ਡਾ: ਬਲਬੀਰ ਸਿੰਘ ਨੇ ਵਾਰਡਾਂ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਹੱਲ
- ਪਾਰਕਾਂ ਨੂੰ ਸਾਫ ਸੁਥਰਾ ਰੱਖਣ, ਖੁਸ਼ਬੂਦਾਰ ਤੇ ਓਰਗੈਨਿਕ ਬੂਟੇ ਲਗਾਉਣ ਅਤੇ ਲੋਕਾਂ ਨੂੰ ਯੋਗਾ ਕਰਨ ਦੀ ਕੀਤੀ ਅਪੀਲ
- ਕਿਹਾ, ਲੋਕਾਂ ਨੂੰ ਪੱਕੀਆਂ ਸੜਕਾਂ ਅਤੇ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ
ਪਟਿਆਲਾ 21 ਨਵੰਬਰ 2024 - ਆਪ ਦੀ ਸਰਕਾਰ ਆਪ ਦੇ ਦੁਆਰ ‘ ਤਹਿਤ ਲਗਵਾਏ ਜਨ ਸੁਵਿਧਾ ਕੈਂਪ ਵਿੱਚ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਨੇ ਵਾਰਡ ਨੰ: 21,16,14 ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ। ਉਹਨਾਂ ਕਿਹਾ ਕਿ ਜਿਵੇਂ ਵੋਟਾਂ ਦੌਰਾਨ ਉਹ ਘਰ-ਘਰ ਲੋਕਾਂ ਕੋਲ ਜਾਂਦੇ ਸਨ ਉਸੇ ਤਰ੍ਹਾਂ ਹੁਣ ਵੀ ਉਹ ਲੋਕਾਂ ਕੋਲ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ।
ਡਾ: ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸੜਕਾਂ ਅਤੇ ਪਾਈਪਾਂ ਦੇ ਕੰਮ ਅਧੂਰੇ ਛੱਡੇ ਹੋਏ ਸਨ ਅਤੇ ਸੜਕਾਂ ਦਾ ਪੱਟ ਕੇ ਬੁਰਾ ਹਾਲ ਕੀਤਾ ਹੋਇਆ ਸੀ , ਉਹਨਾਂ ਅਧੂਰੇ ਕੰਮਾਂ ਨੂੰ ਹੁਣ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਪਿਛਲੀ ਸਰਕਾਰ ਵੱਲੋਂ ਲਗਾਈਆਂ ਗਈਆਂ ਮਹਿੰਗੀਆਂ ਲਾਈਟਾਂ ਜੋ ਕਿ ਕਾਮਯਾਬ ਨਹੀ ਰਹੀਆਂ ਉਹਨਾਂ ਲਾਈਟਾਂ ਨੂੰ ਸਾਡੀ ਸਰਕਾਰ ਵੱਲੋਂ ਘੱਟ ਰੇਟ ਵਿੱਚ ਲਗਾਇਆ ਗਿਆ ਹੈ । ਇਹ ਲਾਈਟਾਂ ਹੁਣ ਲੱਗਣਗੀਆਂ ਅਤੇ ਨਿਰੰਤਰ ਚੱਲਣਗੀਆਂ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਹੱਲ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਉਹ ਲਗਾਤਾਰ ਵਾਰਡਾਂ ਵਿੱਚ ਜਾਂਦੇ ਰਹਿਣਗੇ ।
ਸਿਹਤ ਮੰਤਰੀ ਨੇ ਫੈਕਟਰੀ ਏਰੀਆ,ਏਕਤਾ ਨਗਰ,ਘੁੱਮਣ ਨਗਰ ਅਤੇ ਅਬਚਲ ਨਗਰ ਦੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਵੱਲੋਂ ਇਲਾਕੇ ਵਿੱਚ ਪੱਕੀ ਸੜਕ ਬਣਵਾਉਣ ਲਈ ਬੇਨਤੀ ਕੀਤੀ ਗਈ ਜਿਸ ਦਾ ਕੈਬਨਿਟ ਮੰਤਰੀ ਨੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਸੜਕ ਠੀਕ ਕਰਵਾਉਣ ਦੇ ਆਦੇਸ਼ ਦਿੱਤੇ। ਉਹਨਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ: ਰਜਤ ਓਬਰਾਏ,ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ: ਜਤਿੰਦਰ ਕਾਂਸਲ ਤੇ ਐਸ.ਐਮ.ਓ ਡਾ: ਮੋਨਿਕਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰ ਰਹੀ ਹੈ। ਉਹਨਾਂ ਲੋਕਾਂ ਤੋਂ ਪੀਣ ਵਾਲੇ ਪਾਣੀ ਦਾ ਜਾਇਜਾ ਲਿਆ । ਜਿਹੜੇ ਇਲਾਕਿਆਂ ਵਿੱਚ ਪੀਣ ਵਾਲਾ ਪਾਣੀ ਸਾਫ ਨਹੀ ਹੈ ਜਾਂ ਪਾਣੀ ਦੀ ਘਾਟ ਹੈ ਉਥੇ ਛੋਟੀ ਮੋਟਰ ਦੀ ਥਾਂ ਤੇ ਵੱਡੀ ਮੋਟਰ ਲਗਵਾਉਣ ਦੇ ਆਦੇਸ਼ ਦਿੱਤੇ ਤਾਂ ਜੋ ਲੋਕਾਂ ਕੋਲ ਪੀਣ ਵਾਲਾ ਪਾਣੀ ਸਾਫ ਸੁਥਰਾ ਪਹੁੰਚੇ ਅਤੇ ਲੋਕ ਤੰਦਰੁਸਤ ਰਹਿਣ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਦਰੁਸਤ ਰਹਿਣ ਲਈ ਪਾਰਕ ਵਿੱਚ ਯੋਗਾ ਕਰਨ ,ਆਪਣੇ ਖਾਣ ਪੀਣ ਦਾ ਧਿਆਨ ਰੱਖਣ ਅਤੇ ਆਪਣੇ ਇਲਾਕੇ ਵਿੱਚ ਲੱਗੇ ਪਾਰਕਾਂ ਨੂੰ ਵੀ ਸਾਫ ਸੁਥਰਾ ਰੱਖਣ । ਉਹਨਾਂ ਕਿਹਾ ਕਿ ਉਹ ਪਾਰਕ ਵਿੱਚ ਖੁਸ਼ਬੂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਉਣ। ਉਹਨਾਂ ਐਸ.ਐਮ.ਓ. ਨੂੰ ਕਿਹਾ ਕਿ ਉਹ ਗਰਭਵਤੀ ਔਰਤਾਂ ਬੱਚਿਆਂ ਅਤੇ ਬਜੁਰਗਾਂ ਦੇ ਵੱਖ-ਵੱਖ ਕੈਂਪ ਲਗਾ ਕੇ ੳਹਨਾ ਨੂੰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ।
ਇਸ ਮੌਕੇ ਆਫਿਸ ਇੰਚਾਰਜ ਜਸਬੀਰ ਗਾਂਧੀ,ਸਟੇਟ ਜਾਇੰਟ ਸਕੱਤਰ ਆਪ ਜਗਦੀਪ ਜੱਗਾ , ਬਲਾਕ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ, ਸੰਚਾਲਕ ਜਸਵੰਤ ਸੈਣੀ , ਸੁਰਜੀਤ ਕਾਠਿਆਤ , ਸੰਚਾਲਕ ਗੁਰਕ੍ਰਿਪਾਲ ਸਿੰਘ ਸ਼ਾਮਲ ਸਨ।