ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਅਤੇ ਪੋਕਸੋ ਐਕਟ ਬਾਰੇ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਨਵੰਬਰ ,2024
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੁਰਗਾਪੁਰ ਵਿਖੇ ਬੱਚਿਆਂ ਅਤੇ ਸਕੂਲ ਦੇ ਸਟਾਫ਼ ਨੂੰ ਬਾਲ ਅਧਿਕਾਰਾਂ ਅਤੇ ਪੋਕਸੋ ਐਕਟ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ (ਆਈ. ਸੀ) ਵੱਲੋਂ ਪੋਕਸੋ ਐਕਟ ਅਤੇ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਲੜਕਿਆਂ ਅਤੇ ਲੜਕੀਆਂ ਦੇ ਸਰਬਪੱਖੀ ਵਿਕਾਸ ਲਈ ਸੁਰੱਖਿਅਤ ਮਾਹੌਲ ਹੋਣਾ ਜ਼ਰੂਰੀ ਹੈ, ਜਿਸ ਦੀ ਸਿਰਜਣਾ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਪੋਕਸੋ ਐਕਟ ਲਾਗੂ ਕੀਤਾ ਗਿਆ ਹੈ, ਤਾਂ ਜੋ ਜ਼ੀਰੋ ਤੋਂ 18 ਸਾਲ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੋਕਸੋ ਐਕਟ ਤਹਿਤ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੈ, ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨਾਲ ਇਸ ਸੰਵੇਦਨਸ਼ੀਲ ਵਿਸ਼ੇ 'ਤੇ ਖੁੱਲ੍ਹ ਕੇ ਚਰਚਾ ਕਰਨ, ਤਾਂ ਜੋ ਬੱਚਿਆਂ ਨੂੰ ਚੰਗੇ ਅਤੇ ਮਾੜੇ ਵਤੀਰੇ ਦਾ ਪਤਾ ਲੱਗ ਸਕੇ।
ਗੌਰਵ ਸ਼ਰਮਾ ਵੱਲੋਂ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਦਾ ਹੈ, ਤਾਂ ਉਹ ਬੇਝਿਜਕ ਇਸ ਬਾਰੇ ਆਪਣੇ ਮਾਪਿਆਂ ਜਾਂ ਆਪਣੇ ਅਧਿਆਪਕ ਨੂੰ ਦੱਸ ਸਕਦਾ ਹੈ, ਤਾਂ ਜੋ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਖ਼ਿਲਾਫ ਪੋਕਸੋ ਐਕਟ ਤਹਿਤ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਉਚਿਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਬਾਲ ਸੁਰੱਖਿਆ ਯੂਨਿਟ ਅਧੀਨ ਬਤੌਰ ਆਊਟਰੀਚ ਵਰਕਰ ਤਾਇਨਾਤ ਕਾਂਤਾ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਜਾਣੂ ਕਰਵਾਇਆ ਗਿਆ, ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਇਕ ਪਰਿਵਾਰ ਦੇ ਦੋ ਬੱਚੇ ਲੈ ਸਕਦੇ ਹਨ, ਕੋਈ ਵੀ ਵਿਧਵਾ ਔਰਤ, ਤਲਾਕ ਸਦਾਰਤ ਜਾਂ ਸਿੰਗਲ ਪੇਰੈਂਟ ਅਤੇ ਇਹੋ ਜਿਹੇ ਬੱਚੇ, ਜਿਨਾਂ ਦੇ ਮਾਂ-ਪਿਓ ਕਿਸੇ ਲਾਇਲਾਜ ਬਿਮਾਰੀ ਨਾਲ ਜੂਝ ਰਹੇ ਹੋਣ ਜਾਂ ਬੱਚਿਆਂ ਦੇ ਮਾਤਾ ਅਤੇ ਪਿਤਾ ਵਿੱਚੋਂ ਕੋਈ ਇਕ ਜੇਲ੍ਹ ਵਿਚ ਹੋਵੇ, ਇਹੋ ਜਿਹੇ ਬੱਚਿਆਂ ਨੂੰ ਸਪੋਂਸਰਸ਼ਿਪ ਸਕੀਮ ਅਧੀਨ ਕਵਰ ਕੀਤਾ ਜਾਂਦਾ ਹੈ। ਜੇਕਰ ਕੋਈ ਵੀ ਲੋੜਵੰਦ ਅਤੇ ਬੇਸਹਾਰਾ ਬੱਚਾ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਜੀ ਮੰਜ਼ਿਲ, ਕਮਰਾ ਨੰਬਰ 413 ਵਿਚ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੱਚਿਆਂ ਨੂੰ ਚਾਈਲਡ ਲਾਈਨ ਨੰਬਰ 1098 ਬਾਰੇ ਜਾਣੂ ਕਰਵਾਇਆ ਗਿਆ।