ਪੀ ਏ ਯੂ ਦੇ ਯੁਵਕ ਮੇਲੇ ਵਿੱਚ ਨਾਟ ਵੰਨਗੀਆਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲਿਆ
- ਨੌਜਵਾਨੀ ਦੇ ਹੱਥ ਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਭਵਿੱਖ ਸੁਰੱਖਿਅਤ ਹੈ : ਸ ਕੁਲਦੀਪ ਸਿੰਘ ਧਾਲੀਵਾਲ
ਲੁਧਿਆਣਾ, 21 ਨਵੰਬਰ, 2024 - ਪੀ ਏ ਯੂ ਵਿਚ ਜਾਰੀ ਯੁਵਕ ਮੇਲੇ ਦੇ ਆਖਰੀ ਦਿਨ ਸਵੇਰ ਦੇ ਸੈਸ਼ਨ ਵਿਚ ਵਿਸ਼ੇਸ਼ ਸਮਾਰੋਹ ਹੋਇਆ ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੇ ਨਾਲ ਨਾਲ ਲੋਕ ਨਾਚਾਂ ਅਤੇ ਗੀਤਾਂ ਦੀਆਂ ਬਿਹਤਰੀਨ ਪੇਸ਼ਕਾਰੀਆਂ ਦੇਖਣ ਨੂੰ ਮਿਲੀਆਂ। ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਸਨ। ਸਮਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਭਾਰੀ ਗਿਣਤੀ ਵਿੱਚ ਉੱਚ ਅਧਿਕਾਰੀਆਂ ,ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਪੇਸ਼ਕਾਰੀਆਂ ਨੂੰ ਮਾਣਿਆ।
ਆਪਣੇ ਭਾਸ਼ਣ ਵਿਚ ਸ ਕੁਲਦੀਪ ਸਿੰਘ ਧਾਲੀਵਾਲ, ਪ੍ਰਬੰਧਕੀ ਸੁਧਾਰ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਗੈਰ ਸਮਜਕ ਰੁਝਾਨ ਨੌਜਵਾਨਾਂ ਲਈ ਘਾਤਕ ਸਾਬਿਤ ਹੋ ਰਹੇ ਹਨ। ਇਸਦੇ ਨਾਲ ਹੀ ਸਮਾਜਕ ਤੋਰ ਵਿਚ ਸ਼ਾਮਿਲ ਭ੍ਰਿਸ਼ਟਾਚਾਰ ਸਦੀਆਂ ਪੁਰਾਣੀ ਤ੍ਰਾਸਦੀ ਹੈ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਉਸਾਰੂ ਭੂਮਿਕਾ ਨਿਭਾ ਸਕਦੇ ਹਨ। ਸਿਰਫ ਉਨ੍ਹਾਂ ਨੂੰ ਗਲਤ ਰਸਤੇ 'ਤੇ ਨਾ ਚੱਲਣ ਲਈ ਊਰਜਾ ਅਤੇ ਪ੍ਰੇਰਨਾ ਦੇਣਾ ਲਾਜ਼ਮੀ ਹੈ।
ਖੇਤੀਬਾੜੀ ਨੂੰ ਸਕੂਲਾਂ ਵਿੱਚ ਰੈਗੂਲਰ ਵਿਸ਼ੇ ਵਜੋਂ ਸ਼ਾਮਲ ਕਰਨ ਅਤੇ ਮਾਸਟਰ ਕੇਡਰ ਵਿੱਚ ਖੇਤੀ ਗ੍ਰੈਜੂਏਟਾਂ ਦੀ ਨਿਯੁਕਤੀ ਦਾ ਜ਼ਿਕਰ ਕਰਦਿਆਂ ਮਾਣਯੋਗ ਮੰਤਰੀ ਨੇ ਇਸ ਦਿਸ਼ਾ ਵਿੱਚ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਅਸੀਂ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਪੈਦਾ ਕਰਨ ਲਈ ਯਤਨਸ਼ੀਲ ਹਾਂ, ਇਸ ਲਈ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਸਾਰੇ ਵਰਤਾਰੇ ਨੂੰ ਸਾਰਥਕ ਦਿਸ਼ਾ ਵਿਚ ਲਿਜਾਣ ਲਈ ਸਭ ਦਾ ਸਹਿਯੋਗ ਲੋੜੀਂਦਾ ਹੈ। ਇਸ ਤੋਂ ਇਲਾਵਾ ਸ ਧਾਲੀਵਾਲ ਨੇ ਯੁਵਕ ਮੇਲਿਆਂ ਵਿੱਚ ਭਾਗ ਲੈਣ ਨੂੰ ਸ਼ਖ਼ਸੀ ਵਿਕਾਸ ਦੀ ਪੌੜੀ ਆਖਿਆ। ਉਨ੍ਹਾਂ ਕਿਹਾ ਕਿ ਇਹ ਜਵਾਨੀ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਅਸਲ ਵਾਰਿਸ ਹੈ।
ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਰਦਾਰ ਧਾਲੀਵਾਲ ਵਲੋਂ ਯੂਨੀਵਰਸਿਟੀ ਦੇ ਸਹਿਯੋਗ ਲਈ ਸਦਾ ਤਤਪਰ ਰਹਿਣ ਕਾਰਨ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਜ਼ਿੰਦਗੀ ਦਾ ਠਾਠਾਂ ਮਾਰਦਾ ਵਹਿਣ ਹੈ ਤੇ ਇਸ ਵਿਚ ਪੰਜਾਬ ਦੇ ਭਰਪੂਰ ਦ੍ਰਿਸ਼ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਡਾ ਗੋਸਲ ਨੇ ਕਲਾਕਾਰਾਂ ਵਲੋਂ ਪੇਸ਼ ਵੱਖ-ਵੱਖ ਵੰਨਗੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੀ ਏ ਯੂ ਦੇ ਵਿਦਿਆਰਥੀਆਂ ਉੱਪਰ ਅਥਾਹ ਮਾਣ ਹੈ।
ਇਸ ਅੰਤਰ-ਕਾਲਜ ਯੁਵਕ ਮੇਲੇ ਵਿੱਚ ਨਾਟਕੀ ਅਤੇ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪੇਸ਼ ਜੋਸ਼ ਅਤੇ ਅਦਾਕਾਰੀ ਨੇ ਦਰਸ਼ਕਾਂ ਨੂੰ ਮੋਹਿਤ ਕਰ ਲਿਆ। ਸਕਿੱਟ ਮੁਕਾਬਲਿਆਂ ਵਿੱਚ ਮੌਜੂਦਾ ਨਿਜ਼ਾਮ ਤੋਂ ਇਲਾਵਾ ਮਸਲਿਆਂ ਬਾਰੇ ਭਰਪੂਰ ਵਿਅੰਗ ਹੋਏ। ਵਿਦਿਆਰਥੀਆਂ ਨੇ ਅਦਾਕਾਰੀ ਦੇ ਉੱਤਮ ਨਮੂਨੇ ਪੇਸ਼ ਕਰਕੇ ਦਿਲੀ ਜਜ਼ਬੇ ਉਜਗਰ ਕੀਤੇ । ਪੰਜਾਬ ਦੇ ਮੌਜੂਦਾ ਮਸਲਿਆਂ ਪਰਵਾਸ, ਵਿਦਿਅਕ ਨਿਘਾਰ, ਬੇਸਹਾਰਾ ਰਹਿ ਗਏ ਮਾਪੇ, ਅਤੇ ਦਿਸ਼ਾਹੀਣ ਪੀੜ੍ਹੀ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਆਦਿ ਵਿਸ਼ਿਆਂ ਉੱਪਰ ਸਕਿੱਟ ਪੇਸ਼ ਕਰਕੇ ਸਮਾਜ ਦੇ ਹਨੇਰੇ ਪੱਖਾਂ ਨੂੰ ਰੌਸ਼ਨ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ਾਮ ਨੂੰ ਗਿੱਧਾ, ਭੰਗੜਾ ਅਤੇ ਇਨਾਮ ਵੰਡ ਸਮਾਗਮ ਹੋਵੇਗਾ।
ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ , ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਵੱਲੋਂ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੂੰ ਸਨਮਾਨ ਚਿੰਨ੍ਹ ਵਜੋਂ ਇੱਕ ਦ੍ਰਿਸ਼, ਸ਼ਾਲ ਅਤੇ ਇੱਕ ਕੌਫੀ ਟੇਬਲ ਬੁੱਕ ਭੇਂਟ ਕੀਤੀ ਗਈ।
ਨਤੀਜੇ:
ਸਕਿਟ ਮੁਕਾਬਲੇ ਵਿਚਪਹਿਲਾ ਸਥਾਨ ਖੇਤੀਬਾੜੀ ਕਾਲਜ, ਦੂਜਾ ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਤੀਸਰਾ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੂੰ ਮਿਲਿਆ।
ਮਾਈਮ ਵਿਚ ਬਾਗਬਾਨੀ ਅਤੇ ਜੰਗਲਾਤ ਕਾਲਜ ਦੀ ਟੀਮ ਜੇਤੂ ਰਹੀ , ਦੂਸਰਾ ਸਥਾਨ ਖੇਤੀਬਾੜੀ ਕਾਲਜ ਅਤੇ ਕਮਿਊਨਿਟੀ ਸਾਇੰਸ ਕਾਲਜ ਨੂੰ ਤੀਸਰਾ ਸਥਾਨ ਹਾਸਿਲ ਹੋਇਆ।
ਭੰਡਾਂ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਪਹਿਲੇ,ਕਮਿਊਨਿਟੀ ਸਾਇੰਸ ਕਾਲਜ ਦੂਸਰੇ ਅਤੇ ਬੇਸਿਕ ਸਾਇੰਸਜ਼ ਤੀਸਰੇ ਸਥਾਨ ਤੇ ਰਹੇ।
ਮੋਨੋ ਐਕਟਿੰਗ ਵਿਚ ਖੇਤੀਬਾੜੀ ਕਾਲਜ ਦੇ ਦਿਲਾਵਰ ਸਿੰਘ, ਇਸੇ ਕਾਲਜ ਦੇ ਗਾਇਤਰੀ ਗੁਪਤਾ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਵੰਸ਼ ਸ਼ਰਮਾ ਕ੍ਰਮਵਾਰ ਤਿੰਨ ਸਥਾਨਾਂ ਉੱਪਰ ਰਹੇ ।
ਇਕਾਂਗੀ ਵਿਚ ਖੇਤੀਬਾੜੀ ਕਾਲਜ ਦੀ ਟੀਮ ਅੱਵਲ ਬਾਗਬਾਨੀ ਅਤੇ ਜੰਗਲਾਤ ਕਾਲਜ ਦੀ ਟੀਮ ਦੋਇਮ ਅਤ ਬੇਸਿਕ ਸਾਇੰਸਜ਼ ਕਾਲਜ ਤੀਸਰੇ ਸਥਨ ਤੇ ਰਹੀ।