ਦਿਨੇਸ਼
ਗੁਰਦਾਸਪੁਰ, 09 ਜੂਨ 2020- ਕੋਰੋਨਾ ਵਾਇਰਸ ਨੂੰ ਲੈ ਕੇ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੇ ਮੌਜੂਦਾ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜ਼ਿਲ੍ਹੇ ਅੰਦਰ ਕੁੱਝ ਸਥਾਨਕ ਲੋਕਾਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਕਾਰਨ ਲੋਕਲ ਇਨਫੈਕਸ਼ਨ ਖ਼ਤਰਾ ਵਧਦਾ ਵਿਖਾਈ ਰਿਹਾ ਹੈ। ਫ਼ਿਲਹਾਲ ਜ਼ਿਲ੍ਹੇ ਭਰ ਵਿਖੇ ਕੁੱਲ ਮੌਜੂਦਾ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 17 ਤੱਕ ਪਹੁੰਚ ਚੁੱਕੀ ਹੈ। ਪਰ ਇਸ ਵਿੱਚ ਕੁੱਲ 4 ਲੋਕ ਹੀ ਅਜਿਹੇ ਹਨ ਜੋ ਲੋਕਲ ਪੱਧਰ ਤੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਕਿਉਂ ਕਿ ਬਾਕੀ ਦੇ ਸਾਰੇ ਮਰੀਜ਼ ਜਾਂ ਤਾਂ ਬਾਹਰੀ ਜ਼ਿਲ੍ਹਿਆਂ ਵਿਖੇ ਰਹਿ ਰਹੇ ਸਨ ਅਤੇ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਬਾਹਰੀ ਰਾਜਾਂ ਤੋਂ ਇਨਫੈਕਟ ਹੋ ਕੇ ਪਰਤੇ ਸਨ।
ਪਰ ਹੁਣ ਲੋਕਲ ਪੱਧਰ ਤੇ 4 ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਆਮ ਲੋਕਾਂ ਲਈ ਕੋਰੋਨਾ ਦਾ ਖ਼ਤਰਾ ਵਧਦਾ ਵਿਖਾਈ ਦੇ ਰਿਹਾ ਹੈ। ਕਿਉਂ ਕਿ ਇਹ ਚਾਰੇ ਕੇਸ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਦੀ ਘਣੀ ਅਬਾਦੀ ਨਾਲ ਸਬੰਧਿਤ ਹਨ। ਉੱਥੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਕ ਡਾਊਨ ਨੂੰ ਲੈ ਕੇ ਜ਼ਿਲ੍ਹੇ ਅੰਦਰ ਭਾਵੇਂ ਲੋੜ ਮੁਤਾਬਿਕ ਵੱਧ ਤੋਂ ਵੱਧ ਛੂਟ ਦਿੱਤੀ ਜਾ ਰਹੀ ਹੈ। ਪਰ ਆਮ ਲੋਕ ਆਪਸੀ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਬਿਨਾ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਤਾਂ ਜੋ ਇਸ ਨਾ ਮੁਰਾਦ ਬਿਮਾਰੀ ਨੂੰ ਹਰਾਇਆ ਜਾ ਸਕੇ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜ਼ਿਲ੍ਹੇ ਅੰਦਰ ਇਸ ਸਥਿਤੀ ਨਾਲ ਨਜਿੱਠਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸੇ ਵਿਸ਼ੇ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਮੌਜੂਦਾ ਸਮੇਂ ਦੌਰਾਨ ਜ਼ਿਲ੍ਹੇ ਅੰਦਰ ਕੁੱਲ 17 ਕੋਰੋਨਾ ਐਕਟਿਵ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਕੇਸਾਂ ਵਿਚੋਂ ਜ਼ਿਆਦਾਤਰ ਮਰੀਜ਼ ਬਾਹਰੀ ਸੂਬਿਆਂ ਅਤੇ ਵਿਦੇਸ਼ਾਂ ਨਾਲ ਸਬੰਧਿਤ ਹਨ। ਪਰ ਜ਼ਿਲ੍ਹੇ ਅੰਦਰ 4 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜੋ ਜ਼ਿਲ੍ਹੇ ਅੰਦਰ ਰਹਿਣ ਦੇ ਬਾਵਜੂਦ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਕੱਪੜਾ ਵਪਾਰੀ, ਬਟਾਲਾ ਸ਼ਹਿਰ ਦਾ ਲਿਫਾਫੇ ਵੇਚਣ ਦਾ ਕਾਰੋਬਾਰ ਕਰਨ ਵਾਲਾ ਅਤੇ ਧਾਰੀਵਾਲ ਦੇ ਸਫਾਈ ਕਰਮਚਾਰੀ ਦੀ ਰਿਪੋਰਟ ਪੋਜ਼ਟਿਵ ਆਉਣਾ। ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਕੋਰੋਨਾ ਵਾਇਰਸ ਜ਼ਿਲੇ ਵਿਚ ਫੈਲ ਰਿਹਾ ਹੈ। ਜਿਸ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਗੰਭੀਰ ਤੇ ਸੁਚੇਤ ਹੋਣ ਦੀ ਬੇਹੱਦ ਲੋੜ ਹੈ ।
ਉਨ੍ਹਾਂ ਦੱਸਿਆ ਕਿ ਇਹਨਾਂ 4 ਲੋਕਾਂ ਦੇ ਪੀੜਿਤ ਹੋਣ ਕਾਰਨ ਸਥਾਨਕ ਪੱਧਰ ਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਆਮ ਲੋਕ ਆਪਣਾ ਨੈਤਿਕ ਫਰਜ ਨਿਭਾਉਂਦਿਆਂ ਸਮਾਜਿਕ ਦੂਰੀ ਅਤੇ ਮਾਸਕ ਪਾ ਕੇ ਰੱਖਣ ਦੇ ਨਾਲ ਨਾਲ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਵਿੱਚ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਹਲਾਤਾਂ ਨਾਲ ਨਜਿੱਠਣ ਸਬੰਧੀ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ। ਜਿਨ੍ਹਾਂ ਅਧੀਨ ਕੁੱਲ 200 ਆਕਸੀਜਨ ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਹਨਾਂ ਆਕਸੀਜਨ ਬੈੱਡਾਂ ਵਿੱਚੋਂ 140 ਬੈੱਡ ਗੁਰਦਾਸਪੁਰ ਦੇ ਵੱਖ ਵੱਖ ਹਸਪਤਾਲਾਂ ਵਿਖੇ ਅਤੇ 60 ਬੈੱਡ ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਵਿਖੇ ਰੱਖੇ ਗਏ ਹਨ। ਉੱਥੇ ਹੀ ਸ਼ੱਕੀ ਮਰੀਜ਼ਾਂ ਲਈ 1500 ਬੈੱਡਾਂ ਦਾ ਇੰਤਜ਼ਾਮ ਕੀਤਾ ਜਾ ਚੁਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ 500 ਲੋਕਾਂ ਦੇ ਕੋਰੋਨਾ ਟੈੱਸਟ ਵੀ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੈਦਾ ਸੀਰੀਅਸ ਮਰੀਜ਼ਾਂ ਲਈ ਅੰਮ੍ਰਿਤਸਰ ਗੁਰੂ ਰਾਮਦਾਸ ਹਸਪਤਾਲ ਵਿਖੇ ਇੰਤਜ਼ਾਮ ਕੀਤਾ ਗਿਆ ਹੈ ਅਤੇ ਸਰਕਾਰੀ ਹਿਦਾਇਤਾਂ ਮੁਤਾਬਿਕ ਇਸ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਵਿਖੇ ਵੀ ਇਲਾਜ ਦੇ ਪੂਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਨਹੀਂ ਬਲਕਿ ਇਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਦੀ ਲੋੜ ਹੈ।