ਲੋਕਲ ਹੀਰੋ...ਅਸਲ ਜ਼ਿੰਦਗੀ ਦੇ...! ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’
-8 ਸਾਲ ਸਿੱਖ ਧਰਮ ਬਾਰੇ ਜਾਨਣ ਬਾਅਦ 2020 ਵਿਚ ਛਕਿਆ ਸੀ ਅੰਮ੍ਰਿਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 22 ਨਵੰਬਰ 2024:-ਇਥੋਂ ਲਗਪਗ 475 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਵਿਖੇ ਸਾਲ 2020 ਦੇ ਵਿਚ ਅੰਮ੍ਰਿਤ ਛਕ ਕੇ ਪੂਰਨ ਤੌਰ ’ਤੇ ਕ੍ਰਿਸਚੀਅਨ ਤੋਂ ਸਿੱਖ ਧਰਮ ਧਾਰਨ ਕਰ ਗਈ ਮਹਿਲਾ ਮੈਰੀਡੀਥ ਸਟੀਵਰਟ ਜੋ ਕਿ ਹੁਣ ਜਸਨੂਰ ਕੌਰ ਖਾਲਸਾ ਕਰਕੇ ਜਾਣੀ ਜਾਂਦੀ ਹੈ, ਨੂੰ ਇਸ ਸਾਲ ਕੀਵੀ ਬੈਂਕ ਵੱਲੋਂ ਐਲਾਨੇ ਗਏ ‘ਕੀਵੀਬੈਂਕ ਲੋਕਲ ਹੀਰੋ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਸਨੂਰ ਕੌਰ ਖਾਲਸਾ ਨੇ ਕੋਵਿਡ ਮਹਾਂਮਾਰੀ ਦੌਰਾਨ, ਗੈਬਰੀਅਲ ਨਾਂਅ ਦੇ ਆਏ ਚੱਕਰਵਾਤ ਦੌਰਾਨ ਅਤੇ ਹੋਰ ਕੁਦਰਤੀ ਦਰਪੇਸ਼ ਮੁਸ਼ਕਲਾਂ ਸਮੇਂ ਆਈਆਂ ਚੁਣੌਤੀਆਂ ਦੇ ਵਿਚ ਲੋਕਾਂ ਦੀ ਵੱਡੀ ਸਹਾਇਤਾ ਕੀਤੀ ਸੀ। ਉਹ ਏਥਨਿਕ ਕਮਿਊਟਿਨੀ ਦੀ ਕੜੀ ਵਜੋਂ ਕੰਮ ਕਰਦੀ ਹੈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਸਿਰਜਣ ਵਿਚ ਯੋਗਦਾਨ ਪਾ ਰਹੀ ਹੈ। ਉਸਨੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਧਣ-ਫੁੱਲਣ ਅਤੇ ਸਫਲ ਹੋਣ ਲਈ ਸਮਰਥਨ ਦਿੱਤਾ ਅਤੇ ਸ਼ਕਤੀਕਰਨ ਲਈ ਅਣਗਿਣਤ ਸਮਾਂ ਸਮਰਪਿਤ ਕੀਤੇ ਹਨ। ਮੈਰੀਡੀਥ ਸੱਭਿਆਚਾਰਕ ਵਿਭਿੰਨਤਾ ’ਤੇ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਨੂੰ ਹੁਨਰਮੰਦ ਕਰਨ, ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਵੀ ਭਾਵੁਕ ਹੈ। ਸੋ ਅਸਲ ਜ਼ਿੰਦਗੀ ਦੇ ਵਿਚ ਕੰਮ ਕਰਨ ਵਾਲੇ ਲੋਕ ਅਸਲ ਵਿਚ ਸਥਾਨਿਕ (ਲੋਕਲ) ਹੀਰੋ ਹੋ ਨਿਬੜਦੇ ਹਨ ਅਤੇ ਬੀਬਾ ਜਸਨੂਰ ਖਾਲਸਾ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ।
ਵਰਣਯੋਗ ਹੈ ਕਿ ਜਸਨੂਰ ਕੌਰ ਖਾਲਸਾ ਦਾ ਸਿੱਖੀ ਪ੍ਰਤੀ ਲਗਾਅ ਇਕ ਅਸਚਰਜ ਘਟਨਾ ਬਾਅਦ 2012 ਦੇ ਵਿਚ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਵਾਰ ਇੰਡੀਆ ਜਾ ਕੇ ਗੁਰਦੁਆਰਾ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੀ ਹੈ। ਨਿਹੰਗ ਸਿੰਘਾਂ ਦਾ ਜੀਵਨ ਵੇਖਦੀ ਹੈ, ਫਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਨੂੰ ਵੇਖਦੀ ਹੈ ਅਤੇ ਇਕ ਦਿਨ ਮਨ ਐਸਾ ਪਸੀਚਦਾ ਹੈ ਕਿ ਇਹ ਜਨਵਰੀ 2020 ਦੇ ਵਿਚ ਅੰਮ੍ਰਿਤਸਰ ਸਾਹਿਬ ਜਾ ਕੇ ਅੰਮ੍ਰਿਤ ਛਕ ਪੂਰਨ ਸਿੱਖ ਬਣ ਜਾਂਦੀ ਹੈ। ਪੂਰਾ ਆਰਟੀਕਲ ਪੰਜਾਬੀ ਹੈਰਲਡ ਦੇ ਲੇਖ ਪਿਟਾਰੀ ਸੈਕਸ਼ਨ ਵਿਚ ਪੜਿ੍ਹਆ ਜਾ ਸਕਦਾ ਹੈ।