ਪਟਿਆਲਾ,28 ਨਵੰਬਰ 2018 - ਅਧਿਆਪਕ ਮੋਰਚਾ ਅੱਜ ਆਪਣਾ ੫੩ਵਾਂ ਦਿਨ ਵੀ ਪੂਰਾ ਕਰ ਗਿਆ। ਅਧਿਆਪਕਾਂ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਮਿਲ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਆਪਣੇ ਭਾਸ਼ਣ ਵਿੱਚ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ,ਅਤਿੰਦਰਪਾਲ ਘੱਗਾ,ਰਮਿੰਦਰ ਪਟਿਆਲਾ,ਸੁਰਿੰਦਰ ਫਾਜ਼ਿਲਕਾ,ਦਰਸ਼ਨ ਮੋਹਾਲੀ,ਬਲਜੀਤ ਸਿੰਘ, ਪਰਮਜੀਤ ਕੌਰ,ਪਰਵੀਨ ਸ਼ਰਮਾ,ਚਮਕੌਰ ਸਿੰਘ,ਕੁਲਦੀਪ ਮਾਨਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਬੌਧਿਕ ਕੰਗਾਲੀ ਦਾ ਇਨ੍ਹਾਂ ਸ਼ਿਕਾਰ ਹੋ ਚੁੱਕੀ ਹੈ ਕਿ ਇਕ ਸਕੱਤਰ ਪੱਧਰ ਦੇ ਅਧਿਕਾਰੀ ਦੇ ਹੱਥ ਸੂਬੇ ਦੀ ਵਾਗ-ਡੋਰ ਸੰਭਾ ਦਿੱਤੀ ਹੈ ਜੋ ਆਏ ਦਿਨ ਕਾਂਗਰਸ ਦੀ ਵੋਟ ਬੈੰਕ ਵਿੱਚ ਵੱਡੇ ਪੱਧਰ ਤੇ ਸੰਨ ਲਗਾ ਰਿਹਾ ਹੈ ਅਤੇ ਇਸਦੇ ਮੰਤਰੀ ਮੂਕ-ਦਰਸ਼ਕ ਬਣ ਕੇ ਸਭ ਤਮਾਸ਼ਾ ਦੇਖ ਰਹੇ ਹਨ,ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਰਲ ਕੇ ਪੰਜਾਬ ਦੀ ਕਮਜ਼ੋਰ ਵਿਰੋਧੀ ਧਿਰ ਦੀ ਕਮੀ ਨੂੰ ਪੂਰਾ ਕਰ ਰਹੇ ਹਨ ਕਿਉਂਕਿ ਉਹ ਸਰਕਾਰ ਦੇ ਵੋਟ ਬੈੰਕ ਦੇ ਵੱਡੇ ਹਿੱਸੇ ਨੂੰ ਖੋਰਾ ਲਗਾ ਕੇ ਵਿਰੋਧੀਆਂ ਦੇ ਖੇਮੇ ਵਿੱਚ ਭੇਜ ਰਹੇ ਹਨ ।
ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਆਪਣੇ ਲੀਰੋ ਲੀਰ ਹੋ ਚੁੱਕੇ 94% ਅੰਕੜੇ ਨੂੰ ਇੱਕ ਸਨਮਾਨਯੋਗ ਸਥਿਤੀ ਵਿੱਚ ਲਿਆਉਣ ਖਾਤਿਰ ਇਨਾਂ ਬੁਖਲਾਹਟ ਵਿੱਚ ਆ ਚੁੱਕਾ ਹੈ ਕਿ ਸਮੂਹ ਜਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਆਪਣੇ ਆਪਣੇ ਕੰਮ ਛਡਵਾ ਕੇ ਆਪਸ਼ਨ ਕਲਿਕ ਨਾ ਕਰਨ ਵਾਲੇ ਅਧਿਆਪਕਾਂ ਦੇ ਪਿੱਛੇ ਜਸੂਸਾਂ ਵਾਂਗ ਲਗਾ ਦਿੱਤਾ ਹੈ,ਜਿਸ ਕਾਰਨ ਜਿਲਿਆਂ ਦੇ ਸਮੂਹ ਸਿੱਖਿਆ ਦਫਤਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ,ਜਿਸ ਦੀ ਤਾਜ਼ਾ ਉਦਾਹਰਣ ਅੱਜ ਮੋਹਾਲੀ ਦਫਤਰ ਵਿਖੇ ਦੇਖਣ ਨੂੰ ਮਿਲੀ ਜਦੋ ਮੁੱਕਤਲ ਕੀਤੇ ਅਧਿਆਪਕਾਂ ਨੂੰ ਮੋਹਾਲੀ,ਜਵਾਬ ਨਾ ਦੇਣ ਕਾਰਨ ਅਗਲੇਰੀ ਕਰਵਾਈ ਕਰਨ ਲਈ ਬੁਲਾਇਆ ਗਿਆ ਪਰ ਅਧਿਆਪਕਾਂ ਵੱਲੋਂ ਜਦੋਂ ਇਹ ਦਸਿਆ ਗਿਆ ਕਿ ਉਹਨਾਂ ਵੱਲੋਂ ਜਿਲ੍ਹਾ ਸਿਖਿਆ ਦਫ਼ਤਰਾਂ ਵਿੱਚ ਜਵਾਬ ਤਹਿ ਸਮੇਂ ਵਿੱਚ ਜਮ੍ਹਾ ਕਰਵਾ ਦਿਤਾ ਗਿਆ ਹੈ ਤਾਂ ਮਸਲਾ ਠੰਡਾ ਹੋ ਗਿਆ । ਪਟਿਆਲਾ ਜਿਲ੍ਹੇ ਵਿੱਚ ਅਧਿਆਪਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਦੀ ਮਨਸਾ ਨਾਲ ਵੱਡੇ ਪੱਧਰ ਤੇ ਕੀਤੀਆਂ ਬਦਲੀਆਂ ਦਾ ਫੌਰੀ ਰੀਐਕਸ਼ਨ ਲੈਂਦਿਆਂ ਸਾਂਝੇ ਅਧਿਆਪਕ ਮੋਰਚੇ ਦਾ ਇੱਕ ਵਫਦ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ ਅਤੇ ਕੀਤੀਆਂ ਬਦਲੀਆਂ ਦਾ ਵਿਰੋਧ ਜਤਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਬਦਲੀਆਂ ਨੂੰ ਵਾਪਿਸ ਨਾ ਲਿਆ ਗਿਆ ਤਾਂ ਡੀ.ਈ.ਓ ਦਫਤਰ ਦੇ ਵਿਰੋਧ ਤਿੱਖਾ ਐਕਸ਼ਨ ਐਲਾਨਿਆ ਜਾਵੇਗਾ । ਉਹਨਾਂ ਕਿਹਾ ਕਿ 2 ਦਸੰਬਰ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਇਹ ਚੱਕਾ ਜਾਮ ਹੰਕਾਰੀ ਸਰਕਾਰ ਨੂੰ ਗੋਡਿਆਂ ਭਾਰ ਲਿਆ ਕੇ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗੀ।