ਡੇਰਾ ਬਾਬਾ ਨਾਨਕ ਹਲਕੇ 'ਚ ਔਰਤਾਂ ਨੇ ਵੋਟ ਪਾਉਣ ਵਿੱਚ ਦਿਖਾਇਆ ਮਰਦਾਂ ਨਾਲੋਂ ਉਤਸਾਹ
ਰੋਹਿਤ ਗੁਪਤਾ
ਗੁਰਦਾਸਪੁਰ 21 ਨਵੰਬਰ- ਜਿਮਨੀ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਹਲਕੇ ਦੀਆਂ ਔਰਤਾਂ ਨੇ ਮਰਦਾਂ ਨਾਲੋ ਵੱਧ ਉਤਸਾਹ ਦਿਖਾਇਆ ਹੈ। ਗੱਲ ਕੁੱਲ ਵੋਟ ਦੀ ਕਰੀਏ ਤਾਂ ਇਕ ਲੱਖ 93 ਹਜਾਰ 376 ਵੋਟਾਂ ਵਿੱਚੋਂ ਇਕ ਲੱਖ 1ਹਜਾਰ 825 ਮਰਦ ਵੋਟਰ ਸਨ ਜਦਕਿ 91 ਹਜਾਰ 544 ਮਹਿਲਾ ਵੋਟਰਾਂ ਦੀ ਗਿਣਤੀ ਸੀ । ਜਿਨਾਂ ਵਿੱਚੋਂ 62 ਹਜ਼ਾਰ 662 ਮਰਦਾਂ ਨੇ ਵੋਟ ਪਾਈ ਹੈ ਜਦਕਿ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੀਆਂ ਔਰਤਾਂ ਦੀ ਗਿਣਤੀ 61109 ਰਹੀ। ਇਸ ਹਿਸਾਬ ਨਾਲ ਮਰਦਾਂ ਦੀ ਕੁੱਲ ਵੋਟ ਵਿੱਚੋਂ 61.53 ਫੀਸਦੀ ਵੋਟਿੰਗ ਹੋਈ ਜਦਕਿ ਮਰਦਾਂ ਨਾਲੋਂ ਵੱਧ ਉਤਸਾਹ ਦਿਖਾਉਂਦਿਆਂ ਲਗਭਗ 67 ਫੀਸਦੀ ਮਹਿਲਾਵਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ ਔਰਤਾਂ ਦਾ ਇਹ ਉਤਸਾਹ ਮਹਿਲਾ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਕਾਰਨ ਹੈ ਜਾਂ ਫੇਰ ਇਸ ਦਾ ਕੋਈ ਹੋਰ ਕਾਰਨ ਹੈ ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੇਗਾ।
ਦੂਜੇ ਪਾਸੇ ਜੇ ਗੱਲ ਕੁੱਲ ਵੋਟ ਪ੍ਰਤੀਸ਼ਤ ਦੀ ਕਰੀਏ ਤਾਂ ਡੇਰਾ ਬਾਬਾ ਨਾਨਕ ਹਲਕੇ ਵਿੱਚ 1 ਲੱਖ 93 ਹਜਾਰ 376 ਵੋਟਾਂ ਵਿੱਚੋਂ ਇਕ ਲੱਖ 23 ਹਜ਼ਾਰ 773 ਵੋਟਾਂ ਪਾਈਆਂ ਗਈਆਂ ਹਨ ਜੋ ਕੁੱਲ ਵੋਟ ਦਾ 64.1 ਫੀਸਦੀ ਬਣਦਾ ਹੈ।