ਪੀ.ਏ.ਯੂ. ਦਾ ਸਲਾਨਾ ਗੁਲਦਾਉਦੀ ਸ਼ੋਅ 3-4 ਨਵੰਬਰ ਨੂੰ
ਦਸ ਵਰਗਾਂ ਵਿਚ ਗੁਲਦਾਉਦੀ ਦੇ ਮੁਕਾਬਲੇ ਕਰਵਾਏ ਜਾਣਗੇ
ਲੁਧਿਆਣਾ 21 ਨਵੰਬਰ, 2024
ਪੀ.ਏ.ਯੂ. ਦੀ ਪਛਾਣ ਬਣ ਚੁੱਕਾ ਸਲਾਨਾ ਗੁਲਦਾਉਦੀ ਸ਼ੋਅ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ 3-4 ਦਸੰਬਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ| ਇਸ ਸ਼ੋਅ ਦਾ ਉਦਘਾਟਨ 3 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਆਪਣੇ ਕਰ-ਕਮਲਾਂ ਨਾਲ ਕਰਨਗੇ| ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਇਹ ਗੁਲਦਾਉਦੀ ਸ਼ੋਅ ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਦਰਸ਼ਕਾਂ ਲਈ ਬੇਹੱਦ ਖਿੱਚ ਰੱਖਦਾ ਹੈ|
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 10 ਵਰਗਾਂ ਵਿਚ ਗੁਲਦਾਉਦੀ ਦੇ ਮੁਕਾਬਲੇ ਕਰਵਾਏ ਜਾਣਗੇ| ਇਹਨਾਂ ਵਿਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਪਨ/ਬਟਨ ਇਕਹਿਰੇ ਦੋਹਰੇ ਕੋਰੀਅਨ, ਸਪੂਨ, ਐਨੀਮੂਨ ਅਤੇ ਹੋਰ ਕੋਈ ਵੀ ਵਿਸ਼ੇਸ਼ ਪੌਦੇ ਸ਼ਾਮਿਲ ਹਨ| ਇਸ ਤੋਂ ਇਲਾਵਾ ਗੁਲਦਾਉਦੀ ਦੀਆਂ ਜਪਾਨੀ ਅਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ| ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਕੋਲ ਗੁਲਦਾਉਦੀ ਦੀਆਂ 250 ਕਿਸਮਾਂ ਦਾ ਵਿਸ਼ੇਸ਼ ਸੰਗ੍ਰਹਿ ਹੈ ਅਤੇ ਵਿਭਾਗ ਨੇ ਖੁੱਲੇ ਫੁੱਲਾਂ, ਕਟ ਫਲਾਵਰ, ਗਮਲੇ ਵਿਚ ਉਤਪਾਦਨ ਅਤੇ ਬਗੀਚੀ ਸਜਾਵਟ ਦੀ ਸੱਤ ਕਿਸਮਾਂ ਜਾਰੀ ਕੀਤੀਆਂ ਹਨ ਜੋ ਇਸ ਮੌਕੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ| ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਲਦਾਉਦੀ ਦੇ ਗਮਲੇ ਵਿਭਾਗ ਦੇ ਖੋਜ ਫਾਰਮ ਵਿਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮਕਾਜੀ ਦਿਨਾਂ ਦੌਰਾਨ ਵਿਕਰੀ ਲਈ ਮੁਹੱਈਆ ਹੋਣਗੇ| ਇਸ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨਾਲ ਮੋਬਾਈਲ ਨੰਬਰ 97795-81523 ਜਾਂ ਫੋਨ ਨੰਬਰ 2401970 ਐਕਸ. 440 ਤੇ ਸੰਪਰਕ ਕੀਤਾ ਜਾ ਸਕਦਾ ਹੈ|