ਅਧਿਆਪਕ ਮੋਰਚੇ ਦਾ 18ਵਾਂ ਦਿਨ : 5 ਨਵੰਬਰ ਦੀ ਉਡੀਕ 'ਚ ਅਧਿਆਪਕ
24 ਅਕਤੂਬਰ, ਪਟਿਆਲਾ : ਅਧਿਆਪਕ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਪੱਕੇ ਮੋਰਚਾ ਅਤੇ ਮਰਨ ਵਰਤ ਅੱਜ ਅਠਾਰਵੇਂ ਦਿਨ ਵਿਚ ਸ਼ਾਮਲ ਹੋ ਗਿਆ।
ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਵਾਜਿਬ ਹੱਲ ਲਈ ਸੰਘਰਸ਼ ਨੂੰ ਅਗਲੇ ਪੜਾਅ ਦੌਰਾਨ ਵੀ ਵਧਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਦਵਿੰਦਰ ਸਿੰਘ ਪੂਨੀਆ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ ਅਤੇ ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਸੁਖਜਿੰਦਰ ਸਿੰਘ ਹਰੀਕੇ, ਦੀਦਾਰ ਸਿੰਘ ਮੁੱਦਕੀ, ਗੁਰਜਿੰਦਰਪਾਲ ਸਿੰਘ,
ਅਮ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ, ਰਮਸਾ, ਆਦਰਸ਼ ਸਕੂਲ ਅਧਿਆਪਕਾਂ ਨਾਲ ਰੈਗੂਲਰ ਦੇ ਨਾਮ ਹੇਠ ਕੀਤੇ ਜਾ ਰਹੇ ਵੱਡੇ ਫਰੇਬ ਤਹਿਤ ਇਹਨਾਂ ਅਧਿਆਪਕਾਂ ਨੂੰ ਸਾਰੇ ਲਾਭਾਂ ਸਹਿਤ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੀ ਬਜਾਏ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਲਗਾਏ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਨਵੰਬਰ 2017 ਵਿੱਚ ਆਪਣੀਆਂ ਸੇਵਾਵਾਂ ਦੇ ਤਿੰਨ ਸਾਲ ਪੂਰੇ ਕਰ ਚੁੱਕੇ 5178 ਅਧਿਆਪਕਾਂ ਦੇ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਤੇ ਤਨਖਾਹਾ ਨੂੰ ਜਾਰੀ ਕਰਵਾਉਣ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ ਵਿੱਚ ਸਿਫਟ ਕਰਨ,ਆਦਰਸ਼ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਕੇ ਸਿੱਖਿਆ ਦਾ ਉਜਾੜਾ ਕਰਨ ਵਾਲੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਅਤੇ ਅਖੌਤੀ ਪ੍ਰਾਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਵਿੱਚੋਂ ਹਟਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ, ਪੰਜਾਬ ਭਰ ਦੇ ਅਧਿਆਪਕ ਦੀਆਂ 2016 ਤੋਂ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨ, ਕਈ-ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਅਤੇ ਆਦਰਸ਼ ਸਕੂਲਾਂ ਵਿੱਚ ਸਰਕਾਰੀ ਮਿਲੀਭੁਗਤ ਨਾਲ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਅਧਿਆਪਕਾਂ ਦੀਆਂ ਕੀਤੀਆਂ ਟਰਮੀਨੇਸ਼ਨਾ ਰੱਦ ਕਰਨ ਸਮੇਤ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਆਂ ਕੀਤੀਆਂ ਮੁਅੱਤਲੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਆਦਿ ਮੰਗਾਂ ਸ਼ਾਮਿਲ ਹਨ ਦੇ ਵਾਜਿਬ ਹੱਲ ਲਈ ਅਧਿਆਪਕ ਸੰਘਰਸ਼ ਬਾ-ਦਸਤੂਰ ਜਾਰੀ ਹੈ ਅਤੇ ਪੰਜਾਬ ਭਰ ਦੇ ਅਧਿਆਪਕ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਮੁਲਾਜ਼ਮ ਮਾਰੂ ਨੀਤੀ ਦਾ ਡਟ ਕੇ ਵਿਰੋਧ ਕਰਨਗੇ।
ਆਗੂਆਂ ਨੇ ਆਖਿਆ ਕਿ ਸਰਕਾਰ ਦੇ ਝੂਠ -ਤੂਖ਼ਾਨ, ਡਰਾਵੇ -ਧਮਕੀਆਂ ,ਮੁਅੱਤਲੀਆਂ- ਬਦਲੀਆਂ ,ਠੰਢਾ ਛਿੜਕਣ ਲਈ ਬਣਾਈ ਮੁੜ - ਪੜਤਾਲ ਕਮੇਟੀ, ਤੂਹਮਤਾਂ ਤੇ ਕੂੜ- ਪ੍ਰਚਾਰ, ਝੂਠੇ ਅੰਕੜਿਆਂ ਅਤੇ ਗਲਤ ਤੱਥਾਂ ਨੂੰ ਨਕਾਰਦਿਆ 8886 ਐੱਸ.ਐੱਸ.ਏ. ਰਮਸਾ ਆਦਰਸ਼ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਉਸ ਦੇ ਸਿੱੱਖਿਆ ਵਿਭਾਗ ਵੱਲੋਂ ਸੂਬੇ ਅੰਦਰ ਅਧਿਆਪਕਾਂ ਲਈ ਜੰਗੀ ਹਲਾਤ ਸਿਰਜਦਿਆਂ ਇਹਨਾਂ ਅਧਿਆਪਕਾਂ ਨੂੰ ਛੁੱੱਟੀ ਨਾ ਦੇਣ ਦੇ ਹੁਕਮ ਨੂੰ ਠੁੱਡਾ ਮਾਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਧਰਨੇ ਵਿੱਚ ਭਰਵੀਂ ਸਮੂਲੀਅਤ ਕੀਤੀ ਜਾ ਰਹੀ ਹੈ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਇਕਬਾਲ ਸਿੰਘ ਢੀਡਸਾ, ਸਰਬਜੀਤ ਸਿੰਘ, ਜੁਗਿੰਦਰ ਆਜਾਦ, ਮੇਹਰ ਸਿੰਘ ਥੇੜੀ ਤੋਂ ਇਲਾਵਾ ਰਾਜੀਵ ਕੁਮਾਰ, ਅਮਨਦੀਪ ਦੇਵੀਗੜੵ, ਇਕਬਾਲ ਸਿੰਘ, ਰਣਜੀਤ ਮਾਨ,ਵਿਕਰਮਜੀਤ ਕੱਦੋਂ,ਕੁਲਦੀਪ ਪਟਿਆਲਵੀ, ਸਿਕੰਦਰ ਸਿੰਘ,ਪੁਸ਼ਪਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।