ਨਵੀਂ ਦਿੱਲੀ, 16 ਦਸੰਬਰ 2019 - ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, ''ਤੁਸੀਂ ਜਾਇਦਾਦ ਨੂੰ ਮੁੜ ਬਣਾ ਸਕਦੇ ਹੋ ਪਰ ਤੁਸੀਂ ਉਨ੍ਹਾਂ ਚੀਜ਼ਾਂ ਦੀ ਭਰਪਾਈ ਨਹੀਂ ਕਰ ਸਕਦੇ, ਜਿਨ੍ਹਾਂ 'ਚੋਂ ਸਾਡੇ ਵਿਦਿਆਰਥੀ ਗੁਜ਼ਰੇ ਹਨ। ਅਸੀਂ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ।''
ਜਾਮੀਆ ਮਿਲੀਆ ਯੂਨੀਵਰਸਿਟੀ ਦੀ ਕਾਰਜਕਾਰੀ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਨਜ਼ਮਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਨਜ਼ਮਾ ਨੇ ਕਿਹਾ, ''ਯੂਨੀਵਰਸਿਟੀ ਦੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਇਸ ਸਭ ਦਾ ਹਰਜਾਨਾ ਕਿਵੇਂ ਭਰਿਆ ਜਾਵੇਗਾ? ਇਸ ਦੇ ਨਾਲ ਭਾਵਨਾਤਮਕ ਨੁਕਸਾਨ ਵੀ ਹੋਇਆ ਹੈ।'' ਨਜ਼ਮਾ ਨੇ ਕਿਹਾ, ''ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਧਿਆਨ ਨਾ ਦਿਓ। ਦੋ ਵਿਦਿਆਰਥੀਆਂ ਦੀ ਮੌਤ ਦੀ ਇੱਕ ਅਫ਼ਵਾਹ ਉੱਡੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦੇ ਹਾਂ। ਸਾਡੇ ਕਿਸੇ ਵੀ ਵਿਦਿਆਰਥੀ ਦੀ ਮੌਤ ਨਹੀਂ ਹੋਈ ਹੈ। ਕਰੀਬ 200 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਬਹੁਤੇ ਸਾਡੇ ਵਿਦਿਆਰਥੀ ਹਨ।''