''ਅਜਨਾਲਾ ਘਟਨਾਕ੍ਰਮ ਵਾਲਾ ਲਵਪ੍ਰੀਤ ਸਿੰਘ ਤੂਫਾਨ ਕੁਝ ਦਿਨ ਪਹਿਲਾਂ ਗਿਆ ਸੀ ਬਾਬਾ ਬਕਾਲਾ''
ਮਾਤਾ ਕਹਿੰਦੀ ਉਹਨਾਂ ਨੂੰ ਵੀ ਨੀ ਪਤਾ ਕਿਥੇ ਹੈ ਤੂਫਾਨ
ਰੋਹਿਤ ਗੁਪਤਾ
ਗੁਰਦਾਸਪੁਰ, 22 ਮਾਰਚ 2023 : 'ਵਾਰਿਸ ਪੰਜਾਬ ਦੇ 'ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਅਮ੍ਰਿਤਪਾਲ ਦੇ ਸਾਥੀਆਂ ਸਮੇਤ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ।ਪਰ ਅਜਨਾਲਾ ਵਿੱਖੇ ਵਾਪਰੇ ਘਟਨਾਕਰਮ ਦਾ ਚਰਚਿੱਤ ਚੇਹਰਾ ਗੁਰਦਾਸਪੁਰ ਦੇ ਪਿੰਡ ਤਿੱਬੜੀ ਦਾ ਭਾਈ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਅੰਮ੍ਰਿਤਪਾਲ ਤੇ ਚੱਲ ਕਾਰਵਾਈ ਦੋਰਾਨ ਕਿਤੇ ਵੀ ਸਾਹਮਣੇ ਨਹੀਂ ਆਇਆ। ਲਵਪ੍ਰੀਤ ਸਿੰਘ ਤੂਫਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾਂ ਹੈ ਕਿ ਜੇਲ੍ਹ ਤੋ ਬਾਹਰ ਆਉਣ ਤੋਂ ਬਾਅਦ ਉਹ ਕਦੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਨਹੀਂ ਗਿਆ ਅੱਤੇ ਕੁੱਝ ਦਿਨ ਪਹਿਲਾਂ ਤੂਫ਼ਾਨ ਸਿੰਘ ਬਾਬਾ ਬਕਾਲਾ ਸਾਹਿਬ ਵਿਖੇ ਗਿਆ ਸੀ , ਉਦੋਂ ਤੋਂ ਉਹ ਮੂੜ੍ਹ ਵਾਪਿਸ ਨਹੀਂ ਆਇਆ।ਪਰਿਵਾਰ ਨੂੰ ਵੀ ਇਸਦੇ ਬਾਰੇ ਕੁੱਝ ਨਹੀਂ ਪਤਾਂ ਹੈ ਕਿ ਉਹ ਕਿੱਥੇ ਹੈ ਜਾਂ ਓਸਦੀ ਗਿਰਫ਼ਤਾਰੀ ਹੋਈ ਹੈ ਯਾ ਨਹੀਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਦੀ ਮਾਤਾ ਹਰਜੀਤ ਕੌਰ ਅਤੇ ਚਾਚੀ ਕੁਲਜੀਤ ਕੌਰ ਨੇ ਦੱਸਿਆ ਕਿ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਤੂਫਾਨ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦੇ ਲਈ ਕਦੀ ਨਹੀਂ ਗਿਆ ਅਤੇ ਉਸ ਦਿਨ ਤੋਂ ਘਰ ਵਿਚ ਹੀ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਹ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਇਕ ਸਮਾਗਮ ਵਿੱਚ ਗਿਆ ਸੀ ਜਿਸ ਤੋਂ ਬਾਅਦ ਉਹ ਵਾਪਿਸ ਨਹੀਂ ਆਇਆ ਅਤੇ ਕੁੱਝ ਦਿਨ ਬਾਅਦ ਹੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸਰਕਾਰ ਵੱਲੋਂ ਕਾਰਵਾਈ ਕਰ ਦਿੱਤੀ ਗਈ।ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਤੇ ਹੋਈ ਕਾਰਵਾਈ ਤੋਂ ਬਾਅਦ ਕਈ ਵਾਰ ਪੁਲੀਸ ਅਧਿਕਾਰੀ ਉਨ੍ਹਾਂ ਦੇ ਘਰ ਚੱਕਰ ਮਾਰ ਚੁੱਕੇ ਹਨ ਪਰ ਅਜੇ ਤੱਕ ਨਾ ਤਾਂ ਪੁਲਿਸ ਨੂੰ ਪਤਾ ਹੈ ਕਿ ਤੂਫ਼ਾਨ ਸਿੰਘ ਕਿੱਥੇ ਹੈ ਅਤੇ ਨਾ ਹੀ ਪਰਿਵਾਰ ਨੂੰ। ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਇਕੱਲਾ-ਇਕੱਲਾ ਪੁੱਤਰ ਹੈ ਜੋ ਉਹਨਾਂ ਦੀ ਬੁਢਾਪੇ ਦਾ ਸਹਾਰਾ ਹੈ ਅਤੇ ਉਸ ਦਾ ਕਿਸੇ ਘਟਨਾਂ ਨਾਲ ਕੋਈ ਸੰਬੰਧ ਨਹੀਂ ਹੈ।