ਅੰਮ੍ਰਿਤਪਾਲ ਤੇ ਸਾਥੀਆਂ ਖਿਲਾਫ਼ ਕਾਰਵਾਈ ਸਿਧਾਂਤਕ ਤੌਰ 'ਤੇ ਬਿਲਕੁਲ ਗਲਤ : ਅਕਾਲੀ ਦਲ ਅੰਮ੍ਰਿਤਸਰ
ਆਈ ਜੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਭਾਈ ਅੰਮ੍ਰਿਤਪਾਲ ਦੇ ਲਾਏ ਦੋਸ਼ਾਂ ਦਾ ਵੀ ਦਿੱਤਾ ਜਵਾਬ
ਰੋਹਿਤ ਗੁਪਤਾ
ਗੁਰਦਾਸਪੁਰ, 22 ਮਾਰਚ 2023 : ਸ਼੍ਰੋਮਣੀ ਅਕਾਲੀ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜਿਆ ਗਿਆ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਟ੍ਰੇਡ ਸੈੱਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ,ਹਲਕਾ ਕਾਦੀਆਂ ਦੇ ਇੰਚਾਰਜ,ਕੋਰ ਕਮੇਟੀ ਮੈਂਬਰ ਇੰਡੀਆ ਜਤਿੰਦਰਬੀਰ ਸਿੰਘ ਪੰਨੂ ਨੇ ਕਿਹਾ ਕਿ ਪਿਛਲੇ ਦਿਨੀ ਵਾਪਰੇ ਘਟਨਾ ਕਰਮ ਕਾਰਨ ਪੰਜਾਬ ਦੇ ਲੋਕ ਸਹਿਮੇ ਹੋਏ ਹਨ ਅਤੇ ਸਿੱਖ ਇਸਲਈ ਸਹਿਮ ਵਿੱਚ ਹਨ ਕਿ ਕੇਂਦਰ ਅਤੇ ਪੰਜਾਬ ਸਰਕਾਰ ਫਿਰ ਤੋਂ 1984 ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਵਿਚ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਮਿਲੀਭੁਗਤ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।। ਇਸੇ ਸੋਚ ਅਧੀਨ ਬੀਤੇ 4 ਦਿਨ ਪਹਿਲਾਂ ਅਮਨ-ਚੈਨ ਨਾਲ ਵੱਸਦੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁਕਮਰਾਨਾਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ 78 ਸਾਥੀਆਂ, ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਜਾਬ ਸੂਬੇ ਨਾਲ ਸੰਬੰਧਿਤ ਸੀਨੀਅਰ ਲੀਡਰਸ਼ਿਪ, ਅਹੁਦੇਦਾਰਾਂ, ਵਰਕਰਾਂ ਨੂੰ ਜਾਂ ਤਾਂ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਫਿਰ ਘਰਾਂ ਵਿੱਚ ਹੀ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਹੋਇਆ ਹੈ। ਸਰਕਾਰ ਅਤੇ ਪੁਲਿਸ ਵੱਲੋਂ ਮੀਡੀਆ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਿਸ ਦੀ ਨਜ਼ਰ ਤੋਂ ਬਚ ਕੇ ਫਰਾਰ ਹੋਣ ਦਾ ਗੁੰਮਰਾਹਕੁੰਨ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਬੰਦ ਹੋਣ ਕਾਰਨ ਛੋਟੇ ਤੋਂ ਲੈ ਕੇ ਵੱਡੇ ਦੁਕਾਨਦਾਰਾਂ ਤੱਕ ਸਾਰਿਆਂ ਦੇ ਵਪਾਰ ਤੇ ਅਸਰ ਪਿਆ ਹੈ ਜਦ ਕਿ ਇਨ੍ਹਾਂ ਹਲਾਤਾਂ ਕਾਰਨ ਹਰ ਪੰਜਾਬੀ ਸਹਿਮਿਆ ਹੋਇਆ ਹੈ।
ਜਤਿੰਦਰਬੀਰ ਸਿੰਘ ਨੇ ਸਰਕਾਰ ਦੇ ਭਾਈ ਅਮ੍ਰਿਤ ਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੀਤੀ ਕਾਰਵਾਈ ਦੇ ਤਰੀਕਿਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਆਈਜੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਵਾਰਿਸ ਪੰਜਾਬ ਦੇ' ਨੂੰ ਮਿਲੇ ਫ਼ੰਡਾਂ ਬਾਰੇ ਕਿਹਾ ਗਿਆ ਸੀ ਜਿਸ ਦੇ ਲਈ ਈ ਡੀ ਮਹਿਕਮੇ ਨੂੰ ਇੰਕੁਵਾਰੀ ਦਿੱਤੀ ਜਾਣੀ ਚਾਹੀਦੀ ਸੀ। ਜਦਕਿ ਆਈ ਜੀ ਵੱਲੋਂ ਚੁੱਕੇ ਗਏ ਹਥਿਆਰਾਂ ਅਤੇ ਫੋਰਸ ਤਿਆਰ ਕਰਨ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਕੋਲ ਆਧੁਨਿਕ ਹਥਿਆਰ ਨਹੀਂ ਬਲਕਿ ਦੁਨਾਲੀਆਂ ਜਿਹੇ ਹਥਿਆਰ ਹਨ ਜਿਨ੍ਹਾਂ ਦੇ ਸਿਰ ਤੇ ਅੱਜ ਦੇ ਜ਼ਮਾਨੇ ਵਿਚ ਲੜਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਵੱਲੋਂ ਸਿੱਖਾਂ 'ਤੇ ਝੂਠੇ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਕਰਦੇ ਹੋਏ ਅਮਨਮਈ ਮਾਹੌਲ ਨੂੰ ਜਾਣਬੁੱਝ ਕੇ ਵਿਸਫੋਟਕ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਜਤਿੰਦਰਬੀਰ ਸਿੰਘ ਪੰਨੂੰ, ਗੁਰਬਚਨ ਸਿੰਘ ਪਵਾਰ, ਭਗਵਾਜ ਸਿੰਘ, ਬਲਜੀਤ ਸਿੰਘ, ਗੁਰਬਾਜ ਸਿੰਘ, ਗੁਰਮੁੱਖ ਸਿੰਘ ਆਦਿ ਮੌਜੂਦ ਸਨ।