ਕੰਟਰੈਕਟ ਫਾਰਮਿੰਗ ਰਾਹੀ ਔਰਗੈਨਿਕ ਖਾਦ ਤਿਆਰ ਕਰਕੇ ਲੱਖਾਂ ਕਮਾ ਰਿਹਾ ਕਿਸਾਨ ਮਹਿੰਦਰ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ, 21 ਨਵੰਬਰ 2024 - ਕਿਸਾਨ ਜਿੱਥੇ ਰਵਾਇਤੀ ਫਸਲਾਂ ਦੇ ਮਾਇਆ ਜਾਲ ਵਿੱਚੋਂ ਨਿਕਲ ਨਹੀਂ ਪਾ ਰਹੇ ਹਨ ਉਥੇ ਹੀ ਜਿਲਾ ਗੁਰਦਾਸਪੁਰ ਦੇ ਪਿੰਡ ਢਿੱਲਵਾਂ ਦਾ ਰਹਿਣ ਵਾਲਾ ਇੱਕ ਕਿਸਾਨ ਮਹਿੰਦਰ ਸਿੰਘ ਕੰਟਰੈਕਟ ਫਾਰਮਿੰਗ ਰਾਹੀ ਡੇਢ ਕਿੱਲੇ ਵਿੱਚ ਖਾਦ ਤਿਆਰ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ। ਮਹਿੰਦਰ ਸਿੰਘ ਅਨੁਸਾਰ ਉਹਨਾਂ ਵੱਲੋਂ ਕਰਨਾਲ ਦੀ ਇੱਕ ਕੰਪਨੀ ਨਾਲ ਖਾਦ ਬਣਾਉਣ ਦਾ ਇਕਰਾਰ ਕੀਤਾ ਗਿਆ ਹੈ ਜਿਸ ਦੇ ਤਹਿਤ ਉਹਨਾਂ ਨੇ ਸਿਰਫ ਆਪਣੀ ਜਮੀਨ ਦਿੱਤੀ ਹੈ ਤੇ ਥੋੜੀ ਇਨਵੈਸਟਮੈਂਟ ਕੀਤੀ ਹੈ ਅਤੇ ਇਹ ਇੱਕ ਬਹੁਤ ਫਾਇਦੇ ਦਾ ਸੌਦਾ ਸਾਬਤ ਹੋ ਰਿਹਾ ਹੈ। ਜੋ ਇਨਵੈਸਟਮੈਂਟ ਕੀਤੀ ਸੀ ਉਹ 25 ਮਹੀਨੇ ਵਿੱਚ ਡਬਲ ਹੋ ਕੇ ਵਾਪਸ ਮਿਲ ਗਈ ਹੈ ਅਤੇ ਹੁਣ ਜੋ ਵੀ ਆ ਰਿਹਾ ਹੈ ਉਸਨੂੰ ਮੁਨਾਫਾ ਹੀ ਕਿਹਾ ਜਾ ਸਕਦਾ ਹੈ।
ਕੰਪਨੀ ਜਮੀਨ ਕਿਰਾਏ ਤੇ ਲੈਂਦੀ ਹੈ ਅਤੇ ਖਾਦ ਤਿਆਰ ਕਰਨ ਲਈ ਗੋਬਰ , ਗੰਡੋਏ ਤੇ ਇਥੋਂ ਤੱਕ ਕਿ ਮੁਲਾਜ਼ਮ ਵੀ ਆਪ ਹੀ ਦਿੰਦੀ ਹੈ। ਤਿੰਨ ਮਹੀਨੇ ਵਿੱਚ ਖਾਦ ਤਿਆਰ ਹੋ ਜਾਂਦੀ ਹੈ ਅਤੇ ਇਸ ਵੇਲੇ ਉਸਦੇ ਡੇਢ ਕਿੱਲੇ ਵਿੱਚ ਸਾਡੇ ਪੰਜ ਬੈਡ ਲੱਗੇ ਹਨ ਜਿਨਾਂ ਰਾਹੀ ਲਗਭਗ 3000 ਕੁੰਟਲ ਖਾਦ ਤਿਆਰ ਹੋਵੇਗੀ। ਜਿਸ ਨੂੰ ਕੰਪਨੀ ਲੈ ਜਾਏਗੀ ਅਤੇ ਆਪ ਹੀ ਵੇਚੇਗੀ। ਖਾਦ ਦੇ ਨਾਲ ਹੀ ਇੱਕ ਲਿਕੁਵਡ ਵੀ ਤਿਆਰ ਹੁੰਦਾ ਹੈ ਜੋ ਪੱਕੇ ਹੋਏ ਝੋਨੇ ਅਤੇ ਕਣਕ ਦੀ ਫਸਲ ਤੇ ਸਪਰੇਅ ਦੇ ਕੰਮ ਆਉਂਦਾ ਹੈ। ਤਿਆਰ ਹੋਈ ਖਾਦ ਅਤੇ ਸਪਰੇਅ ਪੂਰੀ ਤਰ੍ਹਾਂ ਨਾਲ ਆਰਗਨਿਕ ਅਤੇ ਹਾਨੀ ਰਹਿਤ ਹੁੰਦਾ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਸਨੇ ਇਕੱਲਿਆ ਹੀ ਇਹ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਪਿੰਡ ਦੇ ਹੋਰ ਵੀ ਕਈ ਕਿਸਾਨਾਂ ਨੇ ਉਸ ਦੇ ਨਾਲ ਇਸ ਕੰਮ ਵਿੱਚ ਪੈਸੇ ਲਗਾਏ ਹਨ।ਉਸਨੇ ਬਾਕੀ ਕਿਸਾਨਾਂ ਨੂੰ ਵੀ ਰਿਵਾਇਤੀ ਫਸਲਾਂ ਦੇ ਜਾਲ ਵਿੱਚੋਂ ਨਿਕਲ ਕੇ ਅਜਿਹੇ ਸਹਾਇਕ ਧੰਦੇ ਅਪਣਾਉਣ ਦੀ ਸਲਾਹ ਦਿੱਤੀ ਹੈ।