ਨਵੀਂ ਦਿੱਲੀ, 5 ਅਗਸਤ 2019 - ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਦਾ ਫ਼ੈਸਲੇ ਦਾ ਕਾਂਗਰਸ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ।
ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਭਾਜਪਾ ਨੇ ਵੋਟਾਂ ਦੇ ਚੱਕਰ 'ਚ ਕਸ਼ਮੀਰ ਦੇ ਟੁਕੜੇ ਕਰ ਦਿੱਤੇ ਹਨ ਅਤੇ ਇਹ ਦਿਨ ਦੇਸ਼ ਲਈ ਕਾਲਾ ਦਿਨ ਹੈ। ਰਾਜ ਸਭਾ 'ਚ ਗ਼ੁਲਾਮ ਨਬੀ ਆਜ਼ਾਦ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੋਂ ਜੰਮੂ-ਕਸ਼ਮੀਰ 'ਚ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ, ਉਦੋਂ ਤੋਂ ਕਈ ਤਰ੍ਹਾਂ ਦੇ ਖ਼ਦਸ਼ੇ ਸਾਹਮਣੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਜਦੋਂ ਸਦਨ 'ਚ ਆਏ ਤਾਂ ਐਟਮ ਬੰਬ ਫਟ ਗਿਆ। ਗ੍ਰਹਿ ਮੰਤਰੀ ਅੱਜ ਹੀ ਬਿੱਲ ਲਿਆਏ, ਅੱਜ ਹੀ ਪੇਸ਼ ਕਰ ਰਹੇ ਹਨ ਅਤੇ ਫਿਰ ਚਾਹੁੰਦੇ ਹਨ ਕਿ ਅੱਜ ਹੀ ਇਸ ਨੂੰ ਪਾਸ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਦਿਨ ਦੇਸ਼ ਦੇ ਇਤਿਹਾਸ ਲਈ ਕਾਲਾ ਦਿਨ ਹੈ। ਆਜ਼ਾਦ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਇਤਿਹਾਸ ਦੀ ਸ਼ੁਰੂਆਤ ਉੱਥੇ ਪ੍ਰਧਾਨ ਮੰਤਰੀ ਨਾਲ ਹੋਈ ਸੀ ਪਰ ਤੁਸੀਂ ਉਸ ਨੂੰ ਉਪ ਰਾਜਪਾਲ 'ਤੇ ਲਿਆ ਕੇ ਖ਼ਤਮ ਕਰ ਦਿੱਤਾ ਤਾਂ ਕਿ ਤੁਸੀਂ ਚਪੜਾਸੀ ਦੀਆਂ ਨਿਯੁਕਤੀਆਂ ਵੀ ਖ਼ੁਦ ਕਰ ਸਕੋ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਤੁਸੀਂ ਚਾਰ ਮਹੀਨੇ ਇੰਤਜ਼ਾਰ ਕਰਦੇ ਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਸਾਨੀ ਨਾਲ ਫ਼ੈਸਲਾ ਹੋ ਸਕਦਾ ਸੀ ਪਰ ਤੁਸੀਂ ਵੋਟਾਂ ਲਈ ਕਸ਼ਮੀਰ ਦੇ ਟੁਕੜੇ ਕਰ ਦਿੱਤੇ।