ਕਿਸਾਨ ਮੋਰਚਾ ਵੱਲੋਂ ਅਗਨੀਪੱਥ ਸਕੀਮ ਵਿਰੁੱਧ ਬਰਨਾਲਾ 'ਚ ਵਿਰੋਧ ਪ੍ਰਦਰਸ਼ਨ
- 3 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਹੋਣ ਵਾਲੀ ਗਾਜੀਆਬਾਦ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸੰਘਰਸ਼ ਦੀ ਵਿਉਂਤਬੰਦੀ ਉਲੀਕੀ ਜਾਵੇਗੀ -ਮਨਜੀਤ ਧਨੇਰ
- ਨੌਜਵਾਨ ਵੱਡੀ ਗਿਣਤੀ ਵਿੱਚ ਹੋਏ ਸ਼ਾਮਿਲ
ਕਮਲਜੀਤ ਸਿੰਘ ਸੰਧੂ
ਬਰਨਾਲਾ 24 ਜੂਨ 2022 - ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਹਕੂਮਤ ਵੱਲੋਂ ਲਿਆਂਦੀ ਅਗਨੀਪੱਥ ਸਕੀਮ ਵਿਰੁੱਧ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਦੇ ਸੱਦੇ ਨੂੰ ਲਾਗੂ ਕਰਦਿਆਂ ਦਾਣਾ ਮੰਡੀ ਬਰਨਾਲਾ ਵਿਖੇ ਇਕੱਠੇ ਹੋਣ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਕੇ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਭੇਜਿਆ ਜਾਣ ਵਾਲਾ ਮੰਗ ਪੱਤਰ ਡੀਸੀ ਕੰਪਲੈਕਸ ਵਿੱਚ ਜਾਕੇ ਡੀਸੀ ਬਰਨਾਲਾ ਦੇ ਨੁਮਾਇੰਦੇ ਨੂੰ ਦਿੱਤਾ ਗਿਆ।
ਇਸ ਸਮੇਂ ਵਿਚਾਰ ਪੇਸ਼ ਕਰਦਿਆਂ ਆਗੂਆਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਬੀਕੇਯੂ ਕਾਦੀਆਂ ਦੇ ਸੂਬਾ ਆਗੂ ਸੰਪੂਰਨ ਸਿੰਘ ਚੂੰਘਾਂ, ਕੑਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ, ਪੀਕੇਯੂ ਦੇ ਆਗੂ ਜੱਗਾ ਸਿੰਘ ਬਦਰਾ ਨੇ ਕਿਹਾ ਮੋਦੀ ਹਕੂਮਤ ਆਪਣੇ ਸੌੜੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ 'ਅਗਨੀਪਥ' ਨਾਂ ਦੀ ਚਾਰ ਸਾਲਾਂ ਲਈ ਫੌਜ ਵਿੱਚ ਭਰਤੀ ਲਈ ਯੋਜਨਾ ਲਿਆ ਰਹੀ ਹੈ। ਇਸ ਨਾਲ ਪਹਿਲਾਂ ਹੀ 45 ਸਾਲ ਤੋਂ ਸਭ ਤੋਂ ਵੱਧ ਵਿਰਾਟ ਸ਼ਕਲ ਅਖਤਿਆਰ ਕੀਤੀ ਬੇਰੁਜ਼ਗਾਰ ਨੌਜਵਾਨੀ ਬੁਰੀ ਤਰ੍ਹਾਂ ਪ੍ਭਾਵਿਤ ਹੋਵੇਗੀ।
ਇਸ ਸਕੀਮ ਨੂੰ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਤਰਜ ਤੇ ਵਿਸ਼ਾਲ ਸਾਂਝਾ ਮੋਰਚਾ ਬਣਾਕੇ 'ਅਗਨੀਪਥ'ਯੋਜਨਾ ਰੱਦ ਕਰਨ ਲਈ ਮੋਦੀ ਹਕੂਮਤ ਨੂੰ ਮਜ਼ਬੂਰ ਕੀਤਾ ਜਾਵੇਗਾ। 3 ਜੁਲਾਈ ਦੀ ਸੰਯੁਕਤ ਕਿਸਾਨ ਮੋਰਚਾ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਵੱਡੀ ਲੋਕਾਈ ਨੂੰ ਪਰਭਾਵਿਤ ਕਰਨ ਵਾਲੇ ਮਸਲੇ ਤੇ ਮੁਲਕ ਪੱਧਰੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਅਗਨੀਪਥ ਸਕੀਮ ਰਾਹੀਂ ਮੋਦੀ ਹਕੂਮਤ ਆਪਣਾ ਸਿਆਸੀ ਏਜੰਡਾ( ਆਰਐਸਐਸ ਲਈ ਹਥਿਆਰਬੰਦ ਸੈਨਾ) ਅੱਗੇ ਵਧਾਵੇਗਾ।
ਇਸੇ ਹੀ ਤਰ੍ਹਾਂ ਯੂਪੀ ਦੀ ਯੋਗੀ ਅਦਿੱਤਿਆਨਾਥ ਸਰਕਾਰ ਵੱਲੋਂ ਘੱਟ ਗਿਣਤੀਆਂ, ਜਮਹੂਰੀ ਤਾਕਤਾਂ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਜਬਰ ਦੇ ਜੋਰ ਡਰਾਉਣ-ਧਮਕਾਉਣ ਲਈ ਧਾਰਨ ਕੀਤੀ ਬੁਲਡੋਜ਼ਰ ਫਾਸ਼ੀਵਾਦ ਦੀ ਨੀਤੀ ਉੱਪਰ ਰੋਕ ਲਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਪ੍ਰਮੁੱਖ ਆਗੂ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਉੱਪਰ ਪ੍ਰਯਾਗਰਾਜ ਵਿਖੇ ਦਰਜ ਕੀਤੇ ਪੁਲੀਸ ਕੇਸ ਅਤੇ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ।
ਆਗੂਆਂ ਨੂੰ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਰਾਂ'ਤੇ ਹੋਣ ਦੇ ਬਾਵਜੂਦ ਸਮੂਹ ਪਿੰਡ ਇਕਾਈਆਂ ਵੱਲੋਂ ਨੌਜਵਾਨਾਂ ਨੂੰ ਨਾਲ ਲੈਕੇ ਦਾਣਾ ਮੰਡੀ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਜੋਸ਼ੀਲਾ ਮਾਰਚ ਕੀਤਾ। ਡੀਸੀ ਕੰਪਲੈਕਸ ਵਿਖੇ ਵਿਸ਼ਾਲ ਰੈਲੀ ਕਰਨ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਡੀਸੀ ਬਰਨਾਲਾ ਦੇ ਨੁਮਾਇੰਦੇ ਨੇ ਰੈਲੀ ਵਿੱਚ ਆਕੇ ਹਾਸਲ ਕੀਤਾ। ਡੀਸੀ ਦਫਤਰ ਬਰਨਾਲਾ ਤੱਕ ਮਾਰਚ ਕਰਕੇ ਮੋਦੀ ਹਕੂਮਤ ਦਾ ਪੁਤਲਾ ਫੂਕਦਿਆਂ ਅਗਨੀਪਥ ਸਕੀਮ ਵਾਪਸ ਲੈਣ ਲਈ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਦਰਸ਼ਨ ਸਿੰਘ ਉੱਗੋਕੇ,ਜਗਸੀਰ ਸਿੰਘ ਸੀਰਾ, ਮਲਕੀਤ ਸਿੰਘ ਮਹਿਲਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਮਨਪੑੀਤ ਕੌਰ ਰਾਹੀ, ਜਸਵੰਤ ਸਿੰਘ ਪੁੰਨਾਵਾਲ, ਮਨਜੀਤ ਰਾਜ, ਗੁਰਨਾਮ ਸਿੰਘ ਠੀਕਰੀਵਾਲਾ, ਸ਼ਿੰਗਾਰਾ ਸਿੰਘ ਛੀਨੀਵਾਲ ਕਲਾਂ, ਮੇਲਾ ਸਿੰਘ ਕੱਟੂ ਆਦਿ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਮੋਦੀ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਵਾਲੀ ਅਗਨੀ ਪਥ ਯੋਜਨਾ ਵਾਪਸ ਨਾ ਲੈਣ ਦੀ ਸੂਰਤ ਵਿੱਚ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ ਕੀਤਾ ਜਾਵੇਗਾ।