ਪਟਿਆਲਾ,10 ਨਵੰਬਰ 2018 - ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਮੋਰਚਾ 35ਵੇਂ ਦਿਨ ਵਿੱਚ ਦਾਖਿਲ ਹੋ ਗਿਆ ਜਿੱਥੇ ਪਠਾਨਕੋਟ,ਫਾਜ਼ਿਲਕਾ ਅਤੇ ਲੁਧਿਆਣਾ ਜ਼ਿਲ੍ਹਿਆਂ ਸਮੇਤ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਠੇਕਾ ਅਧਾਰਿਤ ਅਤੇ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ 'ਚ 65 ਤੋਂ 75% ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵਿੱਚ ਦਰਜ਼ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ,ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਨਾ ਕਰਨ ਅਤੇ ਜਨਤਕ ਸਿੱਖਿਆ ਨੂੰ ਤਹਿਸ ਨਹਿਸ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ਚੋ ਚਲਦਾ ਕਰਨ ਵਿੱਚ ਦੇਰੀ ਕਰ ਰਹੀ ਹੈ ਉਥੇ ਆਮ ਜਨਤਾ ਵਿੱਚ ਸਰਕਾਰ ਦੇ ਵਿਰੁੱਧ ਰੋਹ ਵੱਧ ਰਿਹਾ ਹੈ ਜਿਸ ਦਾ ਸਿਆਸੀ ਨੁਕਸਾਨ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭਰਨਾ ਪਵੇਗਾ।
ਅਧਿਆਪਕ ਆਗੂਆਂ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ,ਸੁਖਵਿੰਦਰ ਸਿੰਘ ਚਾਹਲ,ਬਲਕਾਰ ਸਿੰਘ ਵਲਟੋਹਾ,ਬਾਜ ਸਿੰਘ ਖਹਿਰਾ,ਅਤੇ ਹਰਜੀਤ ਬਸੋਤ ਨੇ ਆਪਸ਼ਨ ਕਲਿਕ ਨਾ ਕਰਨ ਵਾਲੇ ਅਧਿਆਪਕਾਂ ਨੂੰ ਡਰਾਉਣ ਦੀ ਮਨਸਾ ਹੇਠ ਉਹਨਾਂ ਦੇ ਸਟੇਸ਼ਨਾਂ ਤੇ ਹੋਰ ਅਧਿਆਪਕਾਂ ਨੂੰ ਜੁਆਇਨ ਕਰਾਉਣ ਦੀ ਸਿੱਖਿਆ ਸਕੱਤਰ ਦੇ ਫੈਸਲੇ ਦੀ ਨਿਖੇਧੀ ਕੀਤੀ ਅਤੇ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲੇ ਅਧਿਆਪਕ,ਸਕੂਲ ਮੁੱਖੀ ਅਤੇ ਕਲੱਸਟਰ ਮੁੱਖੀ ਦਾ ਘਰਾਉ ਕੀਤਾ ਜਾਵੇਗਾ ਅਤੇ ਸੋਸ਼ਲ ਬਾਈਕਾਟ ਕੀਤਾ ਜਾਵੇਗਾ,ਇਸੇ ਰੋਹ ਵਿੱਚ ਅੱਜ ਅਧਿਆਪਕ ਜਥੇਬੰਦੀ ਵੱਲੋਂ ਸਿੱਖਿਆ ਸਕੱਤਰ ਦੀ ਮਾਡਲ ਟਾਊਨ ਸਥਿਤ ਸਰਕਾਰੀ ਰਿਹਾਇਸ ਤੱਕ ਮਾਰਚ ਕਰਨ ਉਪਰੰਤ ਉਸ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ।
ਸਾਂਝੇ ਅਧਿਆਪਕ ਮੋਰਚੇ ਦੀ ਮੁਲਾਜ਼ਮ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਨਾਲ ਇੱਕ ਅਹਿਮ ਮੀਟਿੰਗ ਸਥਾਨਕ ਬੀ.ਐਨ ਖਾਲਸਾ ਸਕੂਲ ਵਿਖੇ ਹੋਈ ਜਿਸ ਵਿੱਚ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ 11 ਨਵੰਬਰ ਨੂੰ ਪੰਜਾਬ ਦੇ ਸਮੂਹ ਜਿਲ੍ਹਿਆਂ ਤੇ ਸਾਂਝੇ ਰੂਪ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 12,13 ਅਤੇ 14 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਸਮੂਹ ਐੱਮ.ਐਲ.ਏ/ਵਿਧਾਇਕਾਂ ਦੇ ਘਰਾਂ ਬਾਹਰ ਧਰਨੇ ਦਿੱਤੇ ਜਾਣਗੇ ਅਤੇ 18 ਨਵੰਬਰ ਨੂੰ ਇੱਕੋ ਦਿਨ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੀਆਂ ਰਿਹਾਇਸ਼ਾਂ ਬਾਹਰ ਮਹਾਂ ਰੈਲੀਆਂ ਕੀਤੀਆਂ ਜਾਣਗੀਆਂ ।
ਇਕੱਤਰ ਅਧਿਆਪਕਾਂ ਨੂੰ ਜਸਵਿੰਦਰ ਝਬੇਲਵਾਲੀ,ਅਤਿੰਦਰਪਾਲ ਘੱਗਾ,ਰਾਜਨ ਮਹਾਜਨ,ਰਹਦੇਵ ਮੁੱਲਾਂਪੁਰ, ਜਗਪਾਲ ਸਿੰਘ,ਮਹਿੰਦਰ ਕੌੜਿਆਵਾਲੀ, ਧਰਮ ਸਿੰਘ,ਅਜੀਤਪਾਲ,ਭਗਵੰਤ ਭਟੇਜਾ ਆਦਿ ਨੇ ਵੀ ਸੰਬੋਧਨ ਕੀਤਾ ।