਤ ਸਿੰਘ ਰਾਜੋਆਣਾ ਦੇ ਭੋਗ ਵਿੱਚ ਪਹੁੰਚੇ ਸਨ ਅਤੇ ਵਾਪਸੀ ਉਪਰੰਤ ਜਥੇਦਾਰ ਸਾਹਿਬ ਦੇ ਘਰ ਚਾਹ 'ਤੇ ਪਹੁੰਚੇ ਸਨ।
ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ 'ਤੇ ਚਰਚਾ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਹ ਚਾਹ ਦੇ ਸੱਦੇ 'ਤੇ ਪਹੁੰਚੇ ਸਨ ਅਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ।
ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿੱਖ ਕੌਮ ਨੂੰ ਇਕਜੁਟਤਾ ਦੀ ਅਪੀਲ ਕਰਨ ਦੇ ਮਾਮਲੇ 'ਤੇ ਕਿਸੇ ਵਿਚਾਰ ਚਰਚਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਜੋਆਣਾ ਅਪੀਲ ਆਪਣੇ ਤੌਰ 'ਤੇ ਹੈ ਅਤੇ ਉਹ ਮਾਮਲਾ ਵੱਖਰਾ ਹੈ।
ਬਲਵਿੰਦਰ ਸਿੰਘ ਭੂੰਦੜ ਨੇ ਕੀ ਕਿਹਾ........
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਇੱਕ ਸਾਧਾਰਨ ਮੀਟਿੰਗ ਸੀ ਅਤੇ ਇਸ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ। ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਸ ਦੇ ਭੋਗ ਪਾਉਣ ਉਪਰੰਤ ਉਹ ਜਥੇਦਾਰ ਸਾਹਿਬ ਦਾ ਸਤਿਕਾਰ ਕਰਨ ਪਹੁੰਚੇ ਸਨ।
ਉਨ੍ਹਾਂ ਅਨਿਲ ਜੋਸ਼ੀ ਦੇ ਅਸਤੀਫੇ ਦੇ ਸਬੰਧ 'ਚ ਇੱਕ ਸਵਾਲ 'ਤੇ ਕਿਹਾ ਕਿ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਜਮਾਤ ਬਣੀ ਹੈ, ਇਹ ਕਿਸੇ ਇੱਕ ਨੇ ਨਹੀਂ ਬਣਾਈ। ਇਹ ਇੱਕ ਬਹਾਦਰ ਜਮਾਤ ਹੈ, ਜੋ ਔਖੇ ਸਮੇਂ ਬਹਾਦਰ ਹੋ ਕੇ ਲੜਦੀ ਹੈ, ਪਰ ਕਿਸੇ ਸਮੇਂ ਕਮਜ਼ੋਰੀ ਵੀ ਆ ਜਾਂਦੀ ਹੈ।ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਅਸਤੀਫ਼ੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਬਹਾਦਰ ਸਿਪਾਹੀ ਹਨ, ਉਹ ਡੱਟ ਕੇ ਪਹਿਰਾ ਦੇ ਰਹੇ ਹਨ ਅਤੇ ਜਿਹੜੇ ਪਹਿਰਾ ਨਹੀਂ ਦੇ ਸਕਦੇ, ਉਹ ਉਨ੍ਹਾਂ ਬਾਰੇ ਕੁੱਝ ਨਹੀਂ ਕਹਿ ਸਕਦੇ।
ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰਧਾਨ ਚੁਣਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਜਿਵੇਂ ਪਹਿਲਾਂ ਪ੍ਰਧਾਨ ਚੁਣਿਆ ਜਾਂਦਾ ਹੈ ਓਵੇਂ ਹੀ ਹੁਣ ਵੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਕਿਰਿਆ ਹੈ, ਜਿਸ ਲਈ ਪਾਰਟੀ 'ਚ ਵਰਕਰਾਂ ਦੀ ਭਰਤੀ ਖੋਲ੍ਹੀ ਜਾਵੇ, ਉਪਰੰਤ ਡੇਲੀਗੇਟ ਚੁਣੇ ਜਾਣਗੇ ਅਤੇ ਫਿਰ ਪ੍ਰਧਾਨ ਚੁਣਿਆ ਜਾਵੇਗਾ।
ਬਲਵੰਤ ਸਿੰਘ ਰਾਜੋਆਣਾ ਬਾਰੇ ਉਨ੍ਹਾਂ ਕਿਹਾ ਕਿ ਰਾਜੋਆਣਾ ਰਿਹਾਈ ਬਾਰੇ ਜੱਦੋ-ਜਹਿਦ ਕੀਤੀ ਜਾ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਉਨ੍ਹਾਂ ਨੂੰ ਛੇਤੀ ਹੀ ਰਿਹਾਅ ਕੀਤਾ ਜਾਵੇ।