ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਪੂਰੇ ਦੇਸ਼ ਨੂੰ ਮਾਣ-ਕੈਪਟਨ ਅਮਰਿੰਦਰ ਸਿੰਘ
ਮਨਦੀਪ ਸਿੰਘ ਦਾ ਪਰਿਵਾਰ ਕਿਸੇ ਗੱਲ ਦੀ ਚਿੰਤਾ ਨਾ ਕਰੇ, ਦੁੱਖ ਦੀ ਘੜੀ 'ਚ ਪੰਜਾਬ ਸਰਕਾਰ ਤੇ ਉਹ ਖ਼ੁਦ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੇ ਹਨ-ਮੁੱਖ ਮੰਤਰੀ
ਸੀਲ/ਪਟਿਆਲਾ, 20 ਜੂਨ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਸਥਿਤ ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਅੱਜ ਸ਼ਾਮ ਫੋਨ 'ਤੇ ਵੀਡੀਓ ਕਾਲ ਰਾਹੀਂ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਫੋਨ 'ਤੇ ਇਹ ਵੀਡੀਓ ਕਾਲ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਪਿੰਡ ਸੀਲ ਵਿਖੇ ਪਰਿਵਾਰ ਕੋਲ ਜਾ ਕੇ ਕਰਵਾਈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਪੂਰੇ ਦੇਸ਼ ਨੂੰ ਮਾਣ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੀ ਮਾਤਾ ਸ੍ਰੀਮਤੀ ਸ਼ੰਕੁਤਲਾ ਕੌਰ ਨਾਲ ਅਫ਼ੋਸਸ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਟ 'ਥਰਡ ਮੀਡੀਅਮ ਆਰਟਲਰੀ' ਹਿੰਦੁਸਤਾਨ ਦੀ ਇੱਕ ਨੰਬਰ ਪਲਟਨ ਹੈ ਅਤੇ ਅਜਿਹੀ ਪਲਟਨ 'ਚ ਮਨਦੀਪ ਸਿੰਘ ਦਾ ਨਾਇਬ ਸੂਬੇਦਾਰ ਦੇ ਅਹੁਦੇ ਤੱਕ ਪੁੱਜਣਾ ਵੱਡੀ ਗੱਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਆਪਣੀ ਹਿੰਮਤ, ਦਲੇਰੀ ਅਤੇ ਮਿਹਨਤ ਨਾਲ ਪਲਟਨ 'ਚ ਬਹੁਤ ਨਾਮ ਕਮਾਇਆ ਸੀ ਅਤੇ ਉਹ ਇੱਕ ਬਹੁਤ ਹੀ ਵਧੀਆ ਅਫ਼ਸਰ ਸੀ।
ਸ਼ਹੀਦ ਦੀ ਪਤਨੀ ਸ੍ਰੀਮਤੀ ਗੁਰਦੀਪ ਕੌਰ ਨੇ ਆਪਣੇ ਪਤੀ ਦੀ ਬਹਾਦਰੀ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਨਿਹੱਥੇ ਹੋਣ ਦੇ ਬਾਵਜੂਦ ਦੁਸ਼ਮਣ ਦੀ ਫ਼ੌਜ ਦਾ ਡੱਟਕੇ ਟਾਕਰਾ ਕੀਤਾ, ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਤੋਂ ਪਤਾ ਲੱਗਿਆ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਬਹੁਤ ਹੀ ਦਲੇਰੀ ਦਿਖਾਈ ਅਤੇ ਸ਼ਹਾਦਤ ਦਾ ਜਾਮ ਪੀਤਾ, ਜਿਸ 'ਤੇ ਉਨ੍ਹਾਂ ਨੂੰ ਖ਼ੁਦ ਅਤੇ ਪੂਰੇ ਦੇਸ਼ ਨੂੰ ਉਸਦੀ ਸ਼ਹਾਦਤ 'ਤੇ ਫ਼ਖਰ ਹੈ।
ਸ੍ਰੀਮਤੀ ਗੁਰਦੀਪ ਕੌਰ ਵੱਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀਂ ਫ਼ਿਕਰ ਦਾ ਇਜ਼ਹਾਰ ਕਰਨ 'ਤੇ ਮੁੱਖ ਮੰਤਰੀ ਨੇ ਸ਼ਹੀਦ ਦੀ ਪਤਨੀ ਸਮੇਤ ਪੂਰੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਇਸ ਲਈ ਸ਼ਹੀਦ ਦਾ ਪਰਿਵਾਰ ਕਿਸੇ ਵੀ ਗੱਲ ਦੀ ਕੋਈ ਚਿੰਤਾ ਜਾਂ ਫ਼ਿਕਰ ਨਾ ਕਰੇ। ਸ਼ਹੀਦ ਦੇ ਪਰਿਵਾਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਹੀਦ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਦਿਨ ਸ਼ੁੱਕਰਵਾਰ ਨੂੰ ਪਿੰਡ ਸੀਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੀ ਪਤਨੀ ਵੱਲੋਂ ਆਪਣੀ ਯੋਗਤਾ ਐਮ.ਏ. ਇਤਿਹਾਸ ਦੱਸਣ 'ਤੇ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੇ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਨੌਕਰੀ ਤਾਂ ਜਰੂਰ ਦੇਵੇਗੀ ਹੀ ਸਗੋਂ ਜੇਕਰ ਕੋਈ ਹੋਰ ਮੁਸ਼ਕਿਲ ਹੋਵੇ ਤਾਂ ਉਸ ਲਈ ਵੀ ਸਰਕਾਰ ਉਨ੍ਹਾਂ ਦੇ ਨਾਲ ਹਰ ਪੱਖੋਂ ਸਹਿਯੋਗ ਕਰੇਗੀ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਮੁੱਖ ਮੰਤਰੀ ਨੂੰ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਇਆ ਅਤੇ ਸ਼ਹੀਦ ਦੀ ਪਤਨੀ ਲਈ ਨੌਕਰੀ ਦੀ ਮੰਗ ਰੱਖੀ।
ਇਸ ਮੌਕੇ ਸ਼ਹੀਦ ਦੇ ਦੋਵੇਂ ਬੱਚੇ ਬੇਟੀ ਮਹਿਕਪ੍ਰੀਤ ਕੌਰ, ਬੇਟਾ ਜੋਬਨਪ੍ਰੀਤ ਸਿੰਘ, ਚਚੇਰਾ ਭਰਾ ਕੈਪਟਨ (ਰਿਟਾ) ਨਿਰਮਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਗਗਨਦੀਪ ਸਿੰਘ ਜੌਲੀ ਜਲਾਲਪੁਰ ਸਮੇਤ ਸ਼ਹੀਦ ਦੀਆਂ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।