ਪਟਿਆਲਾ, 14 ਨਵੰਬਰ 2018 - ਅਧਿਆਪਕ ਮੋਰਚਾ ਅੱਜ ੩੯ਵੇਂ ਦਿਨ 'ਚ ਸ਼ਾਮਲ ਹੋ ਗਿਆ। ਜਿਸ ਵਿੱਚ ਹੁਸ਼ਿਆਰਪੁਰ ਅਤੇ ਬਰਨਾਲਾ ਜਿਲ੍ਹੇ ਦੇ ਅਧਿਆਪਕਾਂ ਨੇ ਹਾਜ਼ਰੀ ਲਵਾਈ । ਇਸ ਮੌਕੇ ਅਧਿਆਪਕ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਿਥੇ 4 ਨਵੰਬਰ ਨੂੰ ਪੂਰੇ ਭਾਰਤ ਵਿੱਚ 'ਬਾਲ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਉਥੇ ਕਾਂਗਰਸ ਦੀ ਪੰਜਾਬ ਸਰਕਾਰ ਨੇ ਪਿਛਲੇ ਦਸ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਆੜ ਹੇਠ ਤਨਖਾਹਾਂ ਦੀ ਕਟੌਤੀ ਦੇ ਨਰਕ ਵਿੱਚ ਝੋਕ ਦਿਤਾ ਹੈ ਜਿਸ ਕਾਰਨ ਅਧਿਆਪਕਾਂ ਦੇ ਘਰਾਂ ਦਾ ਬਜਟ ਗੜਬੜਾ ਗਿਆ ਹੈ। ਜਿਸ ਕਾਰਨ ਅਧਿਆਪਕ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਆ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ 'ਬਾਲ ਦਿਵਸ' ਮੌਕੇ ਅਧਿਆਪਕਾਂ ਦੇ ਬੱਚਿਆਂ ਨੇ ਲਾਲ ਸਿੰਘ ਦੀ ਕੋਠੀ ਤੱਕ 'ਬਾਲ-ਮਾਰਚ' ਕਰਦੇ ਹੋਏ ਕਾਂਗਰਸ ਦੇ ਬਾਲ-ਦਿਵਸ ਨੂੰ ਮਹਿਜ ਡਰਾਮਾ ਕਰਾਰ ਦਿੱਤਾ। ਜਿਕਰਯੋਗ ਹੈ ਕਿ ਅਧਿਆਪਕਾਂ ਨੇ ਦੁਸਿਹਰਾ, ਕਰਵਾ,ਦੀਵਾਲੀ ਵਰਗੇ ਲੋਕ ਤਿਉਹਾਰ ਸੜਕਾਂ ਤੇ ਹੀ ਮਨਾਏ ਹਨ ਅਤੇ ਅੱਜ ਦੇ ਬਾਲ-ਦਿਵਸ ਨੂੰ ਵੀ ਸੜਕ ਤੇ ਹੀ ਮਨਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਜਾਹਰ ਕੀਤਾ ਹੈ ।
ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸਾਂਝਾ ਮੋਰਚਾ ਦੇ ਕਨਵੀਨਰ ਦਵਿੰਦਰ ਸਿੰਘ ਪੂਨੀਆਂ,ਸੁਖਵਿੰਦਰ ਸਿੰਘ ਚਾਹਲ,ਤਜਿੰਦਰ ਸਿੰਘ ਤੇਜੀ,ਅਮਨਦੀਪ ਸ਼ਰਮਾ,ਲਾਭ ਸਿੰਘ ਅਕਲੀਆ,ਗੁਰਮੀਤ ਸੁੱਖਪੁਰ, ਜਤਿੰਦਰ ਸਿੰਘ,ਸੁਖਦੇਵ ਡਾਨਸੀਵਲ, ਮੁਕੇਸ਼ ਕੁਮਾਰ,ਮਦਨ ਲਾਲ ਸੈਣੀ,ਜਸਵੀਰ ਕੌਰ ਨੱਤ, ਹਰਭਗਵਾਨ ਭਿੱਖੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਹਲ ਨਹੀਂ ਕਰਦੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ