ਨਿੱਕੀ ਮੋਟੀ ਤਕਰਾਰ ਨੂੰ ਛੱਡ ਗਿੱਦੜਬਾਹਾ ਹਲਕੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ 2024 - ਜ਼ਿਮਨੀ ਚੋਣ ਦੌਰਾਨ ਅੱਜ ਸਮੂਹ ਚਾਰਾਂ ਹਲਕਿਆਂ ਨਾਲੋਂ ਗਿੱਦੜਬਾਹਾ ਹਲਕੇ ਵਿੱਚ ਸ਼ਾਮ ਛੇ ਵਜੇ ਤੱਕ ਸਭ ਤੋਂ ਵੱਧ 81 ਫੀਸਦੀ Polling ਦਰਜ ਕੀਤੀ ਗਈ ਜਿਸ ’ਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਉਪਰੰਤ ਹੋਰ ਵੀ ਵਾਧਾ ਹੋਣ ਦੇ ਅਨੁਮਾਨ ਹਨ। ਹਲਕੇ ਵਿਚ ਅੱਜ ਹੋਈ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਪੋਲਿੰਗ ਦਾ ਕੰਮ ਪੂਰਨ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ। ਵਿਧਾਨ ਸਭਾ ਹਲਕਾ ਹਾਈਪ੍ਰੋਫਾਈਲ ਹੋਣ ਕਾਰਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਨੇ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕਣ ਲਈ ਪੂਰਾ ਦਿਨ ਗਸ਼ਤ ਜਾਰੀ ਰੱਖੀ ਅਤੇ ਸੰਵੇਦਨਸ਼ੀਲ ਥਾਵਾਂ ਤੇ ਜਿਆਦਾ ਮੁਸਤੈਦੀ ਤੋਂ ਕੰਮ ਲਿਆ ਜਿਸ ਦਾ ਨਤੀਜਾ ਅਮਨਪੂਰਵਕ ਵੋਟਾਂ ਪੈਣ ਦੇ ਰੂਪ ’ਚ ਨਿਕਲਿਆ।
ਅੱਜ ਸਵੇਰ ਵਕਤ ਠੰਢ ਕਾਰਨ ਪਿੰਡਾਂ ’ਚ ਮੱਠੀ ਰਫਤਾਰ ਪੋÇਲੰਗ ਸ਼ੁਰੂ ਹੋਈ ਅਤੇ 11 ਵਜੇ ਤੱਕ ਬੂਥਾਂ ਉਪਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮੌਸਮ ਤਬਦੀਲੀ ਅਤੇ ਕੰਮ ਦੀ ਰੁੱਤ ਦੇ ਬਾਵਜੂਦ ਲੋਕਾਂ ਵਿਚ ਵੋਟਾਂ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸ਼ਾਮ ਤੱਕ ਵੀ ਕਈ ਪਿੰਡਾਂ ਵਿੱਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਵੀ ਵੇਖੀਆਂ ਗਈਆਂ। ਗਿੱਦੜਬਾਹਾ ਹਲਕੇ ਵਿੱਚ ਸਵੇਰੇ 9 ਵਜੇ ਤੱਕ ਕਰੀਬ 15 ਫੀਸਦੀ, 11 ਵਜੇ ਤੱਕ 33 ਫੀਸਦੀ, 1 ਵਜੇ ਤੱਕ 49 ਫੀਸਦੀ, 3 ਵਜੇ ਤੱਕ 65 ਫੀਸਦੀ ਅਤੇ ਸ਼ਾਮ 5 ਵਜੇ ਤੱਕ 78 ਫੀਸਦੀ ਪੋਲਿੰਗ ਹੋ ਚੁੱਕੀ ਸੀ। ਆਖਰੀ ਖਬਰਾਂ ਲਿਖੇ ਜਾਣ ਤੱਕ 81 ਫੀਸਦੀ ਪੋÇਲੰਗ ਦਰਜ ਕੀਤੀ ਗਈ ਹੈ।
ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਵੇਖੇ ਗਏ । ਕਈ ਨੌਜਵਾਨਾਂ ਇਸ ਮੌਕੇ ਵੋਟ ਪਾਉਣ ਲਈ ਅਪਹਾਜਾਂ ਅਤੇ ਬਜੁਰਗਾਂ ਦੀ ਸਹਾਇਤਾ ਵੀ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਕੁੱਝ ਪਿੰਡਾਂ ਵਿੱਚ ਪਹਿਲੀ ਵਾਰ ਭਾਜਪਾ ਦੇ ਬੂਥ ਲੱਗੇ ਨਜ਼ਰ ਆਏ। ਕਈ ਪਿੰਡਾਂ ਵਿੱਚ ਸਥਾਨਕ ਆਗੂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਨਜ਼ਰ ਆ ਰਹੇ ਸਨ, ਪਰ ਉਨ੍ਹਾਂ ਨੇ ਭਾਈਚਾਰਕ ਸਾਂਝ ਬਣਾਕੇ ਰੱਖੀ। ਉਂਜ ਕਈ ਥਾਵਾਂ ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ’ਚ ਆਪਸੀ ਤਕਰਾਰ ਦੀਆਂ ਰਿਪੋਰਟਾਂ ਵੀ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਆਪਣੇ ਪਰਿਵਾਰ ਸਮੇਤ ਕਪਾਹ ਮੰਡੀ ਸਥਿਤ ਪੋਲਿੰਗ ਬੂਥ ਨੰ 151 ਤੇ ਆਪਣੀ ਵੋਟ ਪਾਈ। ਇਸ ਮੌਕੇ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਹ ਖੁਦ ਨੂੰ ਆਪਣੀ ਵੋਟ ਪਾ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਦੋਵੇਂ ਪ੍ਰਮੁੱਖ ਵਿਰੋਧੀ ਉਮੀਦਵਾਰ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਦੀਆਂ ਵੋਟਾਂ ਗਿੱਦੜਬਾਹਾ ਹਲਕੇ ਤੋਂ ਬਾਹਰ ਹੋਣ ਕਾਰਨ ਉਹ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਦੇ। ਤਿੰਨਾਂ ਪ੍ਰਮੁੱਖ ਉਮਦੀਵਾਰਾਂ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।
ਕਿਸ ਨੂੰ ਪਈ ਡੇਰਾ ਸਿਰਸਾ ਦੀ ਵੋਟ
ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਅੱਜ ਸਿਆਸੀ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਰਹੀਆਂ। ਇਸ ਹਲਕੇ ’ਚ ਡੇਰਾ ਪੈਰੋਕਾਰਾਂ ਦੀ 20 ਤੋਂ 24 ਹਜ਼ਾਰ ਦੇ ਵਿਚਕਾਰ ਵੋਟ ਹੈ ਜੋ ਐਨੀ ਸਖਤ ਟੱਕਰ ਦੌਰਾਨ ਇੱਕ ਤਰਾਂ ਨਾਲ ਫੈਸਲਾਕੁੰਨ ਮੰਨੀ ਜਾਂਦੀ ਹੈ। ਅੱਜ ਹਲਕੇ ’ਚ ਇਸ ਮੁੱਦੇ ਤੇ ਵੱਖ ਵੱਖ ਤਰਾਂ ਦੀ ਚਰਚਾ ਦਾ ਬਜ਼ਾਰ ਗਰਮ ਰਿਹਾ । ਉੱਜ ਹਲਕੇ ’ਚ ਅੱਜ ਡੇਰਾ ਪ੍ਰੇਮੀਆਂ ਨਾਲ ਨਾਮਵਾਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ‘ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓ ਚਲਾਕ ਸੱਜਣਾ ਵਾਲੀ ਚੁੰਝ ਚਰਚਾ ਨੇ ਵੀ ਜੋਰ ਫੜੀ ਰੱਖਿਆ ਜਿਸ ਨੇ ਚੋਣ ਦੌਰਾਨ ਆਪਣੇ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਨੂੰ ਚੱਕਰਾਂ ਵਿੱਚ ਪਾਈ ਰੱਖਿਆ।