ਜਗਮੀਤ ਸਿੰਘ
ਭਿੱਖੀਵਿੰਡ, 18 ਅਕਤੂਬਰ 2020 - ਅੱਤਵਾਦ ਦੀ ਕਾਲੀ ਬੋਲੀ ਹਨੇਰੀ ਦੌਰਾਨ ਦਹਿਸ਼ਤਪਸੰਦਾਂ ਖ਼ਿਲਾਫ਼ ਲੜਨ ਵਾਲੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਦਿਨ ਦਿਹਾੜੇ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਬਲਵਿੰਦਰ ਸਿੰਘ ਦੀ ਮੌਤ ਤੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਪ੍ਰਗਟ ਕਰਨ ਉਪਰੰਤ ਪ੍ਰੈੱਸ ਗੱਲਬਾਤ ਦੌਰਾਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕੀਤਾ।
ਇਸ ਦੌਰਾਨ ਉਨ੍ਹਾਂ ਆਖਿਆ ਕਿ ਕਾਮਰੇਡ ਬਲਵਿੰਦਰ ਸਿੰਘ ਸੂਰਬੀਰ ਯੋਧਾ ਸੀ ਜਿਨ੍ਹਾਂ ਨੇ ਅਨੇਕਾਂ ਵਾਰ ਅੱਤਵਾਦੀ ਹਮਲਿਆਂ ਦੌਰਾਨ ਇੱਟ ਦਾ ਜਵਾਬ ਪੱਥਰ ਵਾਂਗੂੰ ਦਿੱਤਾ। ਵਿਜੇ ਸਾਂਪਲਾ ਨੇ ਕਿਹਾ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਦਹਿਸ਼ਤਪਸੰਦਾਂ ਦਾ ਮੁਕਾਬਲਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ, ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਬਲਰਾਜ ਕੌਰ ਨੂੰ ਬਹਾਦਰੀ ਬਦਲੇ ਰਾਸ਼ਟਰਪਤੀ ਵੱਲੋਂ ਸ਼ੌਰੀਆ ਚੱਕਰ ਦੇ ਕੇ ਸਨਮਾਨਿਤ ਕੀਤਾ, ਪਰ ਕੈਪਟਨ ਸਰਕਾਰ ਦੀ ਪੰਜਾਬ ਪੁਲਿਸ ਵੱਲੋਂ ਸ਼ੌਰੀਆ ਚੱਕਰ ਵਿਜੇਤਾ ਪਰਿਵਾਰ ਪਾਸੋਂ ਸੁਰੱਖਿਆ ਵਾਪਸ ਲੈ ਕੇ ਪਰਿਵਾਰ ਨਾਲ ਧੋਖਾ ਕੀਤਾ ਜਿਸ ਦੇ ਕਾਰਨ ਕਾਮਰੇਡ ਬਲਵਿੰਦਰ ਸਿੰਘ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ।
ਉਨ੍ਹਾਂ ਨੇ ਪੰਜਾਬ ਵਿੱਚ ਲਾ-ਐਂਡ ਆਰਡਰ ਦੀ ਸਥਿਤੀ ਨੂੰ ਨਾਜ਼ੁਕ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਪੰਜਾਬ ਦਿਨਕਰ ਗੁਪਤਾ, ਸੀਆਈਡੀ ਏਜੰਸੀਆਂ ਦੀ ਆਲੋਚਨਾ ਕਰਦਿਆਂ ਕਿਹਾ ਇੱਕ ਪਾਸੇ ਸਰਕਾਰ ਬਿਆਨ ਦੇ ਰਹੀ ਹੈ ਕਿ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਦੀ ਕਿਸੇ ਵਿਅਕਤੀ ਨੂੰ ਇਜਾਜ਼ਤ ਨਹੀਂ ਦੇਵੇਗੀ, ਦੂਜੇ ਪਾਸੇ ਮਾਹੌਲ ਨਾਜ਼ੁਕ ਹੋਣ ਦੇ ਬਾਵਜੂਦ ਅੱਤਵਾਦ ਖਿਲਾਫ ਲੜਨ ਵਾਲੇ ਯੋਧਿਆਂ ਦੀ ਸੁਰੱਖਿਆ ਵਾਪਸ ਲੈਣਾ ਕੈਪਟਨ ਸਰਕਾਰ ਦੀ ਨਿਕੰਮੀ ਕਾਰਜਗਾਰੀ ਦੀ ਅਹਿਮ ਨਿਸ਼ਾਨੀ ਹੈ।
ਵਿਜੇ ਸਾਂਪਲਾ ਨੇ ਸ਼ੌਰੀਆ ਚੱਕਰ ਵਿਜੇਤਾ ਪਰਿਵਾਰਕ ਮੈਂਬਰਾਂ ਦੀ ਪਿੱਠ ਥਾਪੜਦਿਆਂ ਕਿਹਾ ਬੇਸ਼ੱਕ ਬਹਾਦਰ ਯੋਧਾ ਕਾਮਰੇਡ ਬਲਵਿੰਦਰ ਸਿੰਘ ਸਾਡੇ ਵਿੱਚ ਨਹੀਂ ਰਿਹਾ ਪਰ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਉਨ੍ਹਾਂ ਦੀ ਪਿੱਠ ਤੇ ਹਰ ਵਕਤ ਖੜ੍ਹੀ ਹੈ। ਇਸ ਮੌਕੇ ਸ਼ੌਰੀਆ ਚੱਕਰ ਵਿਜੇਤਾ ਤੇ ਆਮ ਆਦਮੀ ਪਾਰਟੀ ਆਗੂ ਰਣਜੀਤ ਸਿੰਘ ਭਿੱਖੀਵਿੰਡ, ਸੀਨੀਅਰ ਭਾਜਪਾ ਆਗੂ ਸ੍ਰੀ ਚੰਦਰ ਅਗਰਵਾਲ, ਸਾਬਕਾ ਚੇਅਰਮੈਨ ਸਰਬਜੀਤ ਕੌਰ ਬਾਠ, ਕੌਸਲਰ ਗੁਰਪ੍ਰੀਤ ਗੋਲਡੀ, ਉਪਕਾਰ ਪ੍ਰਿੰਸ ਭਿੱਖੀਵਿੰਡ, ਸਦਾਨੰਦ ਚੋਪੜਾ, ਜਸਵੰਤ ਸਿੰਘ ਬਾਠ, ਡਾ ਕੁਲਦੀਪ ਸਿੰਘ ਢਿੱਲੋਂ ਆਦਿ ਆਗੂ ਹਾਜ਼ਰ ਸਨ।