ਦੇਸ਼ 'ਚ ਨਵਾਂ ਇਤਿਹਾਸ ਸਿਰਜੇਗੀ ਕਿਸਾਨਾਂ ਦੀ ਮੁਜ਼ੱਫਰਨਗਰ ਕਿਸਾਨ ਮਹਾਂ-ਪੰਚਾਇਤ : ਬੁਰਜ਼ਗਿੱਲ
ਦੇਸ਼-ਭਰ ਤੋਂ ਲੱਖਾਂ ਕਿਸਾਨ ਪਹੁੰਚੇ, ਪੰਡਾਲ ਇੱਕ ਦਿਨ ਪਹਿਲਾਂ ਹੀ ਭਰਿਆ
ਦਿੱਲੀ, 5 ਸਤੰਬਰ , 2021: ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ(ਉੱਤਰ-ਪ੍ਰਦੇਸ਼) 'ਚ ਅੱਜ 5 ਸਤੰਬਰ ਨੂੰ ਕੀਤੀ ਜਾਣ ਵਾਲੀ ਮਹਾਂ-ਪੰਚਾਇਤ ਦੇਸ਼ 'ਚ ਨਵਾਂ ਇਤਿਹਾਸ ਸਿਰਜੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਮੁਜ਼ੱਫਰਨਗਰ ਲਈ ਰਵਾਨਾ ਹੋ ਗਏ ਹਨ। ਬੱਸਾਂ, ਕਾਰਾਂ, ਰੇਲ-ਗੱਡੀਆਂ ਸਮੇਤ ਵੱਖੋ-ਵੱਖਰੇ ਸਾਧਨਾਂ ਰਾਹੀਂ ਜਾਂਦੇ ਕਿਸਾਨਾਂ 'ਚ ਉਤਸ਼ਾਹ ਹੈ।
ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਬੈਠੇ ਹਨ। ਕੇਂਦਰ ਸਰਕਾਰ ਵੱਲੋਂ 11 ਦੌਰ ਦੀ ਗੱਲਬਾਤ ਦੇ ਦੌਰਾਨ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਕਿਸ ਤਰ੍ਹਾਂ ਕੇਂਦਰੀ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੀ ਪੂਰਤੀ ਕਰਦੇ ਹਨ, ਕਿਉਂਕਿ ਭੱਵਿਖ ਵਿੱਚ ਸਭ ਤੋਂ ਵੱਧ ਆਰਥਿਕ ਤੌਰ ਤੇ ਸੁਰੱਖਿਅਤ ਖੇਤਰ ਅਨਾਜ ਭੰਡਾਰ ਹੈ। ਇਸ ਲਈ ਜਿਸਦਾ ਅਨਾਜ ਭੰਡਾਰ ਤੇ ਕਬਜ਼ਾ ਹੋਵੇਗਾ, ਉਹੀ ਦੁਨੀਆਂ ਤੇ ਰਾਜ ਕਰੇਗਾ। ਦੁਨੀਆਂ ਭਰ ਦੇ ਕਾਰਪੋਰੇਟ ਘਰਾਣਿਆਂ ਨੇ ਪੂਰੇ ਸੰਸਾਰ ਵਿੱਚ ਉਹਨਾਂ ਦੇਸ਼ਾਂ ਵਿੱਚ ਵੱਡੇ ਪੱਧਰ ਉੱਤੇ ਜ਼ਮੀਨਾਂ ਨੂੰ ਖਰੀਦ ਲਿਆ ਹੈ । ਜਿਥੋਂ ਦੀਆਂ ਸਰਕਾਰਾਂ ਦੂਰ ਅੰਦੇਸ਼ੀ ਵਾਲੀਆਂ ਨਹੀ ਹਨ।
ਇਸੇ ਲੜੀ ਤਹਿਤ ਉਹਨਾਂ ਦੀ ਨਿਗ੍ਹਾ ਭਾਰਤ ਦੀ ਖੇਤੀ ਅਤੇ ਜ਼ਮੀਨ ਉਤੇ ਪੈ ਚੁੱਕੀ ਹੈ। ਇਸੇ ਕਰਕੇ ਭਾਰਤ ਸਰਕਾਰ ਨੇ ਜਦੋਂ ਕੇਂਦਰੀ ਖੇਤੀ ਕਾਨੂੰਨ ਲੈ ਕੇ ਆਂਦੇ ਤਾ ਦੇਸ਼ ਵਿਦੇਸ਼ ਦੇ ਕਾਰਪੋਰੇਟ ਪੱਖੀ ਘਰਾਣਿਆਂ ਨੇ ਇਸਦਾ ਸਵਾਗਤ ਕੀਤਾ। ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਨਾਲ ਖੜਨਾ ਚਾਹੀਦਾ ਹੈ ਅਤੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਬਰੇਕ ਲਗਾਉਣੀ ਚਾਹੀਦੀ ਹੈ।