ਪੀ.ਏ.ਯੂ. ਦੇ ਵਿਦਿਆਰਥੀ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ
ਲੁਧਿਆਣਾ 21 ਨਵੰਬਰ, 2024
ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੇ ਵਿਦਿਆਰਥੀ ਹਰਵੀਰ ਸਿੰਘ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ| ਇਹ ਫੈਲੋਸ਼ਿਪ ਉਸਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਭਾਰਤੀ ਉਦਯੋਗ ਸੰਘ ਦੇ ਸਹਿਯੋਗ ਨਾਲ ਦਿੱਤੀ ਗਈ| ਇਸ ਵਿਚ ਇਕ ਨਿੱਜੀ ਭਾਗੀਦਾਰ ਧਾਲੀਵਾਲ ਐਗਰੋ ਵੀ ਸ਼ਾਮਿਲ ਹੈ| ਇਹ ਫੈਲੋਸ਼ਿਪ 4 ਸਾਲ ਦੇ ਵਕਫੇ ਲਈ ਦਿੱਤੀ ਗਈ ਹੈ| ਜ਼ਿਕਰਯੋਗ ਹੈ ਕਿ ਸ੍ਰੀ ਹਰਵੀਰ ਸਿੰਘ ਵਿਭਾਗ ਦੇ ਮੁੱਖ ਫਸਲ ਵਿਗਿਆਨੀ ਡਾ. ਅਜਮੇਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਕਣਕ-ਝੋਨਾ ਅਤੇ ਬਸੰਤ ਰੁੱਤ ਦੀ ਮੱਕੀ ਦੇ ਫਸਲੀ ਚੱਕਰ ਵਿੱਚ ਸਿੰਚਾਈ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਅਧਾਰ ਬਣਾ ਕੇ ਫਸਲ ਅਤੇ ਪਾਣੀ ਦੀ ਉਤਪਾਦਕਤਾ ਦਾ ਵਿਸ਼ਲੇਸ਼ਣ ਕਰ ਰਿਹਾ ਹੈ|
ਡਾ. ਅਜਮੇਰ ਸਿੰਘ ਬਰਾੜ ਨੇ ਕਿਹਾ ਕਿਹਾ ਕਿ ਇਸ ਖੋਜਾਰਥੀ ਦੇ ਅਧਿਐਨ ਰਾਹੀਂ ਰਵਾਇਤੀ ਉਤਪਾਦਨ ਵਿਧੀਆਂ ਦੀ ਪੜਚੋਲ ਕਰਕੇ ਨਵੀਆਂ ਸੂਚਨਾਵਾਂ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨਾਲ ਪਰਾਲੀ ਦੀ ਸਾਂਭ-ਸੰਭਾਲ ਅਤੇ ਬਿਹਤਰ ਸਿੰਚਾਈ ਪ੍ਰਬੰਧਾਂ ਦਾ ਮੁਲਾਂਕਣ ਹੋ ਸਕੇਗਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ੍ਰੀ ਹਰਵੀਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|